ਸਿੱਖ ਤੀਰਥ ਯਾਤਰੀ ਬਨਾਮ ਹਿੰਦੂ ਤੀਰਥ ਯਾਤਰੀ…

ਜਸਪਾਲ ਸਿੰਘ ਹੇਰਾਂ

ਚੀਨ ਦੀ ਸਰਕਾਰ ਨੇ ਸਿਰਫ਼ 60 ਕੁ ਹਿੰਦੂ ਤੀਰਥ ਯਾਰਤੀਆਂ ਨੂੰ ਕੈਲਾਸ਼ ਪਰਬਤ ਦੀ ਯਾਤਰਾ ਤੋਂ ਰੋਕ ਦਿੱਤਾ। ਦਿੱਲੀ ਦਾ ਤਖ਼ਤ ਹਿੱਲ ਉੱਠਿਆ ਹੈ। ਭਗਵਾਂ ਬ੍ਰਿਗੇਡ ਦੀ ਸਰਕਾਰ ਨੇ ਤੁਰੰਤ ਇਸ ਮਾਮਲੇ ਨੂੰ ਚੀਨ ਦੀ ਸਰਕਾਰ ਪਾਸ ਚੁੱਕਿਆ ਤੇ ਤੁਰੰਤ ਹੱਲ ਦੀ ਜੀ- ਤੋੜ ਕੋਸ਼ਿਸ਼ ਕੀਤੀ। ਦੂਜੇ ਪਾਸੇ ਸਿੱਖ ਤੀਰਥ ਯਾਤਰੀਆਂ ਨੇ 16 ਜੂਨ ਨੂੰ ਪੰਜਵੇਂ ਪਾਤਸ਼ਾਹ ਦੇ ਸ਼ਹੀਦੀ ਦਿਵਸ ਮੌਕੇ, ਸ਼ਰਧਾ ਦੇ ਫੁੱਲ ਭੇਂਟ ਕਰਨ ਲਾਹੌਰ ਜਾਣਾ ਸੀ ਅਤੇ ਬੀਤੇ ਦਿਨ 29 ਜੂਨ ਨੂੰ ਇੱਕ ਜਥੇ ਨੇ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਜਾਣਾ ਸੀ। ਸਿੱਖ ਯਾਤਰੂਆਂ ਦੇ ਸਾਰੇ ਕਾਗਜ਼ਾਤ ਸਮੇਤ ਵੀਜ਼ੇ ਦੇ ਪੂਰੇ ਸਨ, ਪ੍ਰੰਤੂ ਭਾਰਤ ਦੀ ਸਰਕਾਰ ਯਾਤਰੀਆਂ ਦੀ ਸੁਰੱਖਿਆ ਦਾ ਬਹਾਨਾ ਬਣਾ ਕੇ, ਪਾਕਿਸਤਾਨ ਵੱਲੋਂ ਯਾਤਰੂਆਂ ਨੂੰ ਲੈਣ ਆਈ, ਰੇਲ ਗੱਡੀ ਤੱਕ ਨੂੰ ਵਾਪਸ ਮੋੜ ਦਿੰਦੀ ਹੈ। ਸਿੱਖ ਯਾਤਰੀਆਂ ਨੇ ਆਪਣੇ ਮਹਾਰਾਜੇ ਦੀ ਬਰਸੀ ਮਨਾਉਣ ਪਾਕਿਸਤਾਨ ਜਾਣਾ ਸੀ, ਉਨਾਂ ਦੀ ਸੁਰੱਖਿਆ ਦੀ ਜੁੰਮੇਵਾਰੀ ਪਾਕਿਸਤਾਨ ਸਰਕਾਰ ਸਿਰ ਹੈ। ਇਹ ਗੱਲ ਖ਼ੁਦ ਮੋਦੀ ਦੀ ਸਰਕਾਰ ਚੀਨ ਕੋਲ ਮੰਨਦੀ ਹੈ ਕਿ ਯਾਤਰੂਆਂ ਦੀ ਸੁਰੱਖਿਆ ਤੁਹਾਡੀ ਜੁੰਮੇਵਾਰੀ ਹੈ, ਚੀਨ ਸਰਕਾਰ, ਉਸ ਜੁੰਮੇਵਾਰੀ ਤੋਂ ਨਾਂਹ ਕਰਦੀ ਹੈ। ਪ੍ਰੰਤੂ ਸਿੱਖ ਯਾਤਰੂਆ ਦੇ ਮੁੱਦੇ ਤੇ ਮੋਦੀ ਸਰਕਾਰ ਦਾ ਨਜ਼ਰੀਆ ਹੀ ਬਦਲ ਜਾਂਦਾ ਹੈ।

