ਪੱਤਰ ਪ੍ਰਰੇਰਕ, ਚੰਡੀਗੜ੍ਹ : ਚੰਡੀਗੜ੍ਹ ਵੈੱਲਫੇਅਰ ਟਰੱਸਟ ਵੱਲੋਂ 24 ਸਤੰਬਰ ਨੂੰ ਸੈਕਟਰ 39, ਚੰਡੀਗੜ੍ਹ ਦੀ ਅਨਾਜ ਮੰਡੀ ਵਿਖੇ ਮੁਫਤ ਮੈਗਾ ਮਲਟੀ-ਸਪੈਸ਼ਲਿਟੀ ਹੈਲਥ ਕੈਂਪ ਲਾਇਆ ਜਾ ਰਿਹਾ ਹੈ। ਇਸ ਮੈਗਾ ਸਿਹਤ ਕੈਂਪ ਵਿੱਚ 26 ਮੈਡੀਕਲ ਐਸੋਸੀਏਸ਼ਨਾਂ ਤੇ ਹਸਪਤਾਲ ਸ਼ਾਮਲ ਹੋਣਗੇ।

ਸਵੇਰੇ 9:00 ਵਜੇ ਤੋਂ ਸ਼ਾਮ 5:00 ਵਜੇ ਤੱਕ ਚੱਲਣ ਵਾਲੇ ਇਸ ਮੈਗਾ ਹੈਲਥ ਕੈਂਪ ਦੌਰਾਨ ਕਈ ਤਰ੍ਹਾਂ ਦੇ ਹੈਲਥ ਚੈੱਕਅਪ ਕੈਂਪ ਅਤੇ ਨਕਲੀ ਅੰਗ ਫਿੱਟ ਕਰਨ ਦਾ ਕੈਂਪ ਲਗਾਇਆ ਜਾਵੇਗਾ। ਇਸ ਨਾਲ ਚੰਡੀਗੜ੍ਹ ਸ਼ਹਿਰ ਅਤੇ ਇਸ ਦੇ ਆਸ ਪਾਸ ਦੇ ਖੇਤਰਾਂ ਦੇ ਲੋੜਵੰਦ ਮਰੀਜ਼ਾਂ ਨੂੰ ਮਦਦ ਮਿਲੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਟਰੱਸਟ ਦੇ ਸੰਸਥਾਪਕ ਸਤਨਾਮ ਸਿੰਘ ਸੰਧੂ ਨੇ ਕੀਤਾ। ਉਨ੍ਹਾਂ ਦੱਸਿਆ ਕਿ ਕੈਂਪ ‘ਸੇਵਾ ਪਖਵਾੜਾ’ ਦਾ ਇਕ ਹਿੱਸਾ ਹੈ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ 73ਵੇਂ ਜਨਮ ਦਿਨ ਦੇ ਮੌਕੇ ‘ਤੇ 17 ਸਤੰਬਰ ਤੋਂ ਸ਼ੁਰੂ ਹੋਇਆ ਸੀ। ਸੰਧੂ ਨੇ ਦੱਸਿਆ ਕਿ ਕੈਂਪ ਲਈ ਰਜਿਸਟੇ੍ਸ਼ਨਾਂ ਪਹਿਲਾਂ ਹੀ ਸ਼ੁਰੂ ਹੋ ਚੁੱਕੀਆਂ ਹਨ ਅਤੇ ਹੁਣ ਤਕ ਭਰਵਾਂ ਹੁੰਗਾਰਾ ਮਿਲਿਆ ਹੈ। ਇਸ ਨੇਕ ਪਹਿਲਕਦਮੀ ਦਾ ਹਿੱਸਾ ਬਣਨ ਵਾਲੇ ਹਸਪਤਾਲ ਅਤੇ ਐਸੋਸੀਏਸ਼ਨਾਂ ਵਿੱਚ ਮੈਕਸ ਹੈਲਥਕੇਅਰ, ਰੋਟਰੀ ਕਲੱਬ ਚੰਡੀਗੜ੍ਹ, ਵਰਲਡ ਕੈਂਸਰ ਕੇਅਰ ਚੈਰੀਟੇਬਲ ਟਰੱਸਟ, ਇੰਡੀਅਨ ਮੈਡੀਕਲ ਐਸੋਸੀਏਸ਼ਨ, ਫੋਰਟਿਸ ਹਸਪਤਾਲ, ਦੇਸ਼ ਹਿੱਟ ਫਾਊਂਡੇਸ਼ਨ (ਡੀਐੱਚਐੱਫ਼), ਗਰੇਵਾਲ ਆਈ ਇੰਸਟੀਚਿਊਟ, ਸੰਗਮ ਨੇਤਰਾਲਿਆ ਅਤੇ ਹੋਰ ਸੰਸਥਾਵਾਂ ਭਾਈਵਾਲੀ ਕਰਨਗੀਆਂ।

ਮੈਗਾ ਹੈਲਥ ਕੈਂਪ ਦੇ ਵੇਰਵੇ ਦਿੰਦਿਆਂ ਸੀਡਬਲਿਊਟੀ ਦੇ ਸੰਸਥਾਪਕ ਸਤਨਾਮ ਸਿੰਘ ਸੰਧੂ ਨੇ ਦੱਸਿਆ ਕਿ ਕੈਂਪ ਵਿੱਚ 300 ਡਾਕਟਰ ਅਤੇ 800 ਪੈਰਾ ਮੈਡੀਕਲ ਸਟਾਫ਼ ਅਤੇ ਸੀਡਬਲਿਊਟੀ ਵਲੰਟੀਅਰ ਹਿੱਸਾ ਲੈਣਗੇ, ਜੋਕਿ ਲੋਕਾਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕਰਨਗੇ। ਉਨ੍ਹਾਂਦੱਸਿਆ ਕਿ ਮਲਟੀਸਪੈਸ਼ਲਿਟੀ ਮੈਗਾ ਹੈਲਥ ਕੈਂਪ ਦੌਰਾਨ ਵੱਖ-ਵੱਖ ਤਰ੍ਹਾਂ ਦੇ ਡਾਇਗਨੌਸਟਿਕ ਕੈਂਪ ਲਗਾਏ ਜਾਣਗੇ, ਜਿਸ ਵਿਚ ਕੈਂਸਰ ਅਤੇ ਇਸ ਦੇ ਲੱਛਣਾਂ ਬਾਰੇ ਨਾਗਰਿਕਾਂ ਨੂੰ ਜਾਣੂ ਕਰਵਾਉਣ ਲਈ ਕੈਂਸਰ ਸਕਰੀਨਿੰਗ ਕੈਂਪ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਕੈਂਪ ਦੌਰਾਨ ਜਨਰਲ ਮੈਡੀਕਲ ਚੈਕਅੱਪ, ਬਾਲ ਸਿਹਤ ਸੰਭਾਲ ਕੈਂਪ, ਦੰਦਾਂ ਦਾ ਚੈਕਅੱਪ ਕੈਂਪ, ਮਾਨਸਿਕ ਸਿਹਤ ਸਲਾਹ, ਅੱਖਾਂ ਦੀ ਜਾਂਚ ਕੈਂਪ, ਆਰਥੋਪੈਡਿਕਸ ਕੈਂਪ, ਗਾਇਨੀਕੋਲੋਜੀ ਕੈਂਪ, ਹੈਪੇਟਾਈਟਸ ਬੀ ਟੀਕਾਕਰਨ ਅਤੇ ਪਲਸ ਪੋਲੀਓ ਟੀਕਾਕਰਨ ਮੁਹਿੰਮ ਦਾ ਵੀ ਆਯੋਜਨ ਹੋਵੇਗਾ। ਸਤਨਾਮ ਸਿੰਘ ਸੰਧੂ ਨੇ ਇਹ ਵੀ ਦੱਸਿਆ ਕਿ ਕੈਂਪ ਵਿੱਚ 10 ਕੈਂਸਰ ਸਕਰੀਨਿੰਗ ਬੱਸਾਂ ਅਤੇ 3 ਅੱਖਾਂ ਦੀ ਜਾਂਚ ਕਰਨ ਵਾਲੀਆਂ ਬੱਸ ਤਾਇਨਾਤ ਕੀਤੀਆਂ ਜਾਣਗੀਆਂ। ਲੋਕਾਂ ਨੂੰ ਹੋਮਿਓਪੈਥਿਕ, ਐਲੋਪੈਥਿਕ ਅਤੇ ਆਯੁਰਵੈਦਿਕ ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾਣਗੀਆਂ।

ਇਸਤੋਂ ਇਲਾਵਾ ਸੀਡਬਲਯੂਟੀ ਰੋਟਰੀ ਕਲੱਬ ਚੰਡੀਗੜ੍ਹ ਸੈਂਟਰਲ ਅਤੇ ਰੋਟਰੀ ਕਲੱਬ ਪੂਨਾ ਡਾਊਨਟਾਊਨ ਦੇ ਸਹਿਯੋਗ ਨਾਲ ਨਕਲੀ ਲੱਤਾਂ ਵੰਡੇਗਾ ਅਤੇ ਰੋਟਰੀ ਕਲੱਬ ਚੰਡੀਗੜ੍ਹ ਸੈਂਟਰਲ ਅਤੇ ਰੋਟਰੀ ਕਲੱਬ ਨਿਊ ਕਲਿਆਣ ਮਹਾਰਾਸ਼ਟਰ ਦੇ ਸਹਿਯੋਗ ਨਾਲ ਨਕਲੀ ਬਾਹਾਂ ਵੰਡੀਆਂ ਜਾਣਗੀਆਂ। ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਚੰਡੀਗੜ੍ਹ ਵੈੱਲਫੇਅਰ ਟਰੱਸਟ ਸਿਟੀ ਬਿਊਟੀਫੁੱਲ ਦੇ ਲੋਕਾਂ ਦੀ ਸੇਵਾ ਕਰਨ ਅਤੇ ਉਨ੍ਹਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਵਚਨਬੱਧ ਹੈ ਅਤੇ ਇਹ ਮੈਗਾ ਹੈਲਥ ਕੈਂਪ ਦੇਸ਼ ਦੇ ਹਰ ਨਾਗਰਿਕ ਨੂੰ ਸਸਤੀ ਅਤੇ ਪਹੁੰਚਯੋਗ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੇ ਪ੍ਰਧਾਨ ਮੰਤਰੀ ਮੋਦੀ ਦੇ ਵਿਜ਼ਨ ਦੇ ਅਨੁਸਾਰ ਹੈ। ਚੰਡੀਗੜ੍ਹ ਦੇ ਨਾਗਰਿਕਾਂ ਲਈ ਬਿਹਤਰ ਅਤੇ ਸਿਹਤਮੰਦ ਭਵਿੱਖ ਬਣਾਉਣ ਲਈ ਸਾਡੀ ਵਚਨਬੱਧਤਾ ਦਾ ਹਿੱਸਾ ਹੈ।