ਭਾਰਤ-ਪਾਕਿ ਵਿਵਾਦ ਸ਼ਾਂਤੀ ਨਾਲ ਹੱਲ ਹੋਣ: ਚੀਨ

ਪੇਈਚਿੰਗ:- ਚੀਨ ਨੇ ਆਸ ਜਤਾਈ ਕਿ ਭਾਰਤ ਅਤੇ ਪਾਕਿਸਤਾਨ ਆਪਣੇ ਮਤਭੇਦਾਂ ਨੂੰ ਵਾਰਤਾ ਅਤੇ ਵਿਚਾਰ ਵਟਾਂਦਰੇ ਨਾਲ ਸੁਲਝਾਉਣ ਦੀਆਂ ਲਗਾਤਾਰ ਕੋਸ਼ਿਸ਼ਾਂ ਕਰ ਸਕਦੇ ਹਨ। ਚੀਨੀ ਵਿਦੇਸ਼ ਮੰਤਰੀ ਹੁਆ ਚੁਨਯਿੰਗ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੇਈਚਿੰਗ ਨੂੰ ਪਤਾ ਲੱਗਿਆ ਹੈ ਕਿ ਭਾਰਤੀ ਫ਼ੌਜ ਦੇ ਕਮਾਂਡੋਜ਼ ਨੇ ਇਸ ਹਫ਼ਤੇ ਸਰਹੱਦ ਪਾਰ ਤਿੰਨ ਪਾਕਿਸਤਾਨ ਸੈਨਿਕਾਂ ਨੂੰ ਹਲਾਕ ਕਰ ਦਿੱਤਾ ਸੀ। ਉਸ ਨੇ ਕੰਟਰੋਲ ਰੇਖਾ ‘ਤੇ ਚਲ ਰਹੇ ਤਣਾਅ ਦੇ ਮੌਜੂਦਾ ਦੌਰ ਸਬੰਧੀ ਕੋਈ ਟਿੱਪਣੀ ਕਰਨ ਤੋਂ ਗੁਰੇਜ਼ ਕੀਤਾ ਪਰ ਇੰਨਾ ਜ਼ਰੂਰ ਕਿਹਾ ਕਿ ਦੋਵੇਂ ਮੁਲਕਾਂ ਨੂੰ ਖੇਤਰੀ ਸ਼ਾਂਤੀ ਅਤੇ ਸਥਿਰਤਾ ਲਈ ਵਚਨਬੱਧ ਰਹਿਣਾ ਚਾਹੀਦਾ ਹੈ। ਇਕ ਸਵਾਲ ਦੇ ਜਵਾਬ ‘ਚ ਹੁਆ ਨੇ ਕਿਹਾ,”ਭਾਰਤ ਅਤੇ ਪਾਕਿਸਤਾਨ ਦੇ ਸਾਂਝੇ ਗੁਆਂਢੀ ਵਜੋਂ ਅਸੀਂ ਆਸ ਕਰਦੇ ਹਾਂ ਕਿ ਦੋਵੇਂ ਮੁਲਕ ਗੱਲਬਾਤ ਰਾਹੀਂ ਵਿਵਾਦਾਂ ਦਾ ਢੁਕਵਾਂ ਹੱਲ ਕੱਢ ਸਕਦੇ ਹਨ।” ਜ਼ਿਕਰਯੋਗ ਹੈ ਕਿ ਭਾਰਤੀ ਸੈਨਾ ਦੇ ਸੂਤਰਾਂ ਨੇ ਨਵੀਂ ਦਿੱਲੀ ‘ਚ ਕਿਹਾ ਸੀ ਕਿ ‘ਘਾਤਕ’ ਕਮਾਂਡੋਜ਼ ਦੇ ਛੋਟੇ ਗਰੁੱਪ ਨੇ ਕੰਟਰੋਲ ਰੇਖਾ ਦੇ 200 ਤੋਂ 300 ਮੀਟਰ ਘੇਰੇ ਅੰਦਰ ਪਾਕਿਸਤਾਨੀ ਚੌਕੀ ਨੂੰ ਨਿਸ਼ਾਨਾ ਬਣਾਇਆ ਜਿਸ ‘ਚ ਤਿੰਨ ਪਾਕਿਸਤਾਨੀ ਸੈਨਿਕ ਹਲਾਕ ਅਤੇ ਇਕ ਹੋਰ ਜ਼ਖ਼ਮੀ ਹੋ ਗਿਆ। ਇਸ ਕਾਰਵਾਈ ਨੂੰ ਚਾਰ ਭਾਰਤੀ ਸੈਨਿਕਾਂ ਦੀ ਸ਼ਹੀਦੀ ਦਾ ਬਦਲਾ ਮੰਨਿਆ ਜਾ ਰਿਹਾ ਹੈ।

Be the first to comment

Leave a Reply