ਬੁੱਧ ਰਾਮ ਬਾਂਸਲ, ਸਰਦੂਲਗੜ੍ਹ

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਬਲਾਕ ਸਰਦੂਲਗੜ੍ਹ ਦੀਆਂ ਟੀਮਾਂ ਵੱਲੋਂ ਅੱਜ ਪਿੰਡ ਸਰਦੂਲੇਵਾਲਾ, ਰਾਜਰਾਣਾ ਅਤੇ ਕਾਹਨੇਵਾਲਾ ਵਿਖੇ ਸੀਆਰਐਮ ਸਕੀਮ ਅਧੀਨ ਪਰਾਲੀ ਨੂੰ ਅੱਗ ਨਾ ਲਾਈਏ, ਵਾਤਾਵਰਣ ਨੂੰ ਬਚਾਈਏ ਉਦੇਸ਼ ਤਹਿਤ ਪਿੰਡ ਪੱਧਰ ਤੇ ਕਿਸਾਨ ਸਿਖਲਾਈ ਕੈਂਪ ਲਗਾਏ ਗਏ। ਖੇਤੀਬਾੜੀ ਵਿਕਾਸ ਅਫ਼ਸਰ ਸਰਦੂਲਗੜ੍ਹ ਡਾਕਟਰ ਗੁਰਿੰਦਰਜੀਤ ਸਿੰਘ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਅਪੀਲ ਕੀਤੀ ਕਿ ਇਸ ਵਾਰ ਪਰਾਲੀ ਦੇ ਨਾੜ ਨੂੰ ਬਿਨਾਂ ਅੱਗ ਲਗਾ ਕੇ ਕਣਕ ਦੀ ਬਿਜਾਈ ਕੀਤੀ ਜਾਵੇ ਕਿਉਂਕਿ ਇਸ ਨਾਲ ਵਾਤਾਵਰਣ ਪ੍ਰਦੂਸ਼ਿਤ ਹੋਣ ਦੇ ਨਾਲ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਘੱਟਦੀ ਹੈ। ਅੱਗ ਲਗਾਉਣ ਨਾਲ ਮਿੱਤਰ ਕੀੜੇ ਨਸ਼ਟ ਹੋ ਜਾਂਦੇ ਹਨ। ਖੇਤੀਬਾੜੀ ਵਿਕਾਸ ਅਫ਼ਸਰ ਸਰਦੂਲਗੜ੍ਹ ਡਾਕਟਰ ਸੁਲੇਖ ਅਮਨ ਕੁਮਾਰ ਨੇ ਕਿਸਾਨਾਂ ਨੂੰ ਅੱਗ ਲਗਾਏ ਬਿਨ੍ਹਾ ਕਣਕ ਦੀ ਬਿਜਾਈ ਕਰਨ ਵਾਲੀਆਂ ਮਸ਼ੀਨਾਂ ਅਤੇ ਮਸ਼ੀਨਾਂ ਤੇ ਮਿਲਣ ਵਾਲੀ ਸਬਸਿਡੀ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪਰਾਲੀ ਨੂੰ ਜ਼ਮੀਨ ਵਿੱਚ ਮਿਲਾਉਣ ਨਾਲ ਜਿੱਥੇ ਉਪਜਾਊ ਸ਼ਕਤੀ ਵਧੇਗੀ ਉਥੇ ਪ੍ਰਦੂਸ਼ਣ ਵੀ ਘੱਟੇਗਾ। ਉਨ੍ਹਾ ਦੱਸਿਆ ਕਿ ਕਿਸਾਨ ਝੋਨੇ ਦੀ ਕਟਾਈ ਸੁਪਰ ਐਸਐਮਐਸ ਵਾਲੀ ਕੰਬਾਈਨ ਤੋਂ ਹੀ ਕਰਵਾਉਣ ਤਾਂ ਜੋ ਸੁਪਰ ਸੀਡਰ ਜਾਂ ਹੈਪੀ ਸੀਡਰ ਰਾਹੀਂ ਕਣਕ ਦੀ ਬਿਜਾਈ ਸੋਖੇ ਤਰੀਕੇ ਨਾਲ ਹੋ ਸਕੇ। ਡਾ. ਅਮਰਿੰਦਰ ਸਿੰਘ ਬਲਾਕ ਤਕਨੀਕੀ ਮੈਨੇਜ਼ਰ ਵੱਲੋਂ ਪਿੰਡ ਕਾਹਨੇਵਾਲਾ ਵਿਖੇ ਕਿਸਾਨ ਸਿਖਲਾਈ ਕੈਂਪ ਦੌਰਾਨ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਬਾਰੇ ਤਕਨੀਕੀ ਜਾਣਕਾਰੀ ਦਿੱਤੀ ਅਤੇ ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਵਾਹੁਣ ਦੇ ਫ਼ਾਇਦਿਆਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਪ੍ਰਸ਼ਾਸਨ ਵੱਲੋਂ ਗਠਿਤ ਟੀਮਾਂ ਅਤੇ ਪਿੰਡਾਂ ਦੇ ਕਿਸਾਨ ਵੱਡੀ ਗਿਣਤੀ ਵਿੱਚ ਹਾਜ਼ਰ ਸਨ।