ਬਾਲ-ਸ਼ਹੀਦਾਂ ਬਾਰੇ ਸਮੁੱਚੇ ਪੰਥ ਵਿਚ ਇਕ ਨੀਤੀ ਲਾਗੂ ਹੋਵੇ ਕਿਧਰੇ ਸੋਗ ਕਿਧਰੇ ਆਤਿਸ਼ਬਾਜ਼ੀ ਅਤੇ ਰੌਸ਼ਨੀ ਗ਼ਲਤ!

ਸਿੱਖ ਇਤਿਹਾਸ ਦੀ ਹਰ ਘਟਨਾ ਜਾਂ ਦੁਰਘਟਨਾ ਦੀ ਯਾਦ ਵਿਚ ਇਕ ਗੁਰਦਵਾਰਾ ਬਣਾ ਦਿਤਾ ਜਾਂਦਾ ਹੈ ਜਿਥੇ ਮਗਰੋਂ ਸਿਆਸੀ ਲੋਕ ਅਤੇ ਪੁਜਾਰੀ ‘ਗੋਲਕਾਂ ਭਰਪੂਰ ਰਹਿਣ’ ਦੇ ਇਕ-ਸੂਤਰੀ ਪ੍ਰੋਗਰਾਮ ਨੂੰ ਲਾਗੂ ਕਰਨ ਲਈ ਕੁੱਝ ਵੀ ਕਰਨ ਨੂੰ ਤਿਆਰ ਰਹਿੰਦੇ ਹਨ। ਬਾਬਾ ਨਾਨਕ ਦੀਆਂ ‘ਉਦਾਸੀਆਂ’ ਨਾਲ ਸਬੰਧਤ ਗੁਰਦਵਾਰਿਆਂ ਵਿਚ ਜਾ ਕੇ ਵੇਖੋ, 99% ਵਿਚ ਉਹ ਕੁੱਝ ਕੀਤਾ ਜਾਂਦਾ ਹੈ ਜਿਸ ਵਿਰੁਧ ਆਵਾਜ਼ ਬੁਲੰਦ ਕਰਨ ਲਈ ਬਾਬੇ ਨਾਨਕ ਨੇ ਹਜ਼ਾਰਾਂ ਮੀਲ ਪੈਦਲ ਸਫ਼ਰ ਕੀਤਾ ਸੀ ਤੇ ਲੋਕਾਂ ਨੂੰ ਇਨ੍ਹਾਂ ਗ਼ਲਤ ਗੱਲਾਂ ਤੋਂ ਦੂਰ ਰਹਿਣ ਲਈ ਪ੍ਰੇਰਿਆ ਸੀ। ਠੀਕ ਇਹੀ ਕੁੱਝ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨਾਲ ਕੀਤਾ ਗਿਆ ਹੈ। ਸਿੱਖ ਲੀਡਰਸ਼ਿਪ ਦੀ ਸਮੱਸਿਆ ਇਹ ਹੈ ਕਿ ਗੁਰਦਵਾਰਾ ਬਣ ਜਾਏ ਤੇ ਗੋਲਕਾਂ ਭਰਪੂਰ ਹੋਣ ਲੱਗ ਜਾਣ ਤਾਂ ਬਾਕੀ ਸੱਭ ਕੁੱਝ ਇਨ੍ਹਾਂ ਨੂੰ ਭੁੱਲ ਜਾਂਦਾ ਹੈ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਏਨੀ ਵੱਡੀ ਹੈ ਕਿ ਜੇ ਠੀਕ ਤਰ੍ਹਾਂ ਇਸ ਨੂੰ ਪੇਸ਼ ਕੀਤਾ ਜਾਏ ਤਾਂ ਸਾਰੀ ਦੁਨੀਆਂ ਇਸ ਨੂੰ ਸੁਣਨ ਤੇ ਅਪਨਾਉਣ ਲਈ ਤਿਆਰ ਮਿਲੇਗੀ। ਪਰ ਸਿੱਖਾਂ ਦੀ ਧਾਰਮਕ ਵਾਗਡੋਰ, ਸ਼ੁਰੂ ਤੋਂ ਹੀ ਅਜਿਹੇ ਲੋਕਾਂ ਹੱਥ ਰਹੀ ਹੈ ਜੋ ‘ਬ੍ਰਾਹਮਣਵਾਦੀ’ ਜ਼ਿਆਦਾ ਸਨ ਤੇ ਸਿੱਖ ਘੱਟ ਸਨ। ਜੇ ਅਜਿਹਾ ਨਾ ਹੁੰਦਾ ਤਾਂ ਸੰਸਾਰ ਦਾ ਧਿਆਨ ਖਿੱਚਣ ਵਾਲੀਆਂ ਕੁੱਝ ਘਟਨਾਵਾਂ ਬਾਰੇ ਸਾਰੇ ਪੰਥ ਦੀ ਇਕ ਸਾਂਝੀ ਨੀਤੀ ਤਾਂ ਤਿਆਰ ਕਰ ਲਈ ਜਾਂਦੀ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਸਾਰੇ ਪੰਥ ਲਈ ਗੰਭੀਰ ਤੇ ਗ਼ਮਗੀਨ ਮੁਦਰਾ ਵਿਚ ਵਿਚ ਇਕ ਹੋ ਜਾਣ ਲਈ ਕਾਫ਼ੀ ਸੀ। ਯੈਰੋਸ਼ਲਮ ਦੀ ‘ਰੁਦਨ ਕਰਦੀ ਦੀਵਾਰ’ (ਾਂੳਲਿਨਿਗ ਾਂੳਲਲ) ਸਾਹਮਣੇ ਹਰ ਸਾਲ ਲੱਖਾਂ ਲੋਕਾਂ ਨੂੰ ਹੰਝੂ ਕੇਰਦਿਆਂ ਤੇ ਅਫ਼ਸੋਸ ਕਰਦਿਆਂ ਵੇਖ ਕੇ ਕਿਸੇ ਨੂੰ ਵੀ ਸਮਝ ਆ ਸਕਦੀ ਹੈ ਕਿ ਕੌਮਾਂ ਨੂੰ ਇਕ ਖ਼ਾਸ ਮੁਦਰਾ ਵਿਚ ਢਾਲਣ ਲਈ ਘਟਨਾਵਾਂ ਨੂੰ ਕਿਵੇਂ ‘ਜ਼ਿੰਦਾ’ ਰਖਿਆ ਜਾਂਦਾ ਹੈ। ਇਥੇ ਅੰਮ੍ਰਿਤਸਰ ਵਿਚ ਉਨ੍ਹਾਂ ਦਿਨਾਂ ਵਿਚ ਆਤਿਸ਼ਬਾਜ਼ੀ ਤੇ ਰੌਸ਼ਨੀ ਦੇ ਨਜ਼ਾਰੇ ਵਿਖਾਏ ਜਾ ਰਹੇ ਸਨ ਤੇ ਫ਼ਤਹਿਗੜ੍ਹ ਵਿਚ ਨਕਲੀ ਰੁਦਨ¸ਜਿਵੇਂ ਕਿ ਸਾਹਿਬਜ਼ਾਦਿਆਂ ਦੀ ਸ਼ਹੀਦੀ ਕੋਈ ਸਥਾਨਕ ਘਟਨਾ ਹੋਵੇ। ਆਮ ਘਰਾਂ ਵਿਚ ਵੀ ਜੇ ਖ਼ੁਸ਼ੀ-ਗ਼ਮੀ ਦੀਆਂ ਤਰੀਕਾਂ ਇਕੋ ਸਮੇਂ ਆ ਜਾਣ ਤਾਂ ਉਨ੍ਹਾਂ ਨੂੰ ਮਹੀਨਾ, ਦੋ ਮਹੀਨੇ ਅੱਗੇ ਪਿੱਛੇ ਕਰ ਲਿਆ ਜਾਂਦਾ ਹੈ। ਇਥੇ ਅੱਧੇ ਤੋਂ ਵੱਧ ਪੰਥ ਦੀ ਮੰਗ ਨੂੰ ਠੁਕਰਾ ਕੇ ਵੀ, ‘ਗੋਲਕ-ਭਗਤਾਂ’ ਦੀ ਗੱਲ ਨੂੰ ਪੰਥ ਉਤੋਂ ਪਹਿਲ ਦਿਤੀ ਗਈ। ਇਸ ਤਰ੍ਹਾਂ ਪੰਥ ਕਦੇ ਵੀ ਦੁਨੀਆਂ ਨੂੰ ਅਪਣੀਆਂ ਚੰਗੀਆਂ ਗੱਲਾਂ ਵਲ ਆਕਰਸ਼ਿਤ ਨਹੀਂ ਕਰ ਸਕੇਗਾ ਤੇ ਸਾਰੀ ਜ਼ੁੰਮੇਵਾਰੀ ਸਾਡੇ ਗੋਲਕ-ਧਾਰੀਆਂ ਤੇ ਪੁਜਾਰੀਆਂ ਸਿਰ ਪਵੇਗੀ।

Be the first to comment

Leave a Reply