ਸਾਲ 2017 ਭਾਰਤੀ ਹਾਕੀ ਲਈ ਬਹੁਤ ਹੀ ਖਾਸ ਰਿਹਾ ਲੇਖਕ-ਸਨਵੀਰ ਜੱਸੜ

ਕੌਮਾਂਤਰੀ ਹਾਕੀ ਫੈਡਰੇਸ਼ਨ(ਐਫ.ਆਈ.ਐਚ.)ਨੇ ਪਿਛਲੇ ਸਾਲਾਂ ਦੌਰਾਨ ਪੂਰੀ ਵਾਹ ਲਾਈ ਹੈ ਕਿ ਭਾਰਤੀ ਹਾਕੀ ਨੂੰ ਮੁੜ ਸੁਰਜੀਤ ਕੀਤਾ ਜਾਵੇ।ਭਾਰਤ ਹਰ ਸਾਲ ਇੱਕ ਵੱਡੇ ਹਾਕੀ ਟੂਰਨਾਮੈਂਟ ਦੀ ਮੇਜ਼ਬਾਨੀ ਕਰਦਾ ਹੈ ਜਿਸ ਤੋਂ ਐਫ.ਆਈ.ਐਚ. ਨੂੰ ਸਪੋਰਟਸ ਕਾਰਪੋਰੇਟ ਪੱਧਰ ਤੇ ਇੱਕ ਵੱਡਾ ਹੁਲਾਰਾ ਮਿਲਦਾ ਹੈ।ਇਹਨਾਂ ਕੋਸ਼ਿਸ਼ਾਂ ਦੇ ਸਿੱਟੇ ਵਜੋਂ ਭਾਰਤੀ ਹਾਕੀ ਟੀਮ ਦੀ ਕਾਰਗੁਜ਼ਾਰੀ ਵਿੱਚ ਵੀ ਸੁਧਾਰ ਆਇਆ ਹੈ।ਸਾਲ 2017 ਭਾਰਤੀ ਹਾਕੀ ਟੀਮ ਲਈ ਕਈ ਅਹਿਮ ਪ੍ਰਾਪਤੀਆਂ ਕਰਕੇ ਖਾਸ ਰਿਹਾ। ਕਈ ਨਾਮੀ ਵੱਡੇ ਕੌਮਾਂਤਰੀ ਮੁਕਾਬਲਿਆਂ ਵਿੱਚ ਭਾਰਤੀ ਟੀਮ ਨੇ ਤਮਗਾ ਸੂਚੀ ਵਿੱਚ ਜਗ੍ਹਾ ਬਣਾਈ ।ਇਸ ਸਾਲ ਜਿੱਥੇ ਭਾਰਤ ਨੇ ਜਿੱਥੇ ਏਸ਼ੀਆ ਕੱਪ ਦਾ ਖਿਤਾਬ ਜਿੱਤਿਆ ਉਥੇ ਵਿਸ਼ਵ ਹਾਕੀ ਦੇ ਸਭ ਤੋਂ ਵੱਡੇ ਮੁਕਾਬਲੇ ਹਾਕੀ ਵਿਸ਼ਵ ਲੀਗ ਵਿੱਚ ਕਾਂਸੀ ਦਾ ਤਮਗਾ ਜਿੱਤ ਕੇ ਆਪਣੀ ਵੱਡੀ ਹਾਜ਼ਰੀ ਲਗਾਈ। ਇਸ ਸਾਲ ਦੇ ਇਕ ਹੋਰ ਵੱਡੇ ਟੂਰਨਾਮੈਂਟ ਸੁਲਤਾਨ ਅਜ਼ਲਾਨ ਸ਼ਾਹ ਹਾਕੀ ਕੱਪ ਵਿੱਚ ਭਾਰਤੀ ਹਾਕੀ ਟੀਮ ਨੇ ਕਾਂਸੀ ਦਾ ਤਮਗਾ ਜਿੱਤਿਆ। ਏਸ਼ਿਆਈ ਟੀਮਾਂ ਦੀ ਗੱਲ ਕੀਤੀ ਜਾਵੇ ਤਾਂ ਭਾਰਤੀ ਹਾਕੀ ਟੀਮ ਸਿਖ਼ਰ ਤੇ ਬਣੀ ਰਹੀ।ਭਾਂਵੇਂ ਇਸ ਦਾ ਵੱਡਾ ਕਾਰਨ ਵੀ ਰਿਹਾ ਕਿ ਮੱਖ ਵਿਰੋਧੀ ਟੀਮ ਪਾਕਿਸਤਾਨ ਦੀ ਟੀਮ ਕਾਰਗੁਜ਼ਾਰੀ ਠੀਕ ਨਹੀਂ ਚੱਲ ਰਹੀ ਹੈ। ਸਾਲ ਦੇ ਅੰਤ ਵਿੱਚ ਐਫ.ਆਈ.ਐਚ. ਵੱਲੋਂ ਜਾਰੀ ਕੀਤੀ ਤਾਜ਼ੀ ਦਰਜਾਬੰਦੀ ਵਿੱਚ ਭਾਰਤ ਛੇਵੇਂ ਸਥਾਨ ’ਤੇ ਰਿਹਾ ਅਤੇ ਪਹਿਲੇ 10 ਮੁਲਕਾਂ ਵਿੱਚ ਸਥਾਨ ਹਾਸਲ ਕਰਨ ਵਾਲੀ ਭਾਰਤੀ ਟੀਮ ਇਕਲੌਤੀ ਏਸ਼ੀਅਨ ਟੀਮ ਹੈ। ਐਫ.ਆਈ.ਐਚ. ਦੀ ਵਿਸ਼ਵ ਰੈਂਕਿੰਗ ਵਿੱਚ ਏਸ਼ੀਆ ਦੀਆਂ ਹੋਰ ਟੀਮਾਂ ਵਿੱਚੋਂ ਮਲੇਸ਼ੀਆ 12ਵੇਂ, ਪਾਕਿਸਤਾਨ 13ਵੇਂ, ਦੱਖਣੀ ਕੋਰੀਆ 14ਵੇਂ, ਜਪਾਨ 16ਵੇਂ ਅਤੇ ਚੀਨ 17ਵੇਂ ਸਥਾਨ ’ਤੇ ਹੈ। ਭਾਰਤੀ ਹਾਕੀ ਦੀ ਸਭ ਤੋਂ ਵੱਡੀ ਪ੍ਰਾਪਤੀ ਇਹ ਵੀ ਰਹੀ ਕਿ ਇਸ ਸਾਲ ਕੌਮਾਂਤਰੀ ਹਾਕੀ ਮੰਚ ’ਤੇ ਰਵਾਇਤੀ ਵਿਰੋਧੀ ਟੀਮ ਪਾਕਿਸਤਾਨ ਨਾਲ ਖੇਡੇ ਚਾਰੋਂ ਮੈਚਾਂ ਵਿੱਚ ਭਾਰਤ ਨੇ ਵੱਡੇ ਗੋਲਾਂ ਦੇ ਫਰਕ ਨਾਲ ਜਿੱਤਾਂ ਹਾਸਲ ਕੀਤੀਆਂ। ਪੰਜਾਬ ਦੇ ਜਲੰਧਰ ਸ਼ਹਿਰ ਦੀ ਬੁੱਕਲ ਵਿੱਚ ਵਸੇ ਪਿੰਡ ਮਿੱਠਾਪੁਰ ਦੇ ਵਸਨੀਕ ਅਤੇ ਪੰਜਾਬ ਪੁਲਿਸ ਵਿੱਚ ਡੀ.ਐਸ.ਪੀ. ਲੱਗੇ ਮਨਪ੍ਰੀਤ ਸਿੰਘ ਦੀ ਕਪਤਾਨੀ ਹੇਠ ਭਾਰਤੀ ਟੀਮ ਨੇ ਇਸ ਸਾਲ ਵਿਸ਼ਵ ਦੀਆਂ ਚੋਟੀ ਦੀਆਂ ਟੀਮਾਂ ਤਕੜੀ ਟੱਕਰ ਦਿੱਤੀ।

ਇਸ ਸਾਲ ਹੋਏ ਵੱਡੇ ਕੌਮਾਂਤਰੀ ਹਾਕੀ ਟੂਰਨਾਮੈਂਟਾਂ ਦੀ ਗੱਲ ਕਰੀਏ ਤਾਂ 29 ਅਪਰੈਲ ਤੋਂ 6 ਮਈ ਤੱਕ ਮਲੇਸ਼ੀਆ ਦੇ ਸ਼ਹਿਰ ਇਪੋਹ ਵਿਖੇ ਖੇਡੇ ਗਏ 26ਵੇਂ ਸੁਲਤਾਨ ਅਜ਼ਲਾਨ ਸ਼ਾਹ ਹਾਕੀ ਕੱਪ ਵਿੱਚ ਭਾਰਤੀ ਟੀਮ ਨੇ ਕਾਂਸੀ ਦਾ ਤਮਗਾ ਜਿੱਤਿਆ। ਕਾਂਸੀ ਦੇ ਤਮਗੇ ਲਈ ਹੋਏ ਮੈਚ ਵਿੱਚ ਭਾਰਤ ਨੇ ਨਿਊਜ਼ੀਲੈਂਡ ਨੂੰ 4-0 ਨਾਲ ਹਰਾਇਆ। ਇਸ ਟੂਰਨਾਮੈਂਟ ਵਿੱਚ ਬਰਤਾਨੀਆ ਨੇ ਸੋਨੇ ਅਤੇ ਆਸਟਰੇਲੀਆ ਨੇ ਚਾਂਦੀ ਦਾ ਤਮਗਾ ਜਿੱਤਿਆ। ਭਾਰਤ ਦਾ ਮਨਦੀਪ ਸਿੰਘ 5 ਗੋਲਾਂ ਨਾਲ ਤਿੰਨ ਹੋਰ ਖਿਡਾਰੀਆਂ ਨਾਲ ਸਾਂਝੇ ਤੌਰ ’ਤੇ ਟਾਪ ਸਕਰੋਰ ਰਿਹਾ। ਭਾਰਤ ਟੀਮ ਦੇ ਦੋ ਡਰੈਗ ਫਲਿੱਕਰਾਂ ਰੁਪਿੰਦਰ ਪਾਲ ਸਿੰਘ ਤੇ ਹਰਮਨਪ੍ਰੀਤ ਸਿੰਘ ਨੇ ਵੀ 3-3 ਗੋਲ ਕੀਤੇ।

ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿਖੇ 11 ਤੋਂ 22 ਅਕਤੂਬਰ ਤੱਕ 10ਵਾਂ ਏਸ਼ੀਆ ਕੱਪ ਖੇਡਿਆ ਗਿਆ। ਭਾਰਤ ਪੂਰੇ ਟੂਰਨਾਮੈਂਟ ਵਿੱਚ ਅਜੇਤੂ ਰਹਿੰਦਿਆਂ ਹੋਇਆ ਤੀਜੀ ਵਾਰ ਏਸ਼ੀਆ ਕੱਪ ਦਾ ਚੈਂਪੀਅਨ ਬਣਿਆ। ਫਾਈਨਲ ਵਿੱਚ ਭਾਰਤ ਨੇ ਮਲੇਸ਼ੀਆ ਨੂੰ 2-1 ਨਾਲ ਹਰਾਇਆ। ਪਾਕਿਸਤਾਨ ਨਾਲ ਭਾਰਤ ਦਾ ਦੋ ਵਾਰੀ ਮੁਕਾਬਲਾ ਹੋਇਆ। ਪਹਿਲਾ ਲੀਗ ਦੌਰ ਵਿੱਚ ਭਾਰਤ ਨੇ 3-1 ਨਾਲ ਜਿੱਤ ਦਰਜ ਕੀਤੀ ਅਤੇ ਫੇਰ ਸੁਪਰ ਚਾਰ ਵਿੱਚ ਪਾਕਿਸਤਾਨ ਨੂੰ 4-0 ਨਾਲ ਹਰਾਇਆ। ਪੂਰੇ ਟੂਰਨਾਮੈਂਟ ਵਿੱਚ ਭਾਰਤ ਨੇ 7 ਮੈਚ ਖੇਡੇ ਜਿਨ੍ਹਾਂ ਵਿੱਚ ਛੇ ਮੈਚਾਂ ਵਿੱਚ ਜਿੱਤ ਹਾਸਲ ਕੀਤੀ ਜਦੋਂ ਕਿ ਇਕ ਮੈਚ ਦੱਖਣੀ ਕੋਰੀਆ ਨਾਲ ਸੁਪਰ ਚਾਰ ਵਿੱਚ ਡਰਾਅ ਖੇਡਿਆ। ਭਾਰਤ ਦਾ ਡਰੈਗ ਫਲਿੱਕਰ ਹਰਮਨਪ੍ਰੀਤ ਸਿੰਘ 7 ਗੋਲਾਂ ਨਾਲ ਟਾਪ ਸਕੋਰਰ ਬਣਿਆ।
ਸਾਲ ਦੇ ਅਖਰੀਲੇ ਮਹੀਨੇ 1 ਤੋਂ 10 ਦਸੰਬਰ ਤੱਕ ਭੁਬਨੇਸ਼ਵਰ ਵਿਖੇ ਹੋਈ ਐਫ.ਆਈ.ਐਚ. ਵਿਸ਼ਵ ਹਾਕੀ ਲੀਗ ਫਾਈਨਲ ਵਿੱਚ ਭਾਰਤੀ ਟੀਮ ਨੇ ਨਾਕ ਆਊਟ ਦੌਰ ਵਿੱਚ ਕ੍ਰਿਸ਼ਮਾਈ ਪ੍ਰਦਰਸ਼ਨ ਦਿਖਾਇਆ ਜਿਸ ਦੇ ਬਲਬੂਤੇ ਭਾਰਤੀ ਟੀਮ ਨੇ ਕਾਂਸੀ ਦਾ ਤਮਗਾ ਜਿੱਤ ਕੇ ਵੱਡੀ ਮੱਲ ਮਾਰੀ। ਵਿਸ਼ਵ ਦੀਆਂ ਸਿਖਰਲੀਆਂ ਅੱਠ ਟੀਮਾਂ ਵਾਲੇ ਇਸ ਟੂਰਨਾਮੈਂਟ ਵਿੱਚ ਦਾਖਲਾ ਭਾਰਤ ਮੇਜ਼ਬਾਨ ਦੇਸ਼ ਦੇ ਨਾਤੇ ਮਿਲਿਆ ਸੀ। ਲੀਗ ਦੌਰ ਵਿੱਚ ਆਖਰੀ ਸਥਾਨ ’ਤੇ ਰਹਿਣ ਤੋਂ ਬਾਅਦ ਭਾਰਤੀ ਟੀਮ ਨੇ ਨਾਕ ਆਊਟ ਦੇ ਪਹਿਲੇ ਮੈਚ ਕੁਆਰਟਰ ਫਾਈਨਲ ਵਿੱਚ ਵਿਸ਼ਵ ਦੀ ਦੂਜੇ ਨੰਬਰ ਦੀ ਟੀਮ ਬੈਲਜੀਅਮ ਨੂੰ 3-2 ਨਾਲ ਹਰਾਇਆ। ਸੈਮੀ ਫਾਈਨਲ ਵਿੱਚ ਵਿਸ਼ਵ ਦੀ ਨੰਬਰ ਇਕ ਟੀਮ ਅਰਜਨਟਾਈਨਾ ਤੋਂ ਇਕ ਗੋਲ ਦੇ ਫਰਕ ਨਾਲ ਹਾਰਨ ਤੋਂ ਬਾਅਦ ਤੀਜੇ ਸਥਾਨ ਲਈ ਹੋਏ ਮੈਚ ਵਿੱਚ ਭਾਰਤ ਨੇ ਆਪਣੇ ਤੋਂ ਇਕ ਰੈਂਕ ਉਪਰ ਜਰਮਨੀ ਦੀ ਟੀਮ ਨੂੰ 2-1 ਨਾਲ ਹਰਾ ਕੇ ਕਾਂਸੀ ਦਾ ਤਮਗਾ ਜਿੱਤਿਆ। ਭਾਰਤੀ ਟੀਮ ਲਈ ਇਸ ਟੂਰਨਾਮੈਂਟ ਵਿੱਚ ਰੁਪਿੰਦਰ ਪਾਲ ਸਿੰਘ ਤੇ ਹਰਮਨਪ੍ਰੀਤ ਸਿੰਘ ਨੇ 2-2 ਗੋਲ ਕੀਤੇ।

ਹਾਕੀ ਵਿਸ਼ਵ ਲੀਗ ਸੈਮੀ ਫਾਈਨਲ ਮੁਕਾਬਲਾ 15 ਤੋਂ 25 ਜੂਨ ਤੱਕ ਲੰਡਨ ਵਿਖੇ ਖੇਡਿਆ ਗਿਆ ਜਿਸ ਵਿੱਚ ਭਾਰਤੀ ਟੀਮ ਕੁਆਰਟਰ ਫਾਈਨਲ ਵਿੱਚ ਮਲੇਸ਼ੀਆ ਹੱਥੋਂ 2-3 ਨਾਲ ਹਾਰ ਕੇ ਤਮਗੇ ਦੀ ਦੌੜ ਤੋਂ ਬਾਹਰ ਹੋ ਗਈ। ਭਾਰਤੀ ਟੀਮ ਛੇਵੇਂ ਸਥਾਨ ’ਤੇ ਰਹੀ। ਇਸ ਟੂਰਨਾਮੈਂਟ ਵਿੱਚ ਭਾਰਤੀ ਹਾਕੀ ਪ੍ਰੇਮੀਆਂ ਲਈ ਸਭ ਤੋੋਂ ਖਾਸ ਗੱਲ ਇਹ ਰਹੀ ਕਿ ਪਾਕਿਸਤਾਨ ƒ ਦੋ ਵਾਰ ਵੱਡੇ ਫਰਕ ਨਾਲ ਹਰਾਇਆ। ਪਾਕਿਸਤਾਨ ਲੀਗ ਦੌਰ ਵਿੱਚ 7-1 ਤੇ ਨਾਕਆਊਟ ਦੌਰ ਵਿੱਚ 6-1 ਨਾਲ ਹਰਾਇਆ।

ਇਸ ਸਾਲ ਭਾਰਤ ਵੱਲੋਂ ਖੇਡੀਆਂ ਗਈਆਂ ਟੈਸਟ ਲੜੀਆਂ ਦੀ ਗੱਲ ਕੀਤੀ ਜਾਵੇ ਤਾਂ ਭੋਪਾਲ ਵਿਖੇ ਬੇਲਾਰੂਸ ਖਿਲਾਫ 5-0 ਨਾਲ ਜਿੱਤ ਪ੍ਰਾਪਤ ਕੀਤੀ। ਕੈਨੇਡਾ ਵਿਖੇ ਤਿੰਨ ਦੇਸ਼ਾਂ ਦੀ ਲੜੀ ਵਿੱਚ ਭਾਰਤ ਨੇ ਚਿੱਲੀ ਨਾਲ ਬਰਾਬਰੀ ਦਾ ਮੈਚ ਖੇਡਿਆ ਜਦੋਂ ਕਿ ਕੈਨੇਡਾ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਨਿਊਜੀਲੈਂਡ ਵਿਰੁੱਧ ਉਥੇ ਜਾ ਕੇ ਖੇਡੀ ਗਈ ਪੰਜ ਮੈਚਾਂ ਦੀ ਟੈਸਟ ਲੜੀ ਵਿੱਚ ਭਾਰਤ ਪੰਜੇ ਮੈਚਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਡਸਲਡਰਫ (ਜਰਮਨੀ) ਵਿਖੇ ਭਾਰਤ ਨੇ ਜਰਮਨੀ ਨਾਲ ਬਰਾਬਰੀ ਕੀਤੀ ਜਦੋਂ ਕਿ ਬੈਲਜੀਅਮ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਯੂਰੋਪੀਅਨ ਟੂਰ ’ਤੇ ਭਾਰਤ ਬੈਲਜੀਅਮ ਹੱਥੋਂ ਦੋ ਮੈਚਾਂ ਦੀ ਲੜੀ ਵਿੱਚ ਦੋਵੇਂ ਮੈਚ ਹਾਰ ਗਿਆ ਜਦੋਂ ਕਿ ਹਾਲੈਂਡ ਨੂੰ ਦੋਵੇਂ ਟੈਸਟ ਮੈਚਾਂ ਅਤੇ ਆਸਟਰੇਲੀਆ  ਇਕ ਮੈਚ ਵਿੱਚ ਹਰਾਇਆ।