ਉਹ ਸਿੱਖ ਯਾਤਰੂਆਂ ਦੀ ਸੁਰੱਖਿਆ ਨੂੰ ਜਿਹੜੇ ਪਾਕਿਸਤਾਨ ਜਾ ਰਹੇ ਹਨ, ਆਪਣੇ ਸਿਰ ਮੰਨਦੀ ਹੈ ਅਤੇ ਇਸੇ ਸੁਰੱਖਿਆ ਦਾ ਬਹਾਨਾ ਲਾ ਕੇ, ਉਹ ਸਿੱਖ ਸ਼ਰਧਾਲੂਆਂ ਦੀ ਪਾਕਿਸਤਾਨ ਯਾਤਰਾ ਦੀ ਆਗਿਆ ਨਹੀਂ ਦਿੰਦੀ।ਕੀ ਇਸ ਦੇਸ਼ ‘ਚ ਦੋ ਕਾਨੂੰਨ ਹਨ, ਸਿੱਖਾਂ ਲਈ ਹੋਰ, ਬਹੁਗਿਣਤੀ ਲਈ ਹੋਰ। ਹੁਣ ਕਿਸੇ ਨੂੰ ਇਸ ਪ੍ਰਤੱਖ ਲਈ ਪ੍ਰਮਾਣ ਦੀ ਲੋੜ ਬਾਕੀ ਨਹੀਂ ਰਹਿ ਗਈ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਭਾਜਪਾ ਨਾਲ ਨੁੰਹ- ਮਾਸ ਦਾ ਰਿਸ਼ਤਾ ਦੱਸਣ ਵਾਲੇ ਬਾਦਲਕਿਆਂ ਨੂੰ ਮੋਦੀ ਸਰਕਾਰ ਤੋਂ ਇਹ ਸੁਆਲ ਜ਼ਰੂਰ ਪੁੱਛਣਾ ਚਾਹੀਦਾ ਹੈ ਕਿ ਆਖ਼ਰ ਕੈਲਾਸ਼ ਪਰਬਤ ਦੀ ਯਾਤਰਾ ਤੇ ਜਾਣ ਵਾਲੇ ਸ਼ਰਧਾਲੂਆਂ ਤੇ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਨੂੰ ਨਤਮਸਤਕ ਹੋਣ ਵਾਲੇ ਤੇ ਮਹਾਰਾਜਾ ਰਣਜੀਤ ਸਿੰਘ ਨੂੰ ਉਸਦੀ ਬਰਸੀ ਤੇ ਯਾਦ ਕਰਨ ਵਾਲੇ ਸਿੱਖ ਸ਼ਰਧਾਲੂਆਂ’ਚ ਫ਼ਰਕ ਕਿਉਂ ਮੰਨਿਆ ਗਿਆ ਹੈ?

ਜੇ ਮੋਦੀ ਸਰਕਾਰ ਨੂੰ ਸਿੱਖ ਯਾਤਰੂਆ ਦੀ ਸੁਰੱਖਿਆ ਪ੍ਰਤੀ ਸ਼ੰਕਾ ਸੀ ਤਾਂ ਉਹ ਸ਼੍ਰੋਮਣੀ ਕਮੇਟੀ ਤੋਂ ਜੁੰਮੇਵਾਰੀ ਲੈ ਲੈਂਦੀ। ਪ੍ਰੰਤੂ ਅਸਲ ‘ਚ ਕਿਉਂਕਿ ਮਾਜਰਾ ਕੁੱਝ ਹੋਰ ਹੀ ਹੈ ਇਸ ਲਈ ਮੋਦੀ ਦੀ ਸਰਕਾਰ ਨੇ ਸਿੱਖ ਯਾਤਰੂਆ ਦੀ ਯਾਤਰਾ ਜਾਣਬੁੱਝ ਕੇ ਰੱਦ ਕਰਵਾਈ ਹੈ। ਸਿੱਖਾਂ ਦੀ ਨੁੰਮਾਇਦਾ ਜਮਾਤ ਇਸ ਸਬੰਧੀ ਆਪਣਾ ਰੋਸ ਪ੍ਰਗਟਾਉੁਂਦੀ ਵੀ ਹੈ ਜਾਂ ਨਹੀਂ ਇਹ ਵੇਖਣ ਵਾਲੀ ਗੱਲ ਹੈ ਪ੍ਰੰਤੂ ਇਸ ਦੇਸ਼ ਵਿੱਚ ਸਿੱਖਾਂ ਨੂੰ ਬਰਾਬਰ ਸ਼ਹਿਰੀ ਨਹੀਂ ਸਮਝਿਆ ਜਾਂਦਾ ਉਹ ਜ਼ਰੂਰ ਇੱਕ ਵਾਰ ਫ਼ਿਰ ਸਾਫ਼ ਹੋ ਗਿਆ ਹੈ।

Be the first to comment

Leave a Reply