ਸਿਆਟਲ ਵਿਚ ਨਗਰ ਕੀਰਤਨ 21 ਮਈ ਨੂੰ

ਸੋਵੀਅਰ ਸੈਂਟਰ ਕੇਸਰੀ ਰੰਗ ਵਿਚ ਰੰਗਿਆ ਜਾਵੇਗਾ

ਸਿਆਟਲ (ਗੁਰਚਰਨ ਸਿੰਘ ਢਿੱਲੋਂ):ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਗੁ. ਸਿੰਘ ਸਭਾ ਰੈਂਟਨ ਵੱਲੋਂ ਸਮੂਹ ਗੁਰੂਘਰਾਂ ਦੇ ਸਹਿਯੋਗ ਨਾਲ 21 ਮਈ ਨੂੰ ਸਵੇਰੇ 8 ਵਜੇ ਤੋਂ ਸ਼ਾਮ ਤੱਕ ਵਿਸ਼ਾਲ ਨਗਰ ਕੀਰਤਨ ਸੋਵੀਅਰ ਸੈਂਟਰ ਕੈਂਟ ਵਿਚ ਕੱਢਿਆ ਜਾ ਰਿਹਾ ਹੈ ਜਿਸ ਦੀਆਂ ਤਿਆਰੀਆਂ ਜੋਰਾਂ ਨਾਲ ਚੱਲ ਰਹੀਆਂ ਹਨ ਅਤੇ ਸੰਗਤ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।ਵਾਸ਼ਿੰਗਟਨ ਸਟੇਟ ਦੇ ਕੋਨੇ ਕੋਨੇ ਤੋਂ ਭਾਰੀ ਗਿਣਤੀ ਵਿਚ ਸੰਗਤਾਂ ਪਹੁੰਚ ਰਹੀਆਂ ਹਨ ਅਤੇ ਖਾਣਿਆਂ ਦੇ ਵੱਖ ਵੱਖ ਤਰ੍ਹਾਂ ਦੇ ਸਟਾਲ ਲਗਵਾਏ ਜਾ ਰਹੇ ਹਨ ਜਿਸ ਦੀਆਂ ਤਿਆਰੀਆਂ ਹੋ ਚੁੱਕੀਆਂ ਹਨ।ਵੱਖ ਵੱਖ ਗੁਰੂਘਰਾਂ ਵੱਲੋਂ ਸ਼ਾਨਦਾਰ ਫਲੋਟ ਤਿਆਰ ਕੀਤੇ ਗਏ ਹਨ ਅਤੇ ਸੋਵੀਅਰ ਸੈਂਟਰ ਨੂੰ ਦੁਲਹਨ ਵਾਂਗ ਸਜਾ ਕੇ ਕੇਸਰੀ ਰੰਗ ਵਿਚ ਰੰਗਿਆ ਜਾਵੇਗਾ।ਮੁਖ ਸੇਵਾਦਾਰ ਹਰਮਿੰਦਰ ਸਿੰਘ ਨੇ ਦੱਸਿਆ ਕਿ ਸਵੇਰੇ 8 ਤੋਂ 2 ਵਜੇ ਤੱਕ ਆਸਾ ਦੀ ਵਾਰ ਤੇ ਧਾਰਮਿਕ ਦੀਵਾਨ ਸਜਣਗੇ।ਜਿੱਥੇ ਭਾਈ ਜਰਨੈਲ ਸਿੰਘ ਦਾ ਕੀਰਤਨੀ ਜਥਾ, ਭਾਈ ਨਿਰੰਜਨ ਸਿੰਘ ਜਵੱਦੀ ਕਲਾਂ ਤੇ ਭਾਈ ਪਰਮਜੀਤ ਸਿੰਘ ਦਾ ਕੀਰਤਨੀ ਜਥਾ ਅਤੇ ਭਾਈ ਲਖਬੀਰ ਸਿੰਘ ਕੋਮਲ ਦਾ ਢਾਡੀ ਜਥਾ ਗੁਰੁ ਦਾ ਜੱਸ ਗਾਇਨ ਕਰਨਗੇ ਅਤੇ ਧਾਰਮਿਕ ਵੀਚਾਰਾਂ ਹੋਣਗੀਆਂ।ਦੁਪਹਿਰ 2-5 ਵਜੇ ਤੱਕ ਸੋਵੀਅਰ ਸੈਂਟਰ ਕੈਂਟ ਦੇ ਆਸ ਪਾਸ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਪੰਜ ਪਿਆਰਿਆਂ ਦੀ ਅਗਵਾਈ ਹੇਠ ਸੰਗਤਾਂ ਦੇ ਭਾਰੀ ਇਕੱਠ ਵਿਚ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਜਿਸ ਵਿਚ ਸ਼ਾਮਲ ਹੋਣ ਲਈ ਸੰਗਤਾਂ ਨੂੰ ਕੇਸਰੀ ਦਸਤਾਰਾਂ ਤੇ ਦੁਪੱਟੇ ਸਜਾ ਕੇ ਪਹੁੰਚਣ ਲਈ ਅਪੀਲ ਕੀਤੀ ਜਾ ਰਹੀ ਹੈ।

Be the first to comment

Leave a Reply