ਇਸੇ ਤਰ੍ਹਾਂ ਪੁਰਸ਼ਾਂ ਦੀ ਜੂਨੀਅਰ ਹਾਕੀ ਟੀਮ ਨੇ ਇਸ ਸਾਲ ਸੁਲਤਾਨ ਜੌਹਰ ਕੱਪ ਵਿੱਚ ਕਾਂਸੀ ਦਾ ਤਮਗਾ ਜਿੱਤਿਆ। ਨਿੱਜੀ ਰਿਕਾਰਡਾਂ ਦੀ ਗੱਲ ਕਰੀਏ ਤਾਂ ਭਾਰਤੀ ਹਾਕੀ ਖਿਡਾਰੀ ਸਰਦਾਰ ਸਿੰਘ  ਖੇਡਾਂ ਦੇ ਸਰਵੋਤਮ ਪੁਰਸਕਾਰ ਰਾਜੀਵ ਗਾਂਧੀ ਖੇਲ ਰਤਨ ਨਾਲ ਸਨਮਾਨਿਆ ਗਿਆ। ਹਾਕੀ ਖਿਡਾਰੀ ਐਸ.ਵੀ. ਸੁਨੀਲ ਤੇ ਖਿਡਾਰਨ ਸਮੁਰਾਈ ਟੇਟੇ ਨੂੰ ਅਰਜੁਨਾ ਐਵਾਰਡ ਪੁਰਸਕਾਰ ਮਿਲਿਆ। ਹਾਕੀ ਟੀਮ ਵਿੱਚ ਸੀਨੀਅਰ ਤੇ ਜੂਨੀਅਰ ਖਿਡਾਰੀਆਂ ਦੇ ਸੁਮੇਲ ਨੇ ਚੰਗਾ ਪ੍ਰਦਰਸ਼ਨ ਦਿਖਾਇਆ। ਫਾਰਵਰਡ ਪੰਕਤੀ ਵਿੱਚ ਅਕਾਸ਼ਦੀਪ ਸਿੰਘ, ਰਮਨਦੀਪ ਸਿੰਘ, ਐਸ.ਵੀ.ਸੁਨੀਲ, ਮਨਦੀਪ ਸਿੰਘ, ਤੇ ਲਲਿਤ ਉਪਾਧਇਆ, ਮਿਡ ਫੀਲਡ ਵਿੱਚ ਸਰਦਾਰ ਸਿੰਘ, ਕਪਤਾਨ ਮਨਪ੍ਰੀਤ ਸਿੰਘ, ਐਸ.ਕੇ.ਉਥੱਪਾ ਤੇ ਚਿੰਗਲੇਸਾਨਾ ਅਤੇ ਡਿਫੈਂਸ ਵਿੱਚ ਹਰਮਨਪ੍ਰੀਤ ਸਿੰਘ, ਰੁਪਿੰਦਰ ਪਾਲ ਸਿੰਘ ਤੇ ਵਰੁਣ ਕੁਮਾਰ ਦੀ ਖੇਡ ਸ਼ਲਾਘਾਯੋਗ ਰਹੀ। ਗੋਲਕੀਪਰ ਵਜੋਂ ਅਕਾਸ਼ ਚਿਕਤੇ ਨੇ ਵਧੀਆ ਪ੍ਰਦਰਸ਼ਨ ਕੀਤਾ। ਡਰੈਗ ਫਲਿੱਕਰ ਵਜੋਂ ਹਰਮਨਪ੍ਰੀਤ ਸਿੰਘ ਤੇ ਰੁਪਿੰਦਰ ਪਾਲ ਸਿੰਘ ਦੀ ਜੋੜੀ ਨੇ ਪੈਨਲਟੀ ਕਾਰਨਰ ਮੌਕੇ ਗੋਲਾਂ ਦੀਆਂ ਝੜੀਆਂ ਲਗਾਈਆਂ।
ਸਾਲ 2018 ਵਿੱਚ ਭਾਰਤ ਨੇ ਵਿਸ਼ਵ ਹਾਕੀ ਕੱਪ ਦੀ ਮੇਜ਼ਬਾਨੀ ਕਰਨੀ ਹੈ।ਇਸ ਵਕਾਰੀ ਟੂਰਨਾਮੈਂਟ ਵਿੱਚ ਯੂਰਪੀਅਨ ਟੀਮਾਂ ਦੇ ਮੁਕਾਬਲੇ ਚੰਗਾ ਪ੍ਰਦਰਸ਼ਨ ਕਰਨ ਲਈ ਭਾਰਤੀ ਟੀਮ ਨੂੰ ਸਖ਼ਤ ਮਿਹਨਤ ਕਰਨੀ ਪਵੇਗੀ।

Be the first to comment

Leave a Reply