ਅੱਕਿਆ ਜੱਟ – By ਗੁਰਮੀਤ ਸਿੰਘ ਬਰਸਾਲ (ਕੈਲੈਫੋਰਨੀਆਂ)

ਅੱਕਿਆ ੱਵਾ ਜੱਟ ਸਲਫਾਸ ਖਾ ਗਿਆ ।।
ਘੁੰਡੀਆਂ ੱਚੋਂ ਵਾਰ ਵਾਰ ਦਾਣੇ ਛਾਣਕੇ ।
ਤੂੜੀ ਵਾਲੇ ਖੇਤ ਪੱਕੀ ਰਾਖੀ ਠਾਣਕੇ ।
ਦਾਣੇ ਲੈਕੇ ਜੱਟ ਜਦੋਂ ਮੰਡੀ ਆ ਗਿਆ ।
ਆੜਤੀਆ ਜਾਣੇ ਮਿਥ ਬੋਲੀ ਲਾ ਗਿਆ ।
ਆਫਤਾਂ ੱਚ ਫਸਲ ਜੋ ਪਾਲੀ ਜੱਟ ਨੇ ।
ਪਿਛਲੇ ਹਿਸਾਬਾਂ ੱਚ ਗਵਾਲੀ ਜੱਟ ਨੇ ।
ਲੋੜਾਂ ਵਾਲੀ ਪਰਚੀ ਜੋ ਘਰੋਂ ਆਈ ਸੀ ।
ਹਰ ਸਾਲ ਵਾਂਗੂ ਜਾਣਕੇ ਗਵਾਈ ਸੀ ।
ਭੁੱਖੇ ਢਿੱਡ ਤੁਰ ਮੁੜ ਪਿੰਡ ਆ ਗਿਆ ।
ਅੱਕਿਆ ੱਵਾ ਜੱਟ ਸਲਫਾਸ ਖਾ ਗਿਆ ।।

ਬੈਂਕ ਵਾਲਾ ਕਰਜਾ ਨਾ ਮੋੜ ਸਕਿਆ ।
ਮੂਲ ਦਾ ਵਿਆਜ ਵੀ ਨਾ ਜੋੜ ਸਕਿਆ ।
ਠਾਣੇ ਵਾਲੇ ਕੀਤਾ ਰੱਜ ਕੇ ਜਲੀਲ ਸੀ ।
ਕਿਸੇ ਨੇੜੇ ਵਾਲੇ ਸੁਣੀ ਨਾ ਅਪੀਲ ਸੀ ।
ਕਿਡਨੀ ਨੂੰ ਵੇਚ ਵੱਡੀ ਧੀ ਵਿਆਹੀ ਸੀ ।
ਛੋਟੀ ਵੇਲੇ ਨੱਕੋ-ਨੱਕ ਕਰਜਾਈ ਸੀ ।
ਪੈਲੀ ਵੇਚ ਮੁੰਡਾ ਸੀ ਜਹਾਜ ਚਾੜਿਆ ।
ਧੋਖੇ ੱਨਾ ਏਜੰਟਾਂ ਨੇ ਯੂਗਾਂਡਾ ਬਾੜਿਆ ।
ਉੱਤੋਂ ਹੋਰ ਪੈਸਿਆਂ ਦਾ ਫੋਨ ਆ ਗਿਆ ।
ਅੱਕਿਆ ੱਵਾ ਜੱਟ ਸਲਫਾਸ ਖਾ ਗਿਆ ।।

ਗੀਤਕਾਰ ਏਹਨੂੰ ਫੁਕਰਾ ਦਿਖਾਉਂਦੇ ਨੇ ।
ਏਹਦੀ ਮਜਬੂਰੀ ਨਾ ਕਦੇ ਸੁਣਾਉਂਦੇ ਨੇ ।
ਉੱਤੋਂ ਸਰਕਾਰਾਂ ਬੱਸ ਵੋਟ ਚਾਹੁੰਦੀਆਂ ।
ਆਪਣੀ ਹੀ ਕੁਰਸੀ ਨੂੰ ਲੋਟ ਚਾਹੁੰਦੀਆਂ ।
ਨੀਤੀ ਨਾਲ ਘਰੇ ਇਹਦੇ ਨਸ਼ੇ ਵਾੜਤੇ ।
ਅਣਖ ਅਤੇ ਇਖਲਾਕ ਸੂਲੀ ਚ੍ਹਾੜਤੇ ।
ਉੰਝ ਤਾਂ ਇਹ ਅੰਨਦਾਤਾ ਅਖਵਾਉਂਦਾ ਹੈ ।
ਚੂੰਡ-ਚੂੰਡ ਏਹਨੂੰ ਸਾਰਾ ਦੇਸ਼ ਖਾਂਦਾ ਹੈ ।
ਦਿਖਾਵਿਆਂ ੱਚ ਝੱਗਾ ਚੌੜ ਕਰਵਾ ਲਿਆ ।
ਅੱਕਿਆ ੱਵਾ ਜੱਟ ਸਲਫਾਸ ਖਾ ਗਿਆ ।।
ਗੁਰਮੀਤ ਸਿੰਘ ਬਰਸਾਲ (ਕੈਲੈਫੋਰਨੀਆਂ)

Be the first to comment

Leave a Reply