ਕੰਮ ਦੀ ਮਹੱਤਤਾ

ਬਲਦੇਵ ਸਿੱਧੂ

ਇੱਕ ਸੰਘਣੇ ਜੰਗਲ ਵਿੱਚ ਰੇਤਾ ਬਾਂਦਰ ਨਾਂ ਦਾ ਇੱਕ ਲੁਹਾਰ ਰਹਿੰਦਾ ਸੀ। ਇਹ ਉਸ ਦਾ ਪਿਤਾ-ਪੁਰਖੀ ਧੰਦਾ ਸੀ। ਉਹ ਤੀਰਾਂ, ਤਲਵਾਰਾਂ ਅਤੇ ਨੇਜ਼ੇ ਆਦਿ ਬਣਾਉਣ ਵਿੱਚ ਇੰਨਾ ਨਿਪੁੰਨ ਸੀ ਕਿ ਦੂਰ-ਦੂਰ ਤਕ ਉਸ ਦੀ ਮਸ਼ਹੂਰੀ ਹੋ ਗਈ। ਉਹ ਤੀਰ ਅਤੇ ਤਲਵਾਰ ਨੂੰ ਬਣਾਉਣ ਲਈ ਆਪਣਾ ਪੂਰਾ ਧਿਆਨ ਤੇ ਸ਼ਕਤੀ ਲਾ ਦਿੰਦਾ ਸੀ। ਉਸ ਦੇ ਕੀਤੇ ਕੰਮ ਉੱਤੇ ਕਿੰਤੂ-ਪ੍ਰੰਤੂ ਕਰਨਾ ਬਹੁਤ ਮੁਸ਼ਕਿਲ ਸੀ। ਮੰਨੇ-ਪ੍ਰਮੰਨੇ ਕਾਰੀਗਰ ਵੀ ਉਸ ਦੀ ਕਲਾ ਦਾ ਲੋਹਾ ਮੰਨਦੇ ਸਨ। ਇਸ ਕਰਕੇ ਦੂਰੋਂ-ਦੂਰੋਂ ਸੈਨਿਕ ਉਸ ਕੋਲ ਹਥਿਆਰ ਲੈਣ ਲਈ ਆਉਂਦੇ ਸਨ। ਰੇਤੇ ਵਿੱਚ ਇੱਕ ਖ਼ੂਬੀ ਇਹ ਵੀ ਸੀ ਕਿ ਜਦੋਂ ਤਕ ਕਿਸੇ ਹਥਿਆਰ ਬਾਰੇ ਪੂਰੀ ਤਸੱਲੀ ਨਾ ਹੋ ਜਾਂਦੀ, ਉਦੋਂ ਤਕ ਉਹ ਅਧੂਰਾ ਸਮਝਦਾ ਸੀ। ਉਹ ਰੋਜ਼ਾਨਾ ਸਵੇਰੇ ਜਲਦੀ ਜਾਗ ਪੈਂਦਾ ਤੇ ਆਪਣੀ ਪਤਨੀ ਤੋਂ ਖਾਣਾ ਬਣਵਾ ਕੇ ਲੈ ਜਾਂਦਾ। ਫਿਰ ਗਈ ਦੇਰ ਰਾਤ ਵਾਪਸ ਘਰ ਆਉਂਦਾ ਸੀ। ਈਮਾਨਦਾਰੀ ਅਤੇ ਲਗਨ ਸਦਕਾ ਉਸ ਦਾ ਵਪਾਰ ਬਹੁਤ ਵਧ ਗਿਆ ਸੀ। ਇਸ ਕਰਕੇ ਲੋਕਾਂ ਨੂੰ ਸਮੇਂ ਸਿਰ ਮਾਲ ਦੇਣ ਲਈ ਰੇਤੇ ਨੇ ਕੰਮ ਲਈ ਹੋਰ ਮਿਸਤਰੀ ਰੱਖੇ ਹੋਏ ਸਨ। ਉਹ ਵੀ ਇਸ ਕਲਾ ਵਿੱਚ ਪੂਰੇ ਮਾਹਿਰ ਸਨ। ਕੰਮ ਦੇ ਹਿਸਾਬ ਨਾਲ ਉਸ ਦੀ ਆਮਦਨ ਵੀ ਬਹੁਤ ਸੀ। ਆਪਣੀ ਆਮਦਨ ਦਾ ਬਹੁਤਾ ਹਿੱਸਾ ਲੋੜਵੰਦਾਂ ‘ਤੇ ਖ਼ਰਚ ਕਰ ਦਿੰਦਾ ਸੀ। ਉਸ ਦੇ ਬੇਸ਼ੱਕ ਦੋ ਛੋਟੇ-ਛੋਟੇ ਬੱਚੇ ਸਨ, ਪਰ ਫਿਰ ਵੀ ਉਹ ਦੋਵੇਂ ਪਤੀ ਪਤਨੀ ਸਾਰੇ ਬੱਚਿਆਂ ਨੂੰ ਆਪਣੀ ਸੰਤਾਨ ਹੀ ਸਮਝਦੇ ਸਨ।

ਸਾਰੇ ਜੰਗਲ ਵਾਸੀ ਉਸ ਦਾ ਬਹੁਤ ਸਤਿਕਾਰ ਕਰਦੇ ਸਨ। ਉਹ ਆਪਣੇ ਵਪਾਰ ਅਤੇ ਕਲਾ ਪ੍ਰਤੀ ਬਹੁਤ ਈਮਾਨਦਾਰ ਸੀ। ਉਸ ਦੀ ਰਾਜ ਦਰਬਾਰ ਵਿੱਚ ਵੀ ਕਾਫ਼ੀ ਇੱਜ਼ਤ ਸੀ। ਉਸ ਦੀ ਦੁਕਾਨ ਰਾਜ ਮਾਰਗ ਦੇ ਰਸਤੇ ‘ਤੇ ਪੈਂਦੀ ਸੀ।

ਇੱਕ ਦਿਨ ਦੀ ਗੱਲ ਹੈ ਕਿ ਜੰਗਲ ਦੇ ਰਾਜੇ ਦੀ ਸਵਾਰੀ ਬੜੀ ਧੂਮਧਾਮ ਨਾਲ ਨਿਕਲ ਰਹੀ ਸੀ। ਰਾਜੇ ਨਾਲ ਹਾਥੀ, ਘੋੜੇ ਤੇ ਹੋਰ ਲਾਮ ਲਸ਼ਕਰ ਦਾ ਕਾਫ਼ੀ ਵੱਡਾ ਕਾਫ਼ਲਾ ਸੀ। ਰਾਜਾ ਆਪ ਰੱਥ ‘ਤੇ ਸਵਾਰ ਸੀ ਤੇ ਸਾਰੇ ਉਸ ਦੀ ਜੈ-ਜੈਕਾਰ ਕਰਦੇ ਜਾ ਰਹੇ ਸਨ। ਰਾਜੇ ਦੀ ਸਵਾਰੀ ਅੱਗੇ ਨਿਕਲ ਗਈ ਤੇ ਵੀਰ ਹਿਰਨ ਨਾਂ ਦਾ ਸਿਪਾਹੀ ਪਿੱਛੇ ਰਹਿ ਗਿਆ। ਉਸ ਨੇ ਰੇਤੇ ਬਾਂਦਰ ਤੋਂ ਆ ਕੇ ਪੁੱਛਿਆ, ”ਕੀ ਇੱਥੋਂ ਆਪਣੇ ਮਹਾਰਾਜਾ ਦੀ ਸਵਾਰੀ ਲੰਘ ਗਈ ਹੈ?” ਰੇਤਾ ਆਪਣੇ ਕੰਮ ਵਿੱਚ ਇੰਨਾ ਮਸਤ ਸੀ ਕਿ ਉਸ ਨੇ ਸੈਨਿਕ ਦੀ ਗੱਲ ਵੱਲ ਕੋਈ ਧਿਆਨ ਨਾ ਦਿੱਤਾ। ਜਦੋਂ ਉਸ ਨੇ ਦੂਜੀ ਵਾਰ ਫਿਰ ਪੁੱਛਿਆ ਤਾਂ ਰੇਤੇ ਨੇ ਜਵਾਬ ਦਿੱਤਾ, ”ਮੈਂ ਆਪਣੇ ਕੰਮ ‘ਚ ਇੰਨਾ ਮਸਤ ਸੀ ਕਿ ਮੈਨੂੰ ਤਾਂ ਇਹ ਵੀ ਪਤਾ ਨਹੀਂ ਲੱਗਾ ਕਿ ਇੱਥੋਂ ਦੀ ਕੋਈ ਸਵਾਰੀ ਲੰਘੀ ਵੀ ਹੈ ਜਾਂ ਨਹੀਂ।”

ਬਾਂਦਰ ਦੀ ਗੱਲ ਸੁਣ ਕੇ ਸੈਨਿਕ ਹਿਰਨ ਹੈਰਾਨ ਰਹਿ ਗਿਆ। ਉਸ ਨੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ, ”ਤੁਹਾਡੇ ਦਰਾਂ ਕੋਲ ਦੀ ਮਹਾਰਾਜਾ ਦਾ ਪੂਰਾ ਕਾਫ਼ਲਾ ਲੰਘ ਗਿਆ ਹੋਵੇ ਤੇ ਤੁਹਾਨੂੰ ਪਤਾ ਹੀ ਨਾ ਲੱਗਾ! ਇਹ ਕਿਵੇਂ ਹੋ ਸਕਦਾ ਹੈ? ਤੁਸੀਂ ਮੈਨੂੰ ਗੂੰਗੇ-ਬੋਲੇ ਤੇ ਨੇਤਰਹੀਣ ਨਹੀਂ ਜਾਪਦੇ, ਫਿਰ ਕਿਸ ਤਰ੍ਹਾਂ ਪਤਾ ਨਾ ਲੱਗਾ?”

ਵੀਰੂ ਨੇ ਇਹ ਗੱਲਾਂ ਕਾਫ਼ੀ ਰੋਹਬ ਨਾਲ ਆਖੀਆਂ, ਪਰ ਬਾਂਦਰ ਨੇ ਇਨ੍ਹਾਂ ਦਾ ਜ਼ਰਾ ਵੀ ਬੁਰਾ ਨਾ ਮਨਾਇਆ। ਉਸ ਨੇ ਬੜੀ ਨਿਮਰਤਾ ਨਾਲ ਕਿਹਾ, ”ਮੇਰੇ ਦੋਸਤ, ਸਭ ਤੋਂ ਪਹਿਲਾਂ ਮੈਨੂੰ ਆਪਣਾ ਕੰਮ ਪਿਆਰਾ ਹੈ, ਹੋਰ ਗੱਲਾਂ ਬਾਅਦ ਵਿੱਚ ਹਨ। ਇਸ ਤੋਂ ਇਲਾਵਾ ਮੇਰਾ ਤੀਰਾਂ ਤੇ ਤਲਵਾਰਾਂ ਬਣਾਉਣ ਦਾ ਕੰਮ ਹੀ ਅਜਿਹੀ ਕਿਸਮ ਦਾ ਹੈ ਕਿ ਥੋੜ੍ਹੀ ਜਿਹੀ ਅਣਗਹਿਲੀ ਹੀ ਮੇਰੀ ਬਦਨਾਮੀ ਦਾ ਕਾਰਨ ਬਣ ਸਕਦੀ ਹੈ ਤੇ ਸਾਰਾ ਧੰਦਾ ਹੀ ਚੌਪਟ ਹੋਣ ਦਾ ਡਰ ਰਹਿੰਦਾ ਹੈ। ਕਿਸੇ ਕੰਮ ਵਿੱਚ ਸਫਲਤਾ ਪ੍ਰਾਪਤ ਕਰਨ ਲਈ ਲਗਨ ਤੇ ਮਨ ਦੀ ਇਕਾਗਰਤਾ ਦਾ ਹੋਣਾ ਲਾਜ਼ਮੀ ਹੈ। ਇਸ ਕਰਕੇ ਹੀ ਸਾਡਾ ਧਿਆਨ ਬਾਹਰ ਵੱਲ ਨਹੀਂ ਜਾਂਦਾ ਤੇ ਸਾਨੂੰ ਨਹੀਂ ਪਤਾ ਲੱਗਦਾ ਕਿ ਬਾਹਰਲੀ ਦੁਨੀਆਂ ਵਿੱਚ ਕੀ ਹੋ ਰਿਹਾ ਹੈ।” ਰੇਤੇ ਨੇ ਕੁਝ ਪਲ ਰੁਕ ਕੇ ਫਿਰ ਕਿਹਾ, ”ਹਿੰਮਤ ਹਮੇਸ਼ਾਂ ਸਫਲਤਾ ਨੂੰ ਚਾਰ ਚੰਨ ਲਾਉਂਦੀ ਹੈ। ਸਿਆਣੇ ਕਹਿੰਦੇ ਹਨ ਕਿ ਆਤਮ-ਵਿਸ਼ਵਾਸ, ਲਗਨ, ਸੱਚੀ ਕਮਾਈ ਤੇ ਸਮੇਂ ਦੀ ਕਦਰ ਕਰਨ ਨਾਲ ਵੱਡੀ ਤੋਂ ਵੱਡੀ ਮੁਸ਼ਕਿਲ ਵੀ ਆਪਣੇ ਆਪ ਹੱਲ ਹੋ ਜਾਂਦੀ ਹੈ। ਇਸ ਕਰਕੇ ਕੰਮ ਹੀ ਮੇਰੀ ਜ਼ਿੰਦਗੀ ਦਾ ਮੂਲ ਸਿਧਾਂਤ ਹੈ। ਮੇਰੇ ਲਈ ਸਭ ਤੋਂ ਵੱਡੀ ਪੂਜਾ ਹੈ।” ਰੇਤੇ ਦੀਆਂ ਗੱਲਾਂ ਦਾ ਵੀਰੂ ਸੈਨਿਕ ‘ਤੇ ਬਹੁਤ ਡੂੰਘਾ ਪ੍ਰਭਾਵ ਪਿਆ ਤੇ ਉਸ ਨੂੰ ਜ਼ਿੰਦਗੀ ਵਿੱਚ ਪਹਿਲੀ ਵਾਰ ਮਿਹਨਤ ਦੀ ਮਹੱਤਤਾ ਦਾ ਪਤਾ ਲੱਗਾ। ਉਹ ਵੀ ਆਪਣੇ ਫ਼ਰਜ਼ਾਂ ਪ੍ਰਤੀ ਸੁਚੇਤ ਹੁੰਦਾ ਹੋਇਆ ਬੜੀ ਤੇਜ਼ੀ ਨਾਲ ਆਪਣੇ ਕਾਫ਼ਲੇ ਦੀ ਭਾਲ ਲਈ ਤੁਰ ਪਿਆ।

Be the first to comment

Leave a Reply