ਨਵੀਂ ਦਿੱਲੀ (ਪੀਟੀਆਈ) : ਨੀਤੀ ਆਯੋਗ ਦੇ ਡਿਪਟੀ ਚੇਅਰਮੈਨ ਸੁਮਨ ਬੇਰੀ ਨੇ ਵੀਰਵਾਰ ਨੂੰ ਕਿਹਾ ਹੈ ਕਿ ਭਾਰਤ ’ਚ ਅੱਠ ਫੀਸਦੀ ਦੀ ਦਰ ਨਾਲ ਵਾਧਾ ਕਰਨ ਦੀ ਸਮਰੱਥਾ ਹੈ, ਕਿਉਂਕਿ ਦੇਸ਼ ’ਚ ਵੱਡੀ ਗਿਣਤੀ ’ਚ ਕਿਰਤੀ ਹਨ ਤੇ ਕੰਮ-ਕਾਜ ਦੇ ਲਿਹਾਜ਼ ਨਾਲ ਸੰਸਥਾਗਤ ਪੱਧਰ ’ਤੇ ਉਹ ਪਰਪੱਕ ਹਨ।
ਬੇਰੀ ਨੇ ਆਗਾਹ ਕਰਦੇ ਹੋਏ ਕਿਹਾ ਕਿ ਭਾਰਤ ਦਾ ਉੱਤਰੀ ਰਵਾਇਤੀ ਤੌਰ ’ਤੇ ਭਾਰਤ ਦੇ ਦੱਖਣੀ ਹਿੱਸੇ ਤੋਂ ਬਿਹਤਰ ਪ੍ਰਦਰਸ਼ਨ ਨਹੀਂ ਕਰ ਰਿਹਾ ਤੇ ਇਸ ਨਾਲ ਰਾਜ ਵਿਵਸਥਾ ’ਚ ਤਣਾਅ ਪੈਦਾ ਹੋ ਸਕਦਾ ਹੈ।
ਜਾਣਕਾਰੀ ਅਨੁਸਾਰ ਇੰਡਸਟਰੀਅਲ ਸੰਗਠਨ ਸੀਆਈਆਈ ਤੇ ਵਿੱਤ ਮੰਤਰਾਲੇ ਵੱਲੋਂ ਕਰਵਾਏ ਸੰਸਾਰ ਆਰਥਿਕ ਨੀਤੀ ਮੰਚ 2023 ਵਿਚ ਬੇਰੀ ਨੇ ਕਿਹਾ, ਇਸ ਨਾਲ ਅੱਠ ਫ਼ੀਸਦੀ ਦਾ ਵਾਧਾ ਜਾਂ ਇਸ ਦੇ ਆਸ-ਪਾਸ ਰਹਿਣ ਦਾ ਮਤਲਬ ਨਿਰੰਤਰ ਪਰਿਵਰਤਨ ਹੈ ਜਿਸ ਨੂੰ ਸਿਆਸੀ ਤੌਰ ’ਤੇ ਵਿਵਸਥਤ ਕਰਨ ਦੀ ਲੋੜ ਹੈ।
ਬੇਰੀ ਦਾ ਮੰਨਣਾ ਹੈ ਕਿ ਭਾਰਤ ਦੀ ਆਧੁਨਿਕੀਕਰਨ ਯਾਤਰਾ ਗੈਰ-ਸਾਧਾਰਨ ਤੇ ਅਨੋਖੀ ਹੈ। ਉਨ੍ਹਾਂ ਕਿਹਾ ਕਿ ਜੇ ਮੈਂ ਅਗਲੇ 25 ਸਾਲਾਂ ਲਈ ਭਾਰਤ ’ਤੇ ਦਾਅ ਲਗਾਉਣਾ ਚਾਹਾਂਗਾ ਤਾਂ ਮੈਂ ਸਭ ਤੋਂ ਪਹਿਲਾਂ ਇਸ ਤੱਥ ’ਤੇ ਜ਼ੋਰ ਦਿਆਂਗਾ ਕਿ ਸਾਡੇ ਕੋਲ ਕਿਰਤੀਆਂ ਦੀ ਕਮੀ ਨਹੀਂ ਹੈ ਜਦਕਿ ਦੁਨੀਆ ’ਚ ਕਿਰਤੀਆਂ ਦੀ ਕਮੀ ਹੈ।
ਇਸ ਤੋਂ ਵੀ ਮਹੱਤਵਪੂਰਨ ਗੱਲ ਇਹ ਹੈ ਕਿ ਸਾਡੇ ਕੋਲ ਸੰਸਥਾਗਤ ਪਰਪੱਕਤਾ ਹੈ। ਬੇਰੀ ਨੇ ਕਿਹਾ ਕਿ ਭਾਰਤ ਵਰਗੇ ਦੇਸ਼ ’ਚ ਆਰਥਿਕ ਵਾਧਾ, ਬਰਾਬਰੀ ਲਈ ਇਕ ਜ਼ਰੂਰੀ ਕਾਰਕ ਹੈ। ਉਨ੍ਹਾਂ ਕਿਹਾ ਕਿ ਇਸ ਲਈ ਵਾਧਾ ਆਪਣੇ ਆਪ ਵਿਚ ਇਕ ਟੀਚਾ ਨਹੀਂ ਹੈ ਬਲਕਿ ਇਹ ਜੀਵਨ ਪੱਧਰ ਨੂੰ ਉੱਪਰ ਚੁੱਕਣ ਤੇ ਭਾਰਤ ਦੀ ਰਣਨੀਤਕ ਤੇ ਸੰਸਥਾਗਤ ਅਰਥਵਿਵਸਥਾ ਨੂੰ ਸੁਰੱਖਿਅਤ ਕਰਨ ਦਾ ਜ਼ਰੀਆ ਹੈ।


