ਪੰਜਾਬੀ ਪੁੱਤਰ ਖੁਸ਼ਵੰਤ ਸਿੰਘ ਰੰਧਾਵਾ ਨੇ ਜਿੱਤੀ ਸਜੋਬਾ ਮੋਟਰ ਕਾਰ ਰੈਲੀ

ਪਟਿਆਲਾ, 10 ਮਈ (ਚਹਿਲ)-ਸ਼ਾਹੀ ਸ਼ਹਿਰ ਦੀ ਬੁੱਕਲ ‘ਚ ਵਸੇ ਪਿੰਡ ਸੂਲਰ ਦੇ ਨੌਜਵਾਨ ਮੋਟਰ ਕਾਰ ਚਾਲਕ ਤੇ ਸਰਪੰਚ ਖੁਸ਼ਵੰਤ ਸਿੰਘ ਰੰਧਾਵਾ ਨੇ ਦੇਸ਼ ਦੀ ਨਾਮਵਰ ਤੇ ਸਖ਼ਤ ਮੁਕਾਬਲੇਬਾਜ਼ੀ ਵਾਲੀ ਸਜੋਬਾ ਕਾਰ ਰੈਲੀ ਜਿੱਤਣ ਦਾ ਮਾਣ ਪ੍ਰਾਪਤ ਕੀਤਾ ਹੈ | ਸ: ਸਤਿੰਦਰ ਸਿੰਘ ਰੰਧਾਵਾ ਤੇ ਸ੍ਰੀਮਤੀ ਕਰਮਜੀਤ ਕੌਰ ਦੇ ਸਪੁੱਤਰ ਖੁਸ਼ਵੰਤ ਨੇ ਇਸ ਰੈਲੀ ਨੂੰ 9 ਵਾਰ ਜਿੱਤਣ ਵਾਲੇ ਦੇਸ਼ ਦੇ ਨਾਮਵਰ ਚਾਲਕ ਸੁਰੇਸ਼ ਰਾਣਾ ਨੂੰ ਹਰਾਕੇ, ਚੈਂਪੀਅਨ ਬਣਨ ਦਾ ਮਾਣ ਪ੍ਰਾਪਤ ਕੀਤਾ ਹੈ | ਇਸ 500 ਕਿੱਲੋਮੀਟਰ ਦੂਰੀ ਵਾਲੀ ਵਕਾਰੀ ਰੈਲੀ ਦੇ ਜੀਪ ਵਰਗ ‘ਚ ਖੁਸ਼ਵੰਤ ਨੇ ਮਾਰੂਤੀ ਗ੍ਰੈਂਡ ਵਿਟਾਰਾ ਗੱਡੀ ਰਾਹੀਂ ਿਖ਼ਤਾਬੀ ਜਿੱਤ ਪ੍ਰਾਪਤ ਕੀਤੀ | ਇਹ ਦੋ ਦਿਨਾਂ ਰੈਲੀ ਚੰਡੀਗੜ੍ਹ ਤੋਂ ਸ਼ੁਰੂ ਹੋ ਕੇ ਥਪਲੀ, ਬਦੀਸ਼ੇਰ, ਨੈਨਾ ਟਿੱਕਰ, ਕਾਂਗੜ, ਦਿਲਮਨ, ਗੌੜਾ,ਚੈਲ, ਕਲੌਗ, ਕੈਥਲਘਾਟ ਦੂਸਰੇ ਦਿਨ ਚਲੰਦਾ, ਕੋਟੀ ਪਿੰਡ, ਕੈਥਲ ਘਾਟ, ਕਲੌਗ, ਝੱਜਾ, ਅਸ਼ਨੀਖੱਡ, ਦਿਲਮਨ, ਕਾਂਗੜ, ਭੋਜਨਗਰ ਰਾਹੀਂ ਹੁੰਦੀ ਹੋਈ ਚੱਕੀ ਮੋੜ ‘ਤੇ ਸਮਾਪਤ ਹੋਈ | ਖੁਸ਼ਵੰਤ ਨੂੰ ਸਜੋਬਾ ਜੀਪ ਵਰਗ ‘ਚ ਚੈਂਪੀਅਨ ਵਜੋਂ ਖ਼ੂਬਸੂਰਤ ਟਰਾਫ਼ੀ ਤੇ 60 ਹਜ਼ਾਰ ਰੁਪਏ ਨਾਲ ਨਿਵਾਜਿਆ ਗਿਆ | ਇਸ ਤੋਂ ਪਹਿਲਾ ਵੀ ਖੁਸ਼ਵੰਤ 2005 ਤੇ 2007 ‘ਚ ਸਜੋਬਾ ਰੈਲੀ ਜਿੱਤ ਚੁੱਕਾ ਹੈ | ਉਹ 2006 ਤੇ 2007 ‘ਚ ਦੇਸ਼ ਦੀਆਂ ਬਹੁ-ਗਿਣਤੀ ਰੈਲੀਆਂ ਜਿੱਤ ਕੇ ਕੌਮੀ ਚੈਂਪੀਅਨ ਵੀ ਬਣ ਚੁੱਕਾ ਹੈ | ਕੌਮਾਂਤਰੀ ਪੱਧਰ ‘ਤੇ ਖੁਸ਼ਵੰਤ ਨੇ 2006 ‘ਚ ਆਸਟੇ੍ਰਲੀਆ ਦੀ ਪ੍ਰਸਿੱਧ ਗੈਸਕੌਨ ਡੈਸ਼ ਰੈਲੀ ਜਿੱਤਣ ਦਾ ਮਾਣ ਪ੍ਰਾਪਤ ਕੀਤਾ ਸੀ | ਖੁਸ਼ਵੰਤ ਨੇ 2010 ਤੋਂ ਬਾਅਦ ਇਸ ਵਰ੍ਹੇ ਜਨਵਰੀ ‘ਚ ਮੁੜ ਕਾਰ ਰੈਲੀਆਂ ਦੀ ਤਿਆਰੀ ਸ਼ੁਰੂ ਕੀਤੀ ਸੀ ਤੇ ਪਹਿਲੀ ਹੀ ਰੈਲੀ ‘ਚ ਿਖ਼ਤਾਬ ਜਿੱਤ ਲਿਆ | ਉਹ ਜਲਦੀ ਹੀ ਦੇਸ਼ ਦੇ ਹੋਰਨਾਂ ਭਾਗਾਂ ‘ਚ ਹੋਣ ਵਾਲੀਆਂ ਕੌਮੀ ਤੇ ਕੌਮਾਂਤਰੀ ਰੈਲੀਆਂ ‘ਚ ਹਿੱਸਾ ਲਵੇਗਾ |

Be the first to comment

Leave a Reply