ਪੰਥਕ ਮਖੌਟਾ ਪਾ ਕੇ ਸਿੱਖੀ ਦੀਆਂ ਗੱਲਾਂ ਕਰਨ ਵਾਲਿਆਂ ਤੋਂ ਕੌਮ ਰਹੇ ਸੁਚੇਤ – ਬਾਬਾ ਦਲੇਰ ਸਿੰਘ ਖੇੜੀ

ਮੈਲਬੌਰਨ, (ਸਰਤਾਜ ਸਿੰਘ ਧੌਲ)- ਪੰਥ ਦੇ ਉੱਘੇ ਸਿੱਖ ਪ੍ਰਚਾਰਕ ਬਾਬਾ ਦਲੇਰ ਸਿੰਘ ਖਾਲਸਾ ਖੇੜੀ ਵਾਲਿਆਂ ਨੇ ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਕੀਜਬੋਰੋ ਮੈਲਬੌਰਨ ਵਿਖੇ ਤਿੰਨ ਦਿਨ੍ਹਾਂ ਧਾਰਮਿਕ ਦੀਵਾਨਾਂ ਦੌਰਾਨ ਕੀਰਤਨ ਵਖਿਆਨ ਕਰਦੇ ਹੋਏ ਕਿਹਾ ਕਿ ਸਿੱਖ ਸੰਗਤ ਨੂੰ ਅੱਜ ਦੇਹਧਾਰੀ ਲੋਕਾਂ ਦੇ ਨਾਲ-ਨਾਲ ਪੰਥਕ ਮੌਖਟਾ ਪਾ ਕੇ ਸਿੱਖ ਕੌਮ ਦਾ ਨੁਕਸਾਨ ਕਰ ਰਹੇ ਅਖੋਤੀ ਪ੍ਰਚਾਰਕਾਂ ਤੋਂ ਵੀ ਸੁਚੇਤ ਹੋਣ ਦੀ ਲੋੜ ਹੈ, ਜੋ ਸਿੱਖੀ ਦੇ ਭੇਸ ਵਿਚ ਪੰਥ ਨੂੰ ਖੋਰਾ ਲਾ ਰਹੇ ਹਨ। ਬਾਬਾ ਦਲੇਰ ਸਿੰਘ ਖੇੜੀ ਵਾਲਿਆਂ ਨੇ ਵੱਧ ਰਹੇ ਡੇਰਾਵਾਦ ਤੇ ਸਖ਼ਤ ਪ੍ਰਤੀਕਰਮ ਦਿੰਦੇ ਹੋਏ ਕਿਹਾ ਕਿ ਡੇਰਾਵਾਦ ਬੁਨਿਆਦੀ ਤੌਰ ‘ਤੇ ਇਕ ਵਿਅਕਤੀ ਵਿਸ਼ੇਸ਼ ਦੀ ਪੂਜਾ ਹੈ, ਜਿਸ ਨੂੰ ਲੋਕ ਰੱਬ ਸਮਝਣ ਲੱਗ ਪੈਂਦੇ ਹਨ ਅਤੇ ਉਹ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਦਾ ਹੈ। ਜਦ ਕਿ ਸਿੱਖ ਕੌਮ ਦੇ ਸਿਧਾਂਤਾਂ ਅਨੁਸਾਰ ਕੋਈ ਵੀ ਦੇਹਧਾਰੀ ਵਿਅਕਤੀ ਆਪਣੇ ਬਚਨਾਂ ਰਾਹੀਂ ਤਾਂ ਲੋਕਾਈ ਨੂੰ ਸਿੱਧੇ ਰਾਹ ਪਾ ਸਕਦਾ ਹੈ ਪਰ ਕਦੇ ਵੀ ਉਸ ਪਰਮ ਪ੍ਰਮਾਤਮਾ ਦਾ ਮੁਕਾਬਲਾ ਨਹੀਂ ਕਰ ਸਕਦਾ ਕਿਉਂਕਿ ਵਾਹਿਗੁਰੂ ਸਰਬ ਸ਼ਕਤੀਮਾਨ ਹੈ। ਉਨ੍ਹਾਂ ਅੱਗੇ ਕਿਹਾ ਕਿ ਅੱਜ ਸਿੱਖ ਕੌਮ ਅੰਦਰ ਵੀ ਕੁਝ ਅਜਿਹੇ ਲੋਕ ਆ ਗਏ ਹਨ ਜੋ ਬਾਣੀ ਅਤੇ ਬਾਣੇ ਤੇ ਕਿੰਤੂ-ਪਰੰਤੂ ਕਰਕੇ ਸਿੱਖ ਸੰਗਤ ਨੂੰ ਗੁੰਮਰਾਹ ਕਰ ਰਹੇ ਹਨ ਅਤੇ ਪੰਥ ਨੂੰ ਦੁਬਿਧਾ ਵਿਚ ਪਾ ਕੇ ਆਪਣਾ ਉੱਲੂ ਸਿੱਧਾ ਕਰਨ ਵਿਚ ਲੱਗੇ ਹੋਏ ਹਨ। ਅਜਿਹੇ ਲੋਕਾਂ ਤੋਂ ਸਮੁੱਚੀ ਕੌਮ ਨੂੰ ਸੁਚੇਤ ਰਹਿ ਕੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣਾ ਚਾਹੀਦਾ ਹੈ।

Be the first to comment

Leave a Reply