ਕੋਚੀ (ਏਜੰਸੀ) : ਕੇਰਲ ਹਾਈ ਕੋਰਟ ਨੇ ਤਲਾਕ ਦੇ ਮਾਮਲੇ ’ਚ ਫੈਮਿਲੀ ਕੋਰਟ ਦੇ ਹੁਕਮ ਦੀ ਆਲੋਚਨਾ ਕਰਦਿਆਂ ਕਿਹਾ ਕਿ ਔਰਤਾਂ ਆਪਣੀ ਮਾਂ ਤੇ ਸੱਸ ਦੀਆਂ ਗ਼ੁਲਾਮ ਨਹੀਂ ਹਨ। ਜਸਟਿਸ ਦੇਵਨ ਰਾਮਚੰਦਰਨ ਨੇ ਕਿਹਾ ਕਿ ਔਰਤ ਦੇ ਫ਼ੈਸਲੇ ਕਿਸੇ ਵੀ ਤਰ੍ਹਾਂ ਨਾਲ ‘ਘੱਟ’ ਨਹੀਂ ਹਨ। ਫੈਮਿਲੀ ਕੋਰਟ ਨੇ ਪਤਨੀ ਵੱਲੋਂ ਦਾਖ਼ਲ ਤਲਾਕ ਦੀ ਅਰਜ਼ੀ ਨੂੰ ਖ਼ਾਰਜ ਕਰ ਦਿੱਤਾ ਸੀ ਤੇ ਉਸ ਦੀ ਸ਼ਿਕਾਇਤਾਂ ਨੂੰ ਆਮ ਨਾਰਾਜ਼ਗੀ ਕਰਾਰ ਦਿੱਤਾ ਸੀ। ਇਸੇ ਹੁਕਮ ’ਚ ਧਿਰਾਂ (ਅਲੱਗ ਹੋਏ ਪਤੀ-ਪਤਨੀ) ਨੂੰ ਸਲਾਹ ਦਿੱਤੀ ਗਈ ਕਿ ਉਹ ਆਪਣੇ ਮਤਭੇਦਾਂ ਨੂੰ ਭੁਲਾ ਕੇ ਵਿਆਹੁਤਾ ਜੀਵਨ ਦੀ ਪਵਿੱਤਰਤਾ ਅਨੁਸਾਰ ਕੰਮ ਕਰੇ। ਹਾਈ ਕੋਰਟ ਨੇ ਫੈਮਿਲੀ ਕੋਰਟ ਦੇ ਹੁਕਮ ਨੂੰ ਪਿਤਰ ਸੱਤਾ ਦੇ ਹੱਕ ’ਚ ਫ਼ੈਸਲਾ ਕਰਾਰ ਦਿੱਤਾ। ਜੱਜ ਨੇ ਕਿਹਾ ਕਿ 2023 ’ਚ ਇਸ ਤਰ੍ਹਾਂ ਦੇ ਵਿਚਾਰ ਜਾਰੀ ਨਹੀਂ ਰਹਿਣਗੇ।

ਪਤੀ ਦੇ ਵਕੀਲ ਨੇ ਦੱਸਿਆ ਕਿ ਤ੍ਰਿਚੂਰ ਫੈਮਿਲੀ ਕੋਰਟ ਦੇ ਹੁਕਮ ’ਚ ਪਤਨੀ ਨੂੰ ਇਸ ਮੁੱਦੇ ’ਤੇ ਉਸ ਦੀ ਮਾਂ ਤੇ ਸੱਸ ਦੀ ਗੱਲ ਸੁਣਨ ਲਈ ਕਿਹਾ ਗਿਆ ਸੀ। ਹਾਈ ਕੋਰਟ ਨੇ ਕਿਹਾ ਕਿ ਕਿਸੇ ਔਰਤ ਦੇ ਫ਼ੈਸਲੇ ਨੂੰ ਉਸ ਦੀ ਮਾਂ ਜਾਂ ਉਸ ਦੀ ਸੱਸ ਦੇ ਫ਼ੈਸਲੇ ਤੋਂ ਘੱਟ ਨਹੀਂ ਮੰਨਿਆ ਜਾ ਸਕਦਾ। ਔਰਤਾਂ ਆਪਣੀ ਮਾਂ ਜਾਂ ਸੱਸ ਦੀਆਂ ਗ਼ੁਲਾਮ ਨਹੀਂ ਹਨ। ਜੱਜ ਨੇ ਪਤੀ ਦੇ ਵਕੀਲ ਦੀ ਇਸ ਦਲੀਲ ’ਤੇ ਵੀ ਇਤਰਾਜ਼ ਪ੍ਰਗਟਾਇਆ ਕਿ ਮੌਜੂਦਾ ਵਿਵਾਦ ਆਸਾਨੀ ਨਾਲ ਅਦਾਲਤ ਦੇ ਬਾਰ ਵੀ ਸੁਲਝਾਏ ਜਾ ਸਕਦੇ ਹਨ। ਜੱਜ ਨੇ ਕਿਹਾ ਕਿ ਉਹ ਅਦਾਲਤ ਦੇ ਬਾਹਰ ਸਮਝੌਤੇ ਦਾ ਨਿਰਦੇਸ਼ ਕੇਵਲ ਉਦੋਂ ਹੀ ਦੇ ਸਕਦੇ ਹਨ, ਜਦੋਂ ਔਰਤ ਵੀ ਅਜਿਹਾ ਕਰਨ ਦੀ ਇੱਛੁਕ ਹੋਵੇ।

ਜੱਜ ਨੇ ਕਿਹਾ ਕਿ ਔਰਤ ਦਾ ਆਪਣਾ ਦਿਮਾਗ਼ ਹੈ। ਕੀ ਤੁਸੀਂ ਉਸ ਨੂੰ ਵਿਚੋਲਗੀ ਲਈ ਮਜਬੂਰ ਕਰੋਗੇ? ਇਹੋ ਕਾਰਨ ਹੈ ਕਿ ਉਹ ਤਹਾਨੂੰ ਛੱਡਣ ਲਈ ਮਜਬੂਰ ਹੋਈ। ਚੰਗਾ ਵਿਵਹਾਰ ਕਰੋ। ਉਨ੍ਹਾਂ ਨੇ ਵੱਖ ਹੋ ਚੁੱਕੀ ਔਰਤ ਦੀ ਇਸ ਦਲੀਲ ਨੂੰ ਮਨਜ਼ੂਰੀ ਦੇ ਦਿੱਤੀ ਕਿ ਤਲਾਕ ਦੀ ਕਾਰਵਾਈ ਨੂੰ ਉਸ ਦੀ ਸਹੂਲਤ ਅਨੁਸਾਰ ਥਾਲਾਰਸੇਰੀ ਦੀ ਅਦਾਲਤ ’ਚ ਤਬਦੀਲ ਕੀਤਾ ਜਾ ਸਕਦਾ ਹੈ ਕਿਉਂਕਿ ਉਹ ਕੰਮਕਾਜੀ ਪੇਸ਼ੇਵਰ ਹੈ।