ਜੌੜੇ ਭਰਾਵਾਂ ਸ਼ੌਨ ਅਤੇ ਡੀਨ ਨੇ ਸੱਤ ਪੰਜਾਬੀਆਂ ਨੂੰ ਡੁੱਬਣੋਂ ਬਚਾਇਆ

ਸਿਡਨੀ,( ਗੁਰਚਰਨ ਕਾਹਲੋਂ)
ਦੋ ਆਸਟਰੇਲਿਆਈ ਜੌੜੇ ਭਰਾਵਾਂ ਸ਼ੌਨ ਅਤੇ ਡੀਨ ਦੀ ਮਦਦ ਨੇ ਪੰਜਾਬੀ ਭਾਈਚਾਰੇ ਨਾਲ ਵਾਪਰਨ ਜਾ ਰਹੀ ਵੱਡੀ ