ਸੁੰਨ ਮੁੰਨਿ ਨਗਰੀ ਭਈ ਦੇਖਿ ਪੀਰ ਭਇਆ ਹੈਰਾਨਾ

ਹੈਂਅਅਅ ਆ ਕੀ… ਸਿੱਖਾਂ ਦਾ ਪੀਰ (ਗੁਰੂ) ਵੀ ਹੈਰਾਨ ਹੋ ਗਿਆ, ਜਦੋਂ ਉਸਨੇ ਇਹ ਦੇਖਿਆ ਕਿ ਉਸਦੀ ਹੋ ਰਹੀ ਸ਼ਰੇਆਮ ਬੇਅਦਬੀ ਤੇ ਉਸਨੂੰ ਗੁਰੂ ਮੰਨਣ ਵਾਲਿਆਂ ਦੇ ਵੀ ਨਗਰ ਵਿੱਚ ਸੁੰਨ ਸਾਨ ਪਈ ਹੋਈ ਹੈ, ਸੰਨਾਟਾ ਛਾਇਆ ਹੋਇਆ ਹੈ… ਹੈਂ ਕੋਈ ਵੀ ਬੋਲਦਾ ਨਹੀਂ!!!

ਪੀਰ ਸੋਚਦਾ… ਮੈਨੂੰ ਗੁਰੂ ਕਹਿਣ ਵਾਲੇ, ਮੇਰੇ ਹੀ ਲਿਖੇ ਨੂੰ ਪ੍ਰਚਾਰਣ ਵਾਲੇ, ਬਾਹਾਂ ਉੱਚੀਆਂ ਕਰਕੇ ਬੋਲਣ ਵਾਲੇ, ਨਮਸਤੰ ਹੋਰ ਕਿਤੇ ਕਰੀ ਜਾਂਦੇ ਹਨ!!! ਮੇਰੇ ਹੀ ਸਾਹਮਣੇ ਮੇਰੇ ਹੀ ਸ਼ਰੀਕ ਦੇ ਗੁਣ ਗਾਏ ਜਾ ਰਹੇ ਹਨ, ਉਸ ਦਾ ਆਸਣ ਉਸਦੇ ਬਰਾਬਰ ਲਾ ਦਿੱਤਾ ਗਿਆ ਹੈ, ਕੂੜ ਫਿਰਦੇ ਪ੍ਰਧਾਨ ਦੇਖੇ ਜਾ ਰਹੇ ਹਨ, ਇਲਤਿ ਕਾ ਨਾਉ ਚਉਧਰੀ ਪੂਰੀ ਟਾਹਰਾਂ ਮਾਰ ਰਿਹਾ ਹੈ… ਤੇ ਮੇਰੇ ਸਿੱਖ ਚੁੱਪ ਕਰੀ ਸੁਣੀ ਜਾਂਦੇ ਹਨ…. ਹੈਂਅਅਅ ਮੈਂ ਤਾਂ ਇਵੇਂ ਦੇ ਸਿੱਖ ਨਹੀਂ ਸੀ ਬਣਾਏ !

ਮੈਂ ਤਾਂ ਜਾਬਰ ਬਾਬਰ ਸਾਹਮਣੇ ਵੀ ਬਿਨਾਂ ਹਥਿਆਰ ਦੇ ਖੜ ਗਿਆ ਸੀ…

ਮੈਂ ਤਾਂ ਹੁਮਾਊਂ ਨੂੰ ਤਲਵਾਰ ਕਿੱਥੇ ਚੁਕਣੀ ਹੈ, ਉਸ ਦੇ ਮੂੰਹ ‘ਤੇ ਕਹਿ ਦਿੱਤਾ ਸੀ…

ਮੈਂ ਤਾਂ ਸੱਚ ਲਈ ਤੱਤੀ ਤਵੀ ‘ਤੇ ਬੈਠ ਗਿਆ ਸੀ…

ਮੈਂ ਮਨੁੱਖਤਾ ਲਈ ਆਪਣਾ ਸੀਸ ਵੀ ਦੇਣ ਤੋਂ ਪਿੱਛੇ ਨਹੀਂ ਸੀ ਹੱਟਿਆ…

ਮੈਂ ਤਾਂ ਆਪਣੇ ਬੱਚੇ ਤੱਕ ਵਾਰ ਦਿੱਤੇ…

ਮੈਂ ਤਾਂ ਇਨ੍ਹਾਂ ਨੂੰ ਅਕਾਲਪੁਰਖ ਨਾਲ ਸਿੱਧਾ ਜੋੜਿਆ ਸੀ, ਤੇ ਇਨ੍ਹਾਂ ਨੇ ਮੇਰਾ ਹੀ ਨਾਂ ਵਰਤ ਕੇ ਮੇਰਾ ਹੀ ਸ਼ਰੀਕ ਪੈਦਾ ਕਰਤਾ !!

ਮੇਰਾ ਸਿੱਖ ਕਦੇ ਵੀ ਕਿਸੇ ਜ਼ੁਲਮ ਤੋਂ ਡਰਿਆ ਨਹੀਂ… ਮੇਰੇ ਲਈ ਤਾਂ ਉਹ ਸ਼ਹੀਦ ਵੀ ਹੋਇਆ… ਆਪਣੇ ਮੁਰਸ਼ਦ ਤੋਂ ਜਾਨਾਂ ਵਾਰਣ ਵਾਲਾ ਸਿੱਖ, ਹੁਣ ਮੈਂਨੂੰ ਹੀ ਛੱਡ ਹੋਰ ਹੀ ਪਾਸੇ ਤੁਰ ਪਿਆ.. ਜਿਹੜੇ ਕਰਮਕਾਂਡਾਂ, ਪਖੰਡਾਂ, ਬਾਨਾਰਸੀ ਠੱਗਾਂ, ਦੇਵੀ ਦੇਵਤਿਆਂ ਤੋਂ ਇਨ੍ਹਾਂ ਦਾ ਖਹਿੜਾ ਛੁੜਾਇਆ ਸੀ, ਇਹ ਉਨ੍ਹਾਂ ‘ਚ ਫਿਰ ਫਸ ਗਏ, ਤੇ ਮੈਂਨੂੰ ਹੀ ਅਧੂਰਾ ਸਾਬਿਤ ਕਰਣ ਲੱਗ ਪਏ!!! ਹੈਂ… ਕਿੱਥੇ ਕਮੀ ਰਹਿ ਗਈ ਸੀ?

ਮੈਂ ਤਾਂ ਸੋਚਦਾ ਹਾਂ ਕਿ ਮੇਰਾ ਸਿੱਖ ਇਸ ਤਰ੍ਹਾਂ ਨਹੀਂ ਹੋ ਸਕਦਾ… ਉਹ ਕਿਸੇ ਧਰਮ ਦੇ ਠੇਕੇਦਾਰ ਦੇ ਅੱਗੇ ਈਨ ਨਹੀਂ ਮੰਨੇਗਾ, ਬਹੁਗਿਣਤੀ ਨੂੰ ਖੁਸ਼ ਕਰਣ ਲਈ ਉਹ ਕਿਤੇ ਹੋਰ ਨਮਸਤੰ ਨਹੀਂ ਕਰੇਗਾ, ਕਿਸੇ ਹੋਰ ਅੱਗੇ ਹਾਥ ਦੇ ਰੱਛਾ ਨਹੀਂ ਆਖੇਗਾ, ਉਹ ਕਦੀ ਵੀ ਸਰਮੁ ਧਰਮੁ ਛੁਪਦਿਆਂ ਦੇਖਕੇ ਕੂੜੁ ਪਰਧਾਨਾਂ ਅੱਗੇ ਪ੍ਰਚਾਰ ਕਰਣ ਲਈ ਸਮਝੌਤੇ ਨਹੀਂ ਕਰੇਗਾ, ਜੋ ਬੋਲੇਗਾ ਉਸ ‘ਤੇ ਖਰਾ ਉਤਰੇਗਾ… ਪਰ ਹੁਣ ਤਾਂ ਹਰ ਪਾਸੇ ਸੰਨਾਟਾ ਜਿਹਾ ਛਾਇਆ ਪਿਆ ਹੈ…

ਕੀ ਕੋਈ ਹੋਵੇਗਾ ਜਿਹੜਾ ਇਸ ਨੂੰ ਠੱਲ ਪਾਵੇਗਾ, ਕੀ ਮੇਰੀ ਸਿੱਖੀ ਦਾ ਵੀ ਭੋਗ ਪੈ ਜਾਵੇਗਾ ?

ਹੈ ਕੋਈ ਜੋ ਬੋਲੇਗਾ ???

ਬੋਲਿ ਸੁ ਧਰਮੀੜਿਆ ਮੋਨਿ ਕਤ ਧਾਰੀ ਰਾਮ ||- -: ਸੰਪਾਦਕ ਖ਼ਾਲਸਾ ਨਿਊਜ਼

Be the first to comment

Leave a Reply