vah vah mere sai meharvaan

ਵਾਹ! ਵਾਹ! ਮੇਰੇ ਸਾਈਂ ਮਿਹਰਵਾਨ|
ਤੇਰੀ ਰਜ਼ਾ ਤੋਂ ਮੈ ਕੁਰਬਾਨ ||
ਅਜਬ ਰੰਗ,ਤੇਰੇ ਸੰਸਾਰ ਦੇ |
ਤੇਰੇ ਚੋਜਾਂ ਕੀਤਾ, ਮੈਨੂੰ ਹੈਰਾਨ||
ਕਿਸੇ ਨੂੰ, ਵਖਾਲੇ ਤੂੰ ਦੁਨੀਆਂ|
ਕਿਧਰੇ,ਗਰਭ ਹੀ ਬਣੇ ਸ਼ਮਸ਼ਾਨ ||
ਕੋਈ ਰੁਲਦਾ, ਖੁੱਲੇ ਅਸਮਾਨਾਂ ਥੱਲੇ |
ਕਿਸੇ ਨੂੰ ਮਿਲਦੇ, ਕਈ ਮਕਾਨ ||
ਕਿਧਰੇ ਮਿਲੇ ਨਾ, ਇੱਕ ਗ੍ਰਾਹੀ |
ਕੋਈ ਖਾਵੇ ਨਿੱਤ ਨਵੇਂ ਪਕਵਾਨ||
ਕੋਈ ਲੁੱਟਦਾ, ਕੋਈ ਦੇਵੇ ਦਾਨ|
ਕੋਈ ਬਣੇ ਦੇਵਤਾ,ਕੋਈ ਸ਼ੈਤਾਨ ||

ਕੋਈ,ਜ਼ਿੰਦਗੀ ਤੋਂ ਹੈ ਦੌੜਦਾ|
ਕੋਈ, ਗ੍ਰਹਿਸਤੀ ਵੀ ਮਨ ਹੋੜਦਾ||
ਮੰਜ਼ਿਲ ਨੇੜੇ ਜਦ ਹੈ ਡੋਲਦਾ |
ਸਵਾਦ ਵੱਖਰਾ, ਇਸ ਘੋਲ ਦਾ ||
ਕੋਈ ਉਮਰ ਭਰ, ਹੱਡ ਰੋਲਦਾ |
ਕੋਈ ਵਿਹਲੜ, ਡੱਕਾ ਨਾ ਤੋੜਦਾ ||
ਕੋਈ ,ਸੱਤ ਪੁਸ਼ਤਾਂ ਲਈ ਜੋੜਦਾ |
ਚਾਹੇ ਹੋਵੇ ਯਮ, ਹੱਥ ਮਰੋੜਦਾ ||
ਚਤੁਰਾਈਆਂ ਦਾ ਅਸਰ ਨਾ ਕੋਈ |
ਤਾਂਹੀਓ ਤੂੰ ਕਦੀ ਨਹੀ ਬਹੁੜਦਾ||
ਨਿਮਾਣੇ ਹੋ ਕੇ ਢਹਿ ਪਈਏ|
ਤਾਂ, ਖ਼ਾਲੀ ਵੀ ਨਹੀਉ ਮੋੜਦਾ||

