ਹਾਫ਼ਿਜ਼ ਸਈਦ ਨੂੰ ਬਚਾਉਣ ‘ਚ ਜੁਟਿਆ ਪਾਕਿਸਤਾਨ

ਇਸਲਾਮਾਬਾਦ- ਅਤਿਵਾਦੀ ਸੰਗਠਨਾਂ ਦੀ ਪਨਾਹਗਾਹ ਬਣੇ ਪਾਕਿਸਤਾਨ ਦੀ ਇਕ ਵਾਰ ਫਿਰ ਨਾਪਾਕ ਹਰਕਤ ਸਾਹਮਣੇ ਆਈ ਹੈ। ਪਾਕਿਸਤਾਨ ਮੁੰਬਈ ਹਮਲੇ ਦੇ ਮੁੱਖ ਸਾਜ਼ਸ਼ਘਾੜੇ ਹਾਫ਼ਿਜ਼ ਸਈਦ ਦੇ ਸਮਥਰਨ ‘ਚ ਖੁਲ੍ਹ ਕੇ ਸਾਹਮਣੇ ਆ ਗਿਆ ਹੈ। ਇਹੀ ਕਾਰਨ ਹੈ ਕਿ ਪਾਕਿਸਤਾਨ ਨੇ ਸਪਸ਼ਟ ਕਰ ਦਿਤਾ ਹੈ ਕਿ ਉਹ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਟੀਮ ਨੂੰ ਹਾਫ਼ਿਜ਼ ਸਈਦ ਅਤੇ ਉਸ ਨਾਲ ਸਬੰਧਤ ਸੰਗਠਨਾਂ ਦੀ ਸਿੱਧੀ ਜਾਂਚ ਨਹੀਂ ਕਰਨ ਦੇਵੇਗਾ। ਜ਼ਿਕਰਯੋਗ ਹੈ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਇਕ ਟੀਮ 25 ਅਤੇ 26 ਜਨਵਰੀ ਨੂੰ ਪਾਕਿਸਤਾਨ ਦਾ ਦੌਰਾ ਕਰਨ ਵਾਲੀ ਹੈ। ਮੰਨਿਆ ਜਾ ਰਿਹਾ ਹੈ ਕਿ ਉਹ ਇਸ ਗੱਲ ਦਾ ਜਾਇਜ਼ਾ ਲੈਣ ਜਾ ਰਹੇ ਹਨ ਕਿ ਪਾਕਿਸਤਾਨ ਨੇ ਅਤਿਵਾਦੀ ਹਾਫ਼ਿਜ਼ ਸਈਦ ਅਤੇ ਉਸ ਨਾਲ ਸਬੰਧਤ ਅਤਿਵਾਦੀ ਸੰਗਠਨਾਂ ਵਿਰੁਧ ਵਿਸ਼ਵ ਪਾਬੰਦੀਆਂ ਦੇ ਮੱਦੇਨਜ਼ਰ ਕੀ ਕਾਰਵਾਈ ਕੀਤੀ ਹੈ।ਪਾਕਿ ਮੀਡੀਆ ਦੀ ਇਕ ਰੀਪੋਰਟ ‘ਚ ਉਥੇ ਦੀ ਸਰਕਾਰ ਦੇ ਹਵਾਲੇ ਤੋਂ ਦੱਸਿਆ ਗਿਆ ਹੈ ਕਿ ਯੂ.ਐਨ.ਐਸ.ਸੀ. ਦੀ ਸੈਕਸ਼ਨ ਮੋਨੀਟਰਿੰਗ ਟੀਮ ਨੂੰ ਹਾਫ਼ਿਜ਼ ਸਈਦ ਅਤੇ ਉਸ ਨਾਲ ਸਬੰਧਤ ਸੰਗਠਨਾਂ ਦੀ ਜਾਂਚ ਨਹੀਂ ਕਰਨ ਦਿਤੀ ਜਾਵੇਗੀ।ਜਦਕਿ ਇਕ ਹੋਰ ਰੀਪੋਰਟ ‘ਚ ਸਾਹਮਣੇ ਆਇਆ ਹੈ ਕਿ ਪਾਕਿਸਤਾਨ ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ ਉਹ ਹਾਫ਼ਿਜ਼ ਸਈਦ ਨੂੰ ਲੈ ਕੇ ਕਿਸੇ ਵੀ ਤਰ੍ਹਾ ਦੇ ਦਬਾਅ ‘ਚ ਨਹੀਂ ਆਵੇਗਾ। ਹਾਲਾਂਕਿ ਰੀਪੋਰਟ ‘ਚ ਇਕ ਉੱਚ ਅਧਿਕਾਰੀ ਦੇ ਹਵਾਲੇ ਤੋਂ ਦਸਿਆ ਗਿਆ ਹੈ ਕਿ ਯੂ.ਐਨ.ਐਸ.ਸੀ. ਦੀ ਟੀਮ ਵਲੋਂ ਹਾਲੇ ਤਕ ਸਈਦ ਮਾਮਲੇ ‘ਚ ਸਿੱਧੀ ਜਾਂਚ ਦੀ ਮਨਜ਼ੂਰੀ ਨਹੀਂ ਮੰਗੀ ਹੈ। ਇਕ ਹੋਰ ਅਧਿਕਾਰੀ ਨੇ ਕਿਹਾ, ‘’ਇਹ ਟੀਮ ਪਾਕਿਸਤਾਨ ਦੇ ਅਫ਼ਸਰਾਂ ਨੂੰ ਮਿਲੇਗੀ ਅਤੇ ਪਾਬੰਦੀ ਲਗਾਏ ਗਏ ਸੰਗਠਨਾਂ ਦੀ ਸੂਚੀ ਮੰਗੇਗਾ।‘’ਜ਼ਿਕਰਯੋਗ ਹੈ ਕਿ ਯੂ.ਐਨ. ਨੇ ਪਾਕਿਸਤਾਨ ‘ਚ ਕਈ ਸੰਗਠਨਾਂ ‘ਤੇ ਪਾਬੰਦੀ ਲਗਾਈ ਹੋਈ ਹੈ। ਇਸ ‘ਚ ਜਮਾਤ-ਉਦ-ਦਾਵਾ, ਤਹਿਰੀਕ-ਏ-ਤਾਲਿਬਾਨ, ਲਸ਼ਕਰ-ਏ-ਝਾਂਗਵੀ, ਫਲਾਹ-ਏ-ਇਨਸਾਨੀਅਤ ਫ਼ਾਊਂਡੇਸ਼ਨ ਅਤੇ ਲਸ਼ਕਰ-ਏ-ਤੋਇਬਾ ਸ਼ਾਮਲ ਹਨ। ਇਸ ਤੋਂ ਇਲਾਵਾ ਇਨ੍ਹਾਂ ਸੰਗਠਨਾਂ ਦੇ ਮੁਖੀ ਹਾਫ਼ਿਜ਼ ਸਈਦ ਨੂੰ ਵੀ ਇਸ ਸੂਚੀ ‘ਚ ਸ਼ਾਮਲ ਕੀਤਾ ਗਿਆ ਹੈ।

Be the first to comment

Leave a Reply