ਸੁਨੀਲ ਕੁਮਾਰ ਭੱਟੀ, ਡੇਰਾਬੱਸੀ : ਇਥੋਂ ਦੇ ਨਜ਼ਦੀਕੀ ਪਿੰਡ ਮਹਿਮਦਪੁਰ ਵਿਖੇ ਇਕ ਕਿਸਾਨ ਤੇ ਬਿਜਲੀ ਡਿੱਗਣ ਕਾਰਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। ਮੌਤ ਦੀ ਖ਼ਬਰ ਸੁਣਦੇ ਹੀ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਮਾਮਲੇ ਦੀ ਤਫਤੀਸ਼ ਕਰ ਰਹੇ ਏਐੱਸਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਨਗਰ ਕੌਂਸਲ ਡੇਰਾਬੱਸੀ ਅਧੀਨ ਪੈਂਦੇ ਪਿੰਡ ਮਹਿਮਦਪੁਰ ਵਿਖੇ ਸਵੇਰੇ ਕਰੀਬ ਅੱਠ ਵਜੇ ਅਸਮਾਨੀ ਬਿਜਲੀ ਡਿੱਗਣ ਕਾਰਨ ਪਰਮਜੀਤ ਸਿੰਘ (44) ਪੁੱਤਰ ਕਿਰਪਾਲ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਅੱਜ ਸਵੇਰੇ ਪਈ ਬਰਸਾਤ ਦੌਰਾਨ ਆਪਣੇ ਖੇਤਾਂ ਵਿੱਚ ਝੋਨੇ ਚ ਪਾਣੀ ਦੇਖਣ ਗਿਆ ਸੀ। ਮ੍ਰਿਤਕ ਖੇਤੀਬਾੜੀ ਦਾ ਕੰਮ ਕਰਦਾ ਸੀ। ਪੁਲਿਸ ਨੇ ਸੂਚਨਾ ਮਿਲਣ ਤੋਂ ਬਾਅਦ ਲਾਸ਼ ਨੂੰ ਕਬਜ਼ੇ ਵਿੱਚ ਲੈਕੇ ਸਿਵਲ ਹਸਪਤਾਲ ਡੇਰਾਬੱਸੀ ਵਿਖੇ ਲਿਜਾਇਆ ਗਿਆ। ਉਨ੍ਹਾਂ ਦੱਸਿਆ ਕਿ ਮ੍ਰਿਤਕ ਆਪਣੇ ਪਿੱਛੇ ਪਤਨੀ, ਦੋ ਲੜਕੀਆਂ ਅਤੇ ਮੁੰਡਾ ਛੱਡ ਗਿਆ ਹੈ। ਮ੍ਰਿਤਕ ਦੀ ਮੌਤ ਦੀ ਖ਼ਬਰ ਸੁਣਦੇ ਹੀ ਸਾਰੇ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਦੱਸਣਯੋਗ ਹੈ ਕਿ ਅੱਜ ਮ੍ਰਿਤਕ ਦੇ ਵਿਆਹ ਦੀ 21ਵੀ ਵਰੇਗੰਢ ਸੀ। ਜਿਸ ਨੂੰ ਲੈਕੇ ਉਸ ਦੇ ਬੱਚਿਆਂ ਅਤੇ ਪਰਿਵਾਰ ਨੇ ਤਿਆਰੀ ਵੀ ਕੀਤੀ ਹੋਈ ਸੀ। ਗੌਰਤਲਬ ਹੈ ਕਿ ਮ੍ਰਿਤਕ ਪਹਿਲਾਂ ਰੋਜ਼ਾਨਾ ਦੀ ਤਰ੍ਹਾਂ ਛੇ ਵਜੇ ਖੇਤਾਂ ਵਿੱਚ ਗਿਆ ਸੀ ਪਰ ਜਦੋਂ 7 ਵਜੇ ਦੇ ਕਰੀਬ ਤੇਜ਼ ਬਰਸਾਤ ਪਈ ਤਾਂ ਮ੍ਰਿਤਕ ਆਪਣੇ ਖੇਤਾਂ ਵਿਚ ਲਾਏ ਝੋਨੇ ਦਾ ਪਾਣੀ ਦੇਖਣ ਲਈ ਗਿਆ ਸੀ। ਇਸੇ ਦੌਰਾਨ ਉਸ ਤੇ ਅਚਾਨਕ ਅਸਮਾਨੀ ਬਿਜਲੀ ਡਿੱਗ ਗਈ ਅਤੇ ਉਸ ਦੀ ਮੌਕੇ ਤੇ ਮੌਤ ਹੋ ਗਈ।