ਕਿਧਰੇ, ਸਾਧ ਸੰਗਤ ਹੈ ਮਿਲਦੀ |
ਪਹਾੜ ਬਣੇ ਕਦੀ, ਸਿਲ ਹੀ ||
ਕਿਧਰੇ, ਸੁੱਖਾਂ ਦੀ ਸਵੇਰ ਖਿਲਦੀ|
ਕਿਧਰੇ ,ਦੁੱਖਾਂ ਦੀ ਹਨੇਰੀ ਝੁੱਲਦੀ ||
ਕਿਧਰੇ,ਗਿਆਨ ਦੀ ਲੋਅ ਜਗਦੀ |
ਕਿਧਰੇ, ਅਕਲ ਗੰਢ ਨਹੀ ਖੁੱਲਦੀ ||
ਕਿਧਰੇ ਪਲੇ ਨਾ, ਬਹੁਤੀ ਔਲਾਦ |
ਕਿਸੇ ਨੂੰ, ਇੱਕ ਨਾ ਜੁੜਦੀ ||
ਕਿਧਰੇ ਨਿਭੇ, “ਪ੍ਰੀਤ” ਤੋੜ ਤਕ |
ਕੋਈ ਸੱਸੀ ਥਲਾਂ’ਚ ਰੁਲਦੀ||
ਕਿਧਰੇ ਹੁੰਦੇ ਮੁਆਫ, ਹਜ਼ਾਰਾਂ ਗੁਨਾਹ|
ਸੂਲੀ ਚਾੜੇ ਕਦੀ,ਇੱਕ ਭੁੱਲ ਹੀ ||

ਕੋਈ ਕਰੇ ਵਪਾਰ, ਸੱਚ ਦਾ|
ਕੋਈ ਹੈ ਹੱਕ ਪਰਾਇਆ ਰੱਖਦਾ||
ਕੋਈ, ਤੇਰੀ ਖ਼ਲਕਤ ਨੂੰ ਪਿਆਰਦਾ|
ਕੋਈ ਦੁਖੀਆਂ ਨੂੰ ਵੀ, ਦੁਤਕਾਰਦਾ||
ਕਿਸੇ ਲੱਭਿਆ ਰਾਹ, ਸਤਿਕਾਰ ਦਾ |
ਗੁਰੂ ਨਾਲ ਕੀਤੇ,ਇਕਰਾਰ ਦਾ||
ਕੋਈ,ਘੜੀ ਪਲ ਨਾ ਵਿਸਾਰਦਾ|
ਕੋਈ,ਉਮਰ ਭਰ ਨਾ ਚਿਤਾਰਦਾ||
ਕੋਈ ਮੰਨੇ ਭਾਣਾ, ਕਰਤਾਰ ਦਾ|
ਸਦੜਾ ਸੁਣੇ, ਸੋਹਣੇ ਯਾਰ ਦਾ||
ਕੋਈ ਆਖੇ, ਕੀ ਜਾਵੇ ਤੇਰਾ|
ਚੱਲੇ ਹੁਕਮ,ਤੇਰੀ ਸਰਕਾਰ ਦਾ||

ਕੋਈ ਕਹੇ ਅੱਲਾਹ,ਕੋਈ ਭਗਵਾਨ|
ਕੋਈ ਪੜ੍ਹੇ ਗੀਤਾ,ਕੋਈ ਕੁਰਾਨ ||
ਕਿਧਰੇ ਚੜ੍ਹੀ ਖੁਮਾਰੀ,ਨਾਮ ਦੀ |
ਕੋਈ ਨਸ਼ਿਆਂ’ਚ ਹੈ ਗ਼ਲਤਾਨ ||
ਕਰਮ ਕਾਂਡ ਤੇ ਕੂੜ ਪ੍ਰਧਾਨ|
ਵਿਰਲਾ ਜਾਣੇ,ਅੰਮ੍ਰਿਤ ਨਾਮ ਨਿਧਾਨ||
ਧਰਮ ਦੀ, ਨਿੱਤ ਨਵੀਂ ਦੁਕਾਨ|
ਸ਼ੁੱਭ ਅਮਲਾਂ ਬਾਝੋਂ,ਨਹੀ ਪ੍ਰਵਾਨ||
ਮੇਰਾ ਰਹੇ ਦੀਨ,ਤੇਰਾ ਇਮਾਨ|
ਗੱਲ ਇਹੋ, ਸਾਂਝੀ ਸਗਲ ਜਹਾਨ||
ਹੋਰ ਕਿ ਲਿਖੇ ਨਿਮਾਣਾ ਇਨਸਾਨ|
ਵਾਹ! ਵਾਹ! ਮੇਰੇ ਸਾਈਂ ਮਿਹਰਵਾਨ||

Be the first to comment

Leave a Reply