ਦਿਲ ਦਾ ਦਰਦ

‘ਐ ਦਿਲਾਂ ਐਵੇਂ ਨਾ ਗਿਲਾ ਕਰ ਬਗੇਨਿਆ ਤੇ
ਤੇਰੇ ਤਾਂ ਆਪਣੇ ਹੀ ਬੇਗਾਨੇ ਹੋ ਗਏ’
ਸਰੀਰ ਦੇ ਦਰਦ ਨਾਲੋਂ ਦਿਲ ਦਾ ਦਰਦ ਕਈ ਗੁਣਾ ਡੂੰਘਾ ਹੁੰਦਾ ਹੈ।ਸਰੀਰ ਦਾ ਦਰਦ ਡਾਕਟਰ ਠੀਕ ਕਰ ਸਕਦਾ ਹੈ ਪਰ ਦਿਲ ਦਾ ਦਰਦ ਬੇ-ਇਲਾਜ ਹੈ,ਜਦੋਂ ਇਨਸਾਨ ਸੋਚਦਾ ਹੈ ਕਿ ਮੈਂ ਉਹਨਾਂ ਲਈ ਕੀ ਨਹੀਂ ਕੀਤਾ ਜਿਹੜੇ ਦਰਦ ਦੇ ਕੇ ਚਲੇ ਗਏ। ਉਨ੍ਹਾਂ ਇਕ ਵਾਰੀ ਪਿੱਛੇ ਮੁੜ ਨਹੀਂ ਦੇਖਿਆ।ਇਨਸਾਨ ਹਰੇਕ ਘਾਟਾ ਵਾਧਾ ਸਹਿ ਸਕਦਾ ਹੈ ਪਰ ਦਿਲ ਦੇ ਦਰਦ ਨੂੰ ਸਹਿਣਾ ਇਨਸਾਨ ਦੇ ਬਸ ਦੀ ਗੱਲ ਨਹੀਂ। ਇਨਸਾਨ ਸੋਚਦਾ ਮੇਰੇ ਵਿਚ ਕੀ ਕਮੀ ਸੀ, ਮੈਂ ਤਾਂ ਕਦੇ ਕਿਸੇ ਦਾ ਮਾੜਾ ਨਹੀਂ ਸੀ ਸੋਚਿਆ ਪਰ ਫਿਰ ਵੀ ਉਹ ਮੇਰੇ ਦਿਲ ਤੇ ਐਡਾ ਵੱਡਾ ਜ਼ਖ਼ਮ ਦੇ ਗਏ। ਮੇਰੇ ਲਈ ਉਸ ਨੂੰ ਭੁਲਣਾ ਬਹੁਤ ਮੁਸ਼ਕਲ ਹੈ ਬਾਈ ਜੀ।
ਕਈ ਵਾਰੀ ਇਨਸਾਨ ਐਡੀ ਵੱਡੀ ਗੱਲ ਬੜੀ ਅਸਾਨੀ ਨਾਲ ਕਹਿ ਜਾਂਦਾ ਹੈ ਕਿ ਪਤਾ ਨਹੀਂ ਲੱਗਦਾ ਕਿ ਉਹ ਤੁਹਾਡਾ ਦਰਦ ਵੰਡਾ ਰਿਹਾ ਹੈ ਕਿ ਦਰਦ ਦੇ ਰਿਹਾ ਹੈ। ਅਜਿਹੇ ਇਨਸਾਨਾ ਤੋਂ ਬੱਚਣ ਦੀ ਲੋੜ ਹੈ ਜੋ ਲੋਕ ਫ਼ੈਸਲਾ ਦਿਮਾਗ਼ ਨਾਲ ਕਰਦੇ ਹਨ। ਉਹ ਵਿਪਾਰੀ ਹੁੰਦੇ ਹਨ ਜੋ ਦਿਲ ਨਾਲ ਕਰਦੇ ਹਨ। ਉਹ ਤੁਹਾਡੇ ਆਪਣੇ ਹੁੰਦੇ ਹਨ।
ਦਿਲ ਦਾ ਦਰਦ ਜਦੋਂ ਜ਼ਬਾਨ ਤੇ ਆ ਜਾਂਦਾ ਹੈ ਉਸ ਨੂੰ ਸੁਨਣ ਵਾਲਾ ਇਨਸਾਨ ਵੀ ਇਹੋ-ਜਿਹਾ ਹੋਣਾ ਚਾਹੀਦਾ ਹੈ ਜਿਸ ਨੂੰ ਸੁਨਣ ਦੀ ਜਾਂਚ ਹੋਵੇ। ਉਹ ਵੀ ਆਪ ਅਜਿਹੇ ਸੰਤਾਪ ਵਿਚੋਂ ਦੀ ਲੰਘਿਆ ਹੋਵੇ। ਉਹ ਇਕ ਦੂਸਰੇ ਦੇ ਦਰਦ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹੋਣ। ਸਮਾਜ ਅੱਜ-ਕਲ੍ਹ ਨਿਵਾਣਾ ਵੱਲ ਵੱਧ ਰਿਹਾ ਹੈ। ਪੈਸਾ ਜਾਇਦਾਦ ਆਪਣਿਆਂ ਤੋਂ ਉਪਰ ਹੋ ਗਿਆ। ਐਨਾ ਚੀਜ਼ਾਂ ਨੇ ਇਨਸਾਨ ਬਹੁਤ ਛੋਟਾ ਬਣਾ ਦਿੱਤਾ ਹੈ। ਚਾਹੇ ਖ਼ੂਨ ਦਾ ਰਿਸ਼ਤਾ ਹੋਵੇ, ਦੂਰ ਦਾ ਹੋਵੇ, ਕੋਈ ਕਿਸੇ ਦੀ ਪਰਵਾਹ ਨਹੀਂ ਕਰਦਾ।
ਵਕਤ ਬਦਲ ਗਏ, ਇਨਸਾਨ ਬਦਲ ਗਏ ਮਨ ਬਦਲ ਗਏ, ਕਿਉਂਕਿ ਸਮਾਜ ਜਦੋਂ ਤੇਜ਼ੀ ਨਾਲ ਬਦਲ ਰਿਹਾ ਹੈ ਤਾਂ ਇਹ ਗੱਲਾਂ ਹੋਣੀਆਂ ਲਾਜ਼ਮੀ ਹਨ। ਪਰ ਹਰੇਕ ਇਨਸਾਨ ਨੂੰ ਹਮੇਸ਼ਾ ਸੋਚਣਾ ਪਵੇਗਾ ਕਿ ਜੀਵਨ ਵਿਚ ਉਤਰਾਅ ਚੜਾ ਤਾਂ ਆਉਂਦੇ ਰਹਿੰਦੇ ਹਨ ਪਰ ਅਸਲੀ ਇਨਸਾਨ ਉਹ ਹੈ ਜੋ ਅਮੀਰੀ ਵਿਚ ਨਾ ਬਦਲੇ। ਪੈਸਾ ਸਭਕੁਝ ਦੇ ਸਕਦਾ ਹੈ ਪਰ ਮਨ ਦੀ ਸ਼ਾਂਤੀ ਨਹੀਂ ਦੇ ਸਕਦਾ। ਵੱਡੇ-ਵੱਡੇ ਸੁਪਨਿਆਂ ਤੇ ਕਾਬੂ ਰੱਖਣਾ ਚਾਹੀਦਾ ਹੈ।
ਮੇਰੇ ਦਿਲ ਵਿਚ ਕਈ ਅਜਿਹੀਆਂ ਯਾਦਾਂ ਹਨ ਜਦੋਂ ਮੈਂ ਉਹਨਾਂ ਨੂੰ ਯਾਦ ਕਰਦਾ ਹਾਂ, ਉਹ ਮੈਨੂੰ ਹੌਂਸਲਾ ਦਿੰਦੀਆਂ ਹਨ ਪਰ ਕਈ ਯਾਦਾਂ ਕਮਜ਼ੋਰ ਬਣਾ ਦਿੰਦੀਆਂ ਹਨ। ਸਮੇਂ ਦੇ ਨਾਲ ਚਾਹੇ ਹਰੇਕ ਚੀਜ਼ ਬਦਲ ਜਾਂਦੀ ਹੈ ਪਰ ਯਾਦਾਂ ਹਮੇਸ਼ਾ ਚੇਤੇ ਰਹਿੰਦੀਆਂ ਹਨ। ਸੋਚਣ ਨਾਲ ਅਸੀਂ ਕਿਸੇ ਵੀ ਚੀਜ਼ ਨੂੰ ਬਦਲ ਨਹੀਂ ਸਕਦੇ ਸਗੋਂ ਦਿਲ ਦਾ ਦਰਦ ਹੋਰ ਵੱਧ ਜਾਂਦਾ ਹੈ। ਹਰ ਵਕਤ ਐਂਵੇ ਇਨ੍ਹਾਂ ਗੱਲਾਂ ਬਾਰੇ ਸੋਚੀ ਜਾਣਾ ਇਨਸਾਨ ਨੂੰ ਕਮਜ਼ੋਰ ਬਣਾ ਦਿੰਦਾ ਹੈ। ਵੱਗਦੇ ਪਾਣੀ ਅੰਦਰ ਤਾਂ ਦਰਿਆਵਾਂ ਦੇ ਕੰਢੇ ਵੀ ਖੁਰ ਜਾਂਦੇ ਹਨ, ਇਨਸਾਨ ਦਾ ਦਿਲ ਕੀ ਚੀਜ਼ ਹੈ। ਦਿਲ ਦਾ ਦਰਦ ਜਦੋਂ ਜ਼ਬਾਨ ਤਾਂ ਆਉਂਦਾ ਹੈ ਤਾਂ ਇਨਸਾਨ ਦੇ ਵਿਚਾਰ ਵੀ ਬਦਲ ਜਾਂਦੇ ਹਨ।
ਪੁਰਾਣੇ ਜ਼ਖ਼ਮ ਜਦੋਂ ਦਿਲ ਵਿਚ ਹਰੇ ਹੋ ਜਾਂਦੇ ਹਨ ਤਾਂ ਦਿਲ ਦਾ ਦਰਦ ਤੁਹਾਡੀਆਂ ਅੱਖਾਂ ਰਾਹੀਂ ਛਲਕਦਾ ਹੈ ਫਿਰ ਆਪ ਮਹਾਰੇ ਹੰਝੂ ਡੁਲ ਪੈਂਦੇ ਹਨ। ਫਿਰ ਤੁਹਾਡੇ ਚਿਹਰੇ ਤੋਂ ਤੁਹਾਡਾ ਪਤਾ ਲੱਗ ਜਾਂਦਾ ਹੈ ਬਾਈ ਜੀ ਕਿਹੋ ਜਿਹੇ ਹਲਾਤ ਵਿਚ ਗੁਜ਼ਰ ਰਿਹਾ ਹੈ ਜਿਸ ਨੂੰ ਉਸਨੇ ਅੱਜ ਤੱਕ ਨਹੀਂ ਭੁਲਾਇਆ।
ਹਰੇਕ ਇਨਸਾਨ ਦਾ ਆਪਣਾ ਸੁਭਾਅ ਅਤੇ ਸੋਚ ਹੁੰਦੀ ਹੈ। ਕਦੇ ਵੀ ਕਿਸੇ ਦਾ ਦਿਲ ਨਾ ਦੁਖਾਉ। ਹਰੇਕ ਨੂੰ ਆਪਣੇ ਵਰਗਾ ਸਮਝੋ। ਜੇਕਰ ਤੁਸੀਂ ਕਿਸੇ ਦਾ ਦਰਦ ਵੰਡਾ ਸਕਦੇ ਹੋ, ਜ਼ਰੂਰ ਉਸਤੇ ਪਿਆਰ ਦੀ ਮਲ੍ਹਮ ਲਾਉ। ਤੁਹਾਡੇ ਕੀਤੇ ਉਪਰਾਲੇ ਨਾਲ ਕਿਸੇ ਇਕ ਜ਼ਿੰਦਗੀ ਦਾ ਦਰਦ ਘੱਟ ਹੋ ਸਕੇ ਤਾਂ ਤੁਹਾਡੇ ਵਰਗਾ ਇਨਸਾਨ ਦੂਸਰਿਆਂ ਲਈ ਪ੍ਰੇਰਣਾ ਸਰੋਤ ਬਣ ਸਕਦਾ ਹੈ।
ਕਈ ਵਾਰੀ ਅਸੀਂ ਬਿਨਾ ਸੋਚੇ-ਸਮਝੇ ਇਕ ਦੂਸਰੇ ਨੂੰ ਅਜਿਹਾ ਦਰਦ ਦੇ ਜਾਦੇ ਹਾਂ ਜਿਹੜਾ ਕਿ ਸਾਰੀ ਜ਼ਿੰਦਗੀ ਨਹੀਂ ਭੁਲਦਾ। ਅਜਿਹੇ ਸ਼ਬਦ ਬੋਲਣ ਤੋਂ ਪਹਿਲਾਂ ਸੋ ਵਾਰੀ ਸੋਚੋ ਇਹ ਸ਼ਬਦ ਦੂਸਰੇ ਨੂੰ ਮਾੜੇ ਨਾ ਲੱਗਣ।
ਇਨਸਾਨ ਕਈ ਵਾਰੀ ਅਜਿਹੀਆਂ ਗਲਤੀਆਂ ਕਰ ਲੈਂਦਾ ਹੈ। ਛੋਟੀ ਜਿਹੀ ਗਲਤੀ ਇਨਸਾਨ ਨੂੰ ਇਨ੍ਹਾਂ ਦੂਰ ਲੈ ਜਾਂਦੀ ਹੈ ਕਿ ਜਿਥੋਂ ਮੁੜਨਾ ਮੁਸ਼ਕਲ ਹੋ ਜਾਂਦਾ ਹੈ। ਜੇਕਰ ਤੁਹਾਨੂੰ ਮਹਿਸੂਸ ਹੋ ਜਾਵੇ ਤਾਂ ਆਪਣੀ ਗਲਤੀ ਸਵੀਕਾਰ ਕਰ ਲਵੋ। ਗਲਤੀ ਮੰਨਣ ਨਾਲ ਇਨਸਾਨ ਛੋਟਾ ਨਹੀਂ ਹੋ ਜਾਂਦਾ। ਸਗੋਂ ਕਈ ਵਾਰ ਤੁਸੀਂ ਇਕ ਦੂਸਰੇ ਦੇ ਦਿਲ ਦੇ ਕਾਫ਼ੀ ਨਜ਼ਦੀਕ ਆ ਜਾਂਦੇ ਹੋ।
ਕਈ ਵਾਰ ਬਹੁਤ ਸਾਰੇ ਇਨਸਾਨ ਨਿੱਕੀ ਜਿਹੀ ਗੱਲ ਨੂੰ ਵੀ ਆਪਣੇ ਦਿਲ ਤੇ ਲਾ ਲੈਂਦੇ ਹਨ। ਉਹ ਸੋਚਦੇ ਹਨ ਕਿ ਫਲਾਣੇ ਟਾਇਮ ਇਹ ਗੱਲ ਆਖੀ ਜਿਹੜੀ ਕਿ ਕਈ ਵਾਰ ਇਨਸਾਨ ਚਲਦੀਆਂ ਗੱਲਾਂ ਵਿਚ ਕਰ ਜਾਂਦਾ ਹੈ, ਫਿਰ ਵੀ ਸੋਚ ਸਮਝਕੇ ਗੱਲ ਕਰੋ ਤਾਂ ਕਿ ਕੋਈ ਵਿਅਕਤੀ ਇਹ ਮਹਿਸੂਸ ਨਾ ਕਰੇ ਕਿ ਇਹ ਮੇਰੀ ਗੱਲ ਕਰ ਰਿਹਾ ਹੈ। ਦਿਲ ਬੜਾ ਨਾਜ਼ੁਕ ਚੀਜ਼ ਹੈ। ਜਦੋਂ ਇਨਸਾਨ ਸੋਚਦਾ ਕੁਝ ਹੋਰ ਤੇ ਹੋ ਕੁਝ ਹੋਰ ਜਾਂਦਾ ਹੈ ਫਿਰ ਉਸ ਦਾ ਦਿਲ ਉਸ ਦੇ ਕਾਬੂ ਵਿਚ ਨਹੀਂ ਰਹਿੰਦਾ, ਪਰ ਕਹਿੰਦਾ ਦਿਲਾਂ ਦਾ ਕੀ ਹੈ। ਮਾੜਾ ਚੰਗਾ ਟਾਇਮ ਚਲਦਾ ਰਹਿੰਦਾ ਹੈ ਪਰ ਦਿਲ ਵਿਚ ਸੋਚਦਾ ਹੈ ਕਿ ਅੋਖੇ ਵੇਲੇ ਸੱਜਣ ਛੱਡ ਗਏ, ਉਹਨਾਂ ਦਾ ਚੇਤਾ ਨਹੀਂ ਭੁਲਦਾ। ਦਿਲ ਦਾ ਦਰਦ ਵੱਧਣ ਤੋਂ ਪਹਿਲਾਂ ਦਿਲ ਦੀ ਸੁਣੋ। ਦਿਲ ਅਤੇ ਦਿਮਾਗ਼ ਨਾਲ ਕੀਤੇ ਫ਼ੈਸਲੇ ਹਮੇਸ਼ਾ ਤੁਹਾਡੀ ਜ਼ਿੰਦਗੀ ਵਿਚ ਚੰਗੇ ਸਾਬਤ ਹੋਣਗੇ। ਤੁਸੀਂ ਹਮੇਸ਼ਾ ਕੰਮ ਹੀ ਅਜਿਹੇ ਕਰੋ ਜਿਹੜੇ ਤੁਹਾਡੇ ਦਿਲ ਦੇ ਅਨੁਕੂਲ ਹੋਣ। ਹਮੇਸ਼ਾ ਦਿਲ ਦੇ ਦਰਦ ਤੇ ਕਾਬੂ ਰੱਖੋ। ਦਿਲ ਦੇ ਦਰਦ ਨੂੰ ਵੱਧਣ ਤੋਂ ਪਹਿਲਾਂ ਉਸਨੂੰ ਕੰਟਰੋਲ ਕਰੋ ਜੋ ਕੁਝ ਵਾਹਿਗੁਰੂ ਨੇ ਤੁਹਾਨੂੰ ਦਿੱਤਾ ਹੈ, ਉਸ ਤੇ ਸਬਰ ਕਰੋ। ਆਪਣੇ ਦਿਲ ਦਾ ਦਰਦ ਆਪਣਿਆ ਨਾਲ ਜ਼ਰੂਰ ਸਾਂਝਾ ਕਰੋ। ਕਈ ਵਾਰ ਅਸੀਂ ਅਜਿਹੀਆਂ ਗੱਲਾਂ ਆਪਣੇ ਦਿਲ ਵਿਚ ਸਮੋਹ ਲੈਂਦੇ ਹਾਂ ਦੂਸਰਿਆਂ ਦੀਆਂ ਕਈਆਂ ਗੱਲਾਂ ਸਾਡੇ ਮਨ ਨੂੰ ਉਦਾਸ ਕਰ ਦਿੰਦੀਆ ਹਨ। ਅਸੀਂ ਆਪਣਿਆਂ ਕੋਲ ਉਹ ਗੱਲਾਂ ਕਦੇ ਵੀ ਸ਼ੇਅਰ ਨਹੀਂ ਕਰਦੇ ਜਿਹੜੀਆ ਦਿਲ ਨੂੰ ਅੰਦਰੋਂ-ਅੰਦਰ ਘੁਣ ਵਾਂਗ ਖਾਹੀ ਜਾਂਦੀਆ ਹਨ ਤੇ ਫਿਰ ਅਸੀਂ ਇਕ ਭਿਆਨਕ ਬਿਮਾਰੀ ਦਾ ਸ਼ਿਕਾਰ ਹੋ ਜਾਂਦੇ ਹਾਂ। ਇਹ ਦਰਦ ਕਿਸੇ ਦਾ ਨਹੀਂ ਤੁਹਾਡਾ ਆਪਣਿਆਂ ਦਾ ਦਿੱਤਾ ਹੁੰਦਾ ਹੈ। ਦਿਲ ਦਾ ਦਰਦ ਛੁਪਾਉਣ ਨਾਲੋਂ ਕਿਸੇ ਆਪਣੇ ਨਾਲ ਸਾਂਝਾ ਕਰਨ ਨਾਲ ਸ਼ਾਇਦ ਕੋਈ ਹੱਲ ਨਿਕਲ ਆਵੇ। ਆਪਣੇ ਦਿਲ ਵਿਚ ਕਦੇ ਵੀ ਅਜਿਹੀਆਂ ਗੱਲਾਂ ਨੁੰ ਛੁਪਾ ਕੇ ਨਾ ਰੱਖੋ ਜਿਹੜੀਆਂ ਤੁਹਾਡੇ ਦਿਲ ਨੂੰ ਉਦਾਸ ਕਰਦੀਆਂ ਹੋਣ। ਕਈ ਵਾਰ ਛੋਟੀਆਂ-ਛੋਟੀਆਂ ਗੱਲਾਂ ਵੀ ਤੁਹਾਡੇ ਦਿਲ ਵਿਚ ਭਾਂਬੜ ਬਣ ਜਾਂਦੀਆਂ ਹਨ ਫਿਰ ਦਿਲ ਦਾ ਦਰਦ ਜ਼ਬਾਨ ਤੇ ਆ ਜਾਂਦਾ ਹੈ ਤੇ ਤੁਸੀਂ ਆਪਣਿਆਂ ਨਾਲ ਵੀ ਛੋਟੀ ਜਿਹੀ ਗੱਲ ਤੇ ਐਂਵੇ ਹੀ ਨਰਾਜ਼ ਹੋ ਜਾਂਦੇ ਹੋ ਜਿਸ ਦਾ ਮੁੱਲ ਤੁਹਾਨੂੰ ਕਾਫ਼ੀ ਮਹਿੰਗਾ ਤਾਰਨਾ ਪੈਂਦਾ ਹੈ ਤੇ ਫਿਰ ਬਾਈ ਜੀ ਨੇ ਸੱਚ ਕਿਹਾ
ਜਿਨਾਂ ਦਿਲਾਂ ਵਿਚ ਨਾ ਦਰਦ ਯਾਰੋਂ
ਉਹਨਾਂ ਦਿਲਾਂ ਤੋਂ ਪੱਥਰ ਚੱਟਾਨ ਚੰਗੇ
ਜਿਥੇ ਤਿਤਲੀ ਕਰੇ ਨਾ ਨਾਚ ਆਪਣਾ
ਉਹਨਾਂ ਫੁੱਲਾਂ ਤੋਂ ਬਾਗ਼ ਬਰਾਨ ਚੰਗੇ
ਜਿਨਾਂ ਅੱਖਾਂ ਦੇ ਵਿਚ ਨਾ ਸ਼ਰਮ ਯਾਰੋ
ਉਹਨਾਂ ਅੱਖਾਂ ਤੋਂ ਦੀਦੇ ਬੇਜਾਨ ਚੰਗੇ
-ਜਸਵੰਤ ਸਿੰਘ ਗਰੇਵਾਲ ਸਰੀ

Be the first to comment

Leave a Reply