ਵਿਅੰਗ: ਝਾੜਫੂਕ…

ਮਿੰਟੂ ਦੇ ਡੈਡੀ ਜੀ, ਮੇਰੀ ਗੱਲ ਜ਼ਰਾ ਧਿਆਨ ਨਾਲ ਸੁਣੋਂ…ਮਹੀਨਾ ਹੋ ਗਿਐ, ਥੋਨੂੰ ਵੀ ਪਤੈ ਕਿ ਮੇਰਾ ਟਾਈਫਾਈਡ ਖਹਿੜਾ ਹੀ ਨਹੀਂ ਛੱਡ ਰਿਹੈ…। ਅੱਜ ਆਪਣੀ ਗਵਾਂਢਣ ਜੀਤੋ ਆਈ ਸੀ ਤੇ ਉਹ ਮੈਨੂੰ ਬਿਮਾਰੀ ਦੇ ਇਲਾਜ ਲਈ ਇਕ ਨੇਕ ਸਲਾਹ ਦੇ ਕੇ ਗਈ ਐ… ਕਿ ਤੁਸੀਂ ਡਾਕਟਰੀ ਇਲਾਜ ਤੋਂ ਇਲਾਵਾ ਬਾਬੇ ਕੌਲੀ ਚੱਟ ਗੱਪੂ ਟੇਸ਼ਨ ਵਾਲੇ ਕੋਲੋਂ ਟਾਈਫਾਈਡ ਦਾ ਝਾੜਫੂਕ (ਹੱਥ ਹਥੋਲਾ) ਵੀ ਕਰਵਾ ਕੇ ਦੇਖੋ…, ਉਹਦਾ ਝਾੜਫੂਕ ਕਾਫੀ ਹੱਦ ਤੱਕ ਮਸ਼ਹੂਰ ਹੋ ਚੁਕਿਐ ਤੇ ਉਹਨੇ ਵੱਡੇ-ਵੱਡੇ ਡਾਕਟਰ ਵੀ ਫੇਲ੍ਹ ਕਰਕੇ ਰੱਖ ਦਿੱਤੇ ਨੇ। ਜੇ ਤੁਸੀਂ ਕਹੋ ਤਾਂ ਆਪਾਂ ਐਤਵਾਰ ਨੂੰ ਬਾਬੇ ਦੀ ਰਾਤ ਦੀ ਚੌਂਕੀ ਭਰਕੇ ਆਈਏ, ਨਾਲੇ ਆਪਾਂ ਨੂੰ ਟਾਈਮ ਸਿਰ ਜਾਣਾ ਪਊ, ਉੱਥੇ ਲੋਕਾਂ ਦੀ ਭੀੜ ਬਹੁਤ ਹੁੰਦੀ ਐ…।

ਹਾਏ… ਹਾਏ… ਜੀ ਮੈਂ ਮਰਗੀ…। ਮੇਰੀ ਜਾਨ ਗਈ… ਹਾਏ… ਮੇਰਾ ਦਿਲ ਘਟ ਗਿਐ…। ਜੀ ਤੁਸੀਂ ਤਾਂ ਮੇਰੀ ਜਾਨ ਹੀ ਕੱਢ ਕੇ ਰੱਖ ਦਿੱਤੀ। ਜੇਕਰ ਕੋਲ ਪਾਣੀ ਦਾ ਪ੍ਰਬੰਧ ਨਾ ਹੁੰਦਾ… ਤਾਂ ਅੱਜ ਆਪਣੀ ਰਾਮ ਕਹਾਣੀ ਖਤਮ ਹੋ ਜਾਣੀ ਸੀ, ਮੈਂ ਥੋਨੂੰ ਕਿਹਾ ਕੀ ਸੀ। ਉਲਟਾ ਤੁਸੀਂ ਮਜ਼ਾਕ-ਮਜ਼ਾਕ ‘ਚ ਮੈਨੂੰ ਲਗਾਤਾਰ ਅੱਖ ਦੇ ਇਸ਼ਾਰੇ…। ਗੁੱਝੀ ਸ਼ਰਾਰਤ… ਤੇ ਤਿੱਖੀਆ ਚੁੰਡੀਆਂ…। ਆਹ ਦੇਖੋ… ਜਿਹੜੀ ਤੁਸੀਂ ਚੂੰਡੀ ਵੱਢੀ ਐ, ਉਹਨੇ ਖੱਟੇ ਭਰਿੰਡ ਦੇ ਡੰਗ ਵਾਂਗ ਮੇਰੇ ਗਸ਼ੀ ਹੀ ਪਾ ਕੇ ਰੱਖ ਦਿੱਤੀ ਸੀ। ਤੇ ਨਾਲੇ ਉਹਨੇ ਮੇਰੀ ਗੋਰੀ-ਚਿੱਟੀ ਨਰਮ ਕਲਾਈ ‘ਤੇ ਕਿਵੇਂ ਕਾਲਾ-ਕਾਲਾ ਧੱਬਾ ਵੀ ਪਾ ਕੇ ਰੱਖ ਦਿੱਤੈ…।

ਉਏ ਭਲੀਏ ਮਾਣਸੇ…। ਇਹ ਕੋਈ ਮਜ਼ਾਕ ਨਹੀਂ ਸੀ। ਇਹ ਝਾੜਫੂਕ ਸਹਿਣ ਕਰਨ ਦੀ ਟ੍ਰੇਨਿੰਗ ਸੀ ਟਰੇਨਿੰਗ…।

ਪਰ ਪਤੀ ਜੀ, ਟ੍ਰੇਨਿੰਗ… ਉਹ ਕਿਵੇਂ…?

ਦੇਖ-ਸੁਣ… ਕਿ ਤੂੰ ਮੇਰੀ ਇਕ ਚੂੰਡੀ ਨਾਲ ਹੀ ਇੰਝ ਕਮਲਾ ਗਈ ਐਂ। ਜਿਵੇਂ ਡਾਲੀ ਨਾਲੋਂ ਤੋੜਨ ‘ਤੇ ਫੁੱਲ ਕਮਲਾ ਜਾਂਦੈ…। ਤੇ ਬਾਬੇ ਦੀ ਚੌਂਕੀ ਤੇ ਭਾਰੀ ਭੀੜ ਦੌਰਾਨ ਤੈਨੂੰ ਅਜਿਹੀਆਂ ਹਰਕਤਾਂ ਦਾ ਸਾਰੀ-ਸਾਰੀ ਰਾਤ ਵੀ ਸਾਹਮਣਾ ਕਰਨਾ ਪੈ ਸਕਦੈ…।ਸਾਧੂ ਰਾਮ ਲੰਗੇਆਣਾਂ

Be the first to comment

Leave a Reply