ਕਹਾਣੀ: ਹੰਕਾਰੀ ਹਾਥੀ

ਇੱਕ ਜੰਗਲ ਵਿੱਚ ਕੋਈ ਵੀ ਸ਼ੇਰ ਨਹੀਂ ਸੀ ਪਰ ਉੱਥੇ ਇੱਕ ਬਹੁਤ ਵੱਡਾ ਤੇ ਹੰਕਾਰੀ ਹਾਥੀ ਰਹਿੰਦਾ ਸੀ ਜੋ ਹਰ ਰੋਜ਼ ਛੋਟੇ-ਛੋਟੇ ਜਾਨਵਰਾਂ ਤੇ ਪੰਛੀਆਂ ਨੂੰ ਮਾਰ ਦਿੰਦਾ ਸੀ। ਸਾਰੇ ਜਾਨਵਰ ਤੇ ਪੰਛੀ ਉਸ ਹਾਥੀ ਤੋਂ ਬਹੁਤ ਹੀ ਦੁਖੀ ਸਨ।

ਇੱਕ ਦਿਨ ਸਾਰੇ ਜਾਨਵਰ ਤੇ ਪੰਛੀ ਇਕੱਠੇ ਹੋਏ ਅਤੇ ਸੋਚਣ ਲੱਗੇ ਕਿ ਕਿਸੇ ਨਾ ਕਿਸੇ ਤਰ੍ਹਾਂ ਇਸ ਹਾਥੀ ਨੂੰ ਇਸ ਜੰਗਲ ਵਿੱਚੋਂ ਕੱਢ ਦਿੱਤਾ ਜਾਵੇ ਜਾਂ ਮਾਰ ਦਿੱਤਾ ਜਾਵੇ। ਕਈ ਵਿਚਾਰਾਂ ਹੋਈਆਂ ਪਰ ਕੋਈ ਵੀ ਸਿਰੇ ਨਾ ਚੜ੍ਹ ਸਕੀ। ਆਖਿਰ ਨੂੰ ਇੱਕ ਬੁੱਢਾ ਅਤੇ ਸਿਆਣਾ ਭਾਲੂ ਉੱਠਿਆ ਅਤੇ ਕਹਿਣ ਲੱਗਾ, ”ਸਾਥੀਓ, ਤੁਸੀਂ ਇਹ ਸਾਰਾ ਕੰਮ ਮੇਰੇ ‘ਤੇ ਛੱਡ ਦਿਓ। ਮੈਂ ਇਸ ਜ਼ਾਲਮ ਹਾਥੀ ਨੂੰ ਮਾਰਨ ਦੀ ਕੋਸ਼ਿਸ਼ ਕਰਾਂਗਾ।”
ਇਹ ਕਹਿੰਦਿਆਂ ਉਸ ਨੇ ਸਭ ਨੂੰ ਹੌਸਲਾ ਦਿੱਤਾ ਅਤੇ ਬਚਾਓ ਦੀ ਤਰਕੀਬ ਵੀ ਦੱਸੀ,”ਅਸੀਂ ਇੱਥੇ ਇੱਕ ਵੱਡਾ ਅਤੇ ਡੂੰਘਾ ਟੋਆ ਪੁੱਟ ਲੈਂਦੇ ਹਾਂ ਅਤੇ ਉਸ ਟੋਏ ‘ਤੇ ਕੱਖਾਂ-ਕਾਨਿਆਂ ਦੀ ਛੱਤ ਪਾ ਕੇ ਉਸ ਉੱਤੇ ਫੁੱਲ ਆਦਿ ਰੱਖ ਦਿੰਦੇ ਹਾਂ। ਤੁਸੀਂ ਸਾਰੇ ਇਸ

ਟੋਏ ਦੇ ਆਲੇ-ਦੁਆਲੇ ਬੈਠ ਜਾਣਾ, ਬਾਕੀ ਸਾਰਾ ਕੰਮ ਮੈਂ ਖ਼ੁਦ ਕਰਾਂਗਾ।”

ਸਾਰੇ ਜਾਨਵਰ ਅਤੇ ਪੰਛੀ ਇਸ ਕੰਮ ਲਈ ਤਿਆਰ ਹੋ ਗਏ। ਸਿਆਣਾ ਭਾਲੂ ਉਸ ਹਾਥੀ ਕੋਲ ਗਿਆ ਅਤੇ ਨਮਸਕਾਰ ਕਰਕੇ ਕਹਿਣ ਲੱਗਾ, ”ਹਾਥੀ ਮਹਾਰਾਜ, ਤਾਕਤ ਦੇ ਭੰਡਾਰ! ਇਸ ਜੰਗਲ ਦਾ ਕੋਈ ਵੀ ਰਾਜਾ ਨਹੀਂ ਹੈ। ਇਸ ਲਈ ਅਸੀਂ ਸਾਰਿਆਂ ਨੇ ਮਿਲ ਕੇ ਇਹ ਫ਼ੈਸਲਾ ਕੀਤਾ ਹੈ ਕਿ ਇਸ ਜੰਗਲ ਦਾ ਕੋਈ ਬਾਦਸ਼ਾਹ ਹੋਵੇ, ਜੋ ਬੜਾ ਸਿਆਣਾ, ਭਲਾ-ਪੁਰਸ਼ ਤੇ ਤਾਕਤਵਰ ਹੋਵੇ। ਸਾਰਿਆਂ ਨੇ ਆਪਸੀ ਸਹਿਮਤੀ ਨਾਲ ਤੁਹਾਨੂੰ ਇਸ ਜੰਗਲ ਦਾ ਰਾਜਾ ਚੁਣਿਆ ਹੈ। ਇਸ ਲਈ ਅੱਜ ਤੋਂ ਤੁਸੀਂ ਸਾਡੇ ਰਾਜਾ ਹੋ। ਤੁਹਾਡੇ ਰਾਜ ਤਿਲਕ ਲਈ ਸਾਰੇ ਤੁਹਾਡਾ ਇੰਤਜ਼ਾਰ ਕਰ ਰਹੇ ਹਨ। ਤੁਸੀਂ ਮੇਰੇ ਨਾਲ ਚੱਲੋ।”
ਇਹ ਸੁਣ ਕੇ ਹਾਥੀ ਖ਼ੁਸ਼ਾਮਦ ਵਿੱਚ ਆ ਗਿਆ ਅਤੇ ਬੁੱਢੇ ਭਾਲੂ ਨਾਲ ਤੁਰ ਪਿਆ। ਜਦੋਂ ਉਸ ਨੇ ਬਹੁਤ ਸਾਰੇ ਜਾਨਵਰ ਅਤੇ ਪੰਛੀ ਇੱਕ ਥਾਂ ਇਕੱਠੇ ਹੋਏ ਦੇਖੇ ਤਾਂ ਉਹ ਬਹੁਤ ਖ਼ੁਸ਼ ਹੋਇਆ ਪਰ ਜਦੋਂ ਉਹ ਰਾਜਗੱਦੀ ‘ਤੇ ਬੈਠਣ ਲੱਗਾ ਤਾਂ ਧੜੰਮ ਕਰਕੇ ਡੂੰਘੇ ਟੋਏ ਵਿੱਚ ਜਾ ਡਿੱਗਿਆ ਅਤੇ ਚਿੰਘਾੜਾਂ ਮਾਰਨ ਲੱਗਿਆ ਪਰ ਹੁਣ ਕੀ ਹੋ ਸਕਦਾ ਸੀ? ਹੰਕਾਰੀ ਹਾਥੀ ਉਸ ਟੋਏ ਵਿੱਚ ਹੀ ਮਰ ਗਿਆ। ਉਸ ਤੋਂ ਬਾਅਦ ਸਾਰੇ ਜਾਨਵਰਾਂ ਅਤੇ ਪੰਛੀਆਂ ਨੇ ਸਿਆਣੇ ਭਾਲੂ ਨੂੰ ਆਪਣਾ ਨੇਤਾ ਮੰਨ ਲਿਆ ਅਤੇ ਖ਼ੁਸ਼ੀ-ਖ਼ੁਸ਼ੀ ਰਹਿਣ ਲੱਗ ਪਏ।

Be the first to comment

Leave a Reply