
ਓਟਾਵਾ – ਮੇਅਰ ਬਰੈਂਡਾ ਲੌਕ ਜਬਰਨ ਵਸੂਲੀ ਸੰਕਟ ਨੂੰ ਹੱਲ ਕਰਨ ਲਈ ਵਾਧੂ ਸਹਾਇਤਾ ਵਾਸਤੇ ਦਬਾਅ ਪਾਉਣ ਲਈ ਇਸ ਹਫ਼ਤੇ ਓਟਾਵਾ ਵਿੱਚ ਹਨ। ਫੈਡਰਲ ਮੰਤਰੀਆਂ, ਸੀਨੀਅਰ ਅਧਿਕਾਰੀਆਂ ਅਤੇ ਮਿਉਂਸੀਪਲ ਨੇਤਾਵਾਂ ਨਾਲ ਉਨ੍ਹਾਂ ਦੀਆਂ ਮੁਲਾਕਾਤਾਂ ਦੌਰਾਨ, ਇਹ ਉਨ੍ਹਾਂ ਦੀ ਪਹਿਲੀ ਤਰਜੀਹ ਹੋਵੇਗੀ।
ਮੇਅਰ ਲੌਕ ਨੇ ਕਿਹਾ, “ ਫਿਰੌਤੀਆਂ ਦੇ ਸੰਕਟ ਨੇ ਪਰਿਵਾਰਾਂ ਨੂੰ ਤਬਾਹ ਕੀਤਾ ਹੈ, ਵਪਾਰਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ ਅਤੇ ਦੇਸ਼ ਭਰ ਦੀਆਂ ਕਮਿਊਨਿਟੀਆਂ ਵਿੱਚ ਡਰ ਦਾ ਮਾਹੌਲ ਪੈਦਾ ਕੀਤਾ ਹੈ। ਹਾਲਾਂਕਿ ਫੈਡਰਲ ਸਰਕਾਰ ਵੱਲੋਂ ਹਾਲ ਹੀ ਦੇ ਕਦਮ, ਜਿਵੇਂ ਕਿ 20 ਤੱਕ ਵਾਧੂ RCMP ਅਫ਼ਸਰਾਂ ਦੀ ਘੋਸ਼ਣਾ, ਹੌਸਲਾ ਦੇਣ ਵਾਲੇ ਹਨ, ਪਰ ਇਹ ਕਾਫ਼ੀ ਨਹੀਂ ਹਨ। ਹੋਰ ਬਹੁਤ ਕੁੱਝ ਕਰਨ ਦੀ ਲੋੜ ਹੈ। ਇਹ ਇੱਕ ਰਾਸ਼ਟਰੀ ਐਮਰਜੈਂਸੀ ਹੈ ਅਤੇ ਇਸ ਲਈ ਪੂਰੀ ਤਰਾਂ ਰਾਸ਼ਟਰੀ ਪੱਧਰ ਦੀ ਕਾਰਵਾਈ ਦੀ ਲੋੜ ਹੈ।”
ਮੇਅਰ ਕੈਨੇਡੀਅਨ ਨਾਗਰਿਕਾਂ ਖ਼ਿਲਾਫ਼ ਜਬਰ ਵਸੂਲੀ ਨਾਲ ਸੰਬੰਧਿਤ ਹਿੰਸਾ ਨਾਲ ਨਜਿੱਠਣ ਇੱਕ ਕਮਿਸ਼ਨਰ ਨਿਯੁਕਤ ਕਰਨ ਦੇ ਆਪਣੇ ਸੱਦੇ ਨੂੰ ਦੁਹਰਾਉਣਗੇ, ਜੋ ਹੇਠ ਲਿਖੇ ਮੁੱਖ ਕਦਮਾਂ ਨੂੰ ਲਾਗੂ ਕਰਨ ਦੀ ਨਿਗਰਾਨੀ ਕਰੇ:
• ਸਰੀ ਵਿੱਚ ਤੁਰੰਤ ਹੋਰ ਵਾਧੂ RCMP ਅਫਸਰਾਂ ਦੀ, ਫੈਡਰਲ ਆਰਗੇਨਾਈਜ਼ਡ ਕਰਾਈਮ ਯੂਨਿਟਾਂ ਅਤੇ ਇੰਟੈਲੀਜੈਂਸ ਸਰੋਤਾਂ ਦੀ ਤਾਇਨਾਤੀ;
• ਫੈਡਰਲ RCMP ਦੀ ਅਗਵਾਈ ਹੇਠ ਫੈਡਰਲ–ਸੂਬਾਈ–ਨਗਰ ਦੀ ਸਾਂਝੀ ਟਾਸਕ ਫੋਰਸ ਦੀ ਸਥਾਪਨਾ, ਜਿਸਨੂੰ ਜਬਰ ਵਸੂਲੀ ਨਾਲ ਸੰਬੰਧਿਤ ਹਿੰਸਾ ’ਤੇ ਤੁਰੰਤ ਕਾਰਵਾਈ ਕਰਨ ਦਾ ਅਧਿਕਾਰ ਹੋਵੇ;
• ਜਬਰ ਵਸੂਲੀ, ਹਥਿਆਰਾਂ ਨਾਲ ਸੰਬੰਧਿਤ ਅਪਰਾਧਾਂ ਜਾਂ ਜਬਰ ਵਸੂਲੀ ਨਾਲ ਜੁੜੀ ਅਪਰਾਧਿਕ ਗਤੀਵਿਧੀ ਵਿੱਚ ਸ਼ਾਮਿਲ ਹੋਣ ਦੇ ਦੋਸ਼ੀ ਜਾਂ ਦੋਸ਼ ਸਾਬਤ ਹੋਏ ਗੈਰ-ਨਾਗਰਿਕਾਂ ਦੀ ਤੇਜ਼ ਪ੍ਰਕਿਰਿਆ ਨਾਲ ਬਰਖ਼ਾਸਤਗੀ;
• ਕਾਨੂੰਨੀ ਖ਼ਾਮੀਆਂ ਦੀ ਸਮੀਖਿਆ ਅਤੇ ਅਪਰਾਧੀਆਂ ਦੀ ਗ੍ਰਿਫ਼ਤਾਰੀ, ਚਾਰਜ ਲਗਾਉਣ ਅਤੇ ਮੁਕੱਦਮਾ ਚਲਾਉਣ ਲਈ ਪੁਲਿਸ ਦੀ ਸਮਰੱਥਾ ਮਜ਼ਬੂਤ ਕਰਨ ਸੰਬੰਧੀ ਸਿਫ਼ਾਰਸ਼ਾਂ;
• ਜਬਰ ਵਸੂਲੀ ਨਾਲ ਸੰਬੰਧਿਤ ਗਤੀਵਿਧੀਆਂ ਦੀ ਗੰਭੀਰਤਾ ਅਤੇ ਸੰਕਟ ਨਾਲ ਨਜਿੱਠਣ ਵਿੱਚ ਹੋ ਰਹੀ ਪ੍ਰਗਤੀ ਬਾਰੇ ਹਰ ਤਿਮਾਹੀ ਜਨਤਕ ਰਿਪੋਰਟਿੰਗ ।
ਮੇਅਰ ਲੌਕ ਨੇ ਕਿਹਾ, “ਤਿੰਨ ਸਾਲਾਂ ਬਾਅਦ ਹੁਣ ਆਖ਼ਿਰਕਾਰ ਹੋਰ ਪੱਧਰਾਂ ਦੀਆਂ ਸਰਕਾਰਾਂ ਵਿੱਚ ਕੁੱਝ ਹਲਚਲ ਦਿਖਾਈ ਦੇ ਰਹੀ ਹੈ, ਪਰ ਸੰਕਟ ਅਜੇ ਵੀ ਖ਼ਤਮ ਨਹੀਂ ਹੋਇਆ। ਓਟਾਵਾ ਵਿੱਚ ਮੇਰਾ ਸੁਨੇਹਾ ਸਾਫ਼ ਹੈ ਕਿ ਅਸੀਂ ਸੰਗਠਿਤ ਅਪਰਾਧ ਨੂੰ ਸਾਡੇ ਸ਼ਹਿਰ ਦੇ ਨਿਵਾਸੀਆਂ ਅਤੇ ਵਪਾਰ ਮਾਲਕਾਂ ਨੂੰ ਧਮਕਾਉਂਦੇ ਰਹਿਣ ਦੀ ਇਜਾਜ਼ਤ ਨਹੀਂ ਦੇ ਸਕਦੇ। ਸਾਨੂੰ ਹੁਣ ਤੁਰੰਤ ਅਤੇ ਫ਼ੈਸਲਾਕੁਨ ਕਾਰਵਾਈ ਦੀ ਲੋੜ ਹੈ।
ਓਟਾਵਾ ਦੌਰੇ ਦੌਰਾਨ, ਮੇਅਰ ਲੌਕ ਬਿਗ ਸਿਟੀ ਮੇਅਰਜ਼ ਕਾਕਸ (Big City Mayors’ Caucus ) ਵਿੱਚ ਵੀ ਸ਼ਾਮਲ ਹੋਣਗੇ, ਜਿੱਥੇ ਕੈਨੇਡਾ ਦੇ ਸਭ ਤੋਂ ਵੱਡੇ ਸ਼ਹਿਰੀ ਕੇਂਦਰਾਂ ਦੇ ਨੇਤਾ ਰਾਸ਼ਟਰੀ ਚੁਣੌਤੀਆਂ ’ਤੇ ਚਰਚਾ ਕਰਦੇ ਹਨ, ਵਕਾਲਤ ਨੂੰ ਸਹਿਯੋਗੀ ਤਰੀਕੇ ਨਾਲ ਅੱਗੇ ਵਧਾਉਂਦੇ ਹਨ ਅਤੇ ਦੇਸ਼ ਭਰ ਦੀਆਂ ਨਗਰ ਪਾਲਿਕਾਵਾਂ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਦਿਆਂ ਲਈ ਹੱਲ ਸੁਝਾਉਂਦੇ ਹਨ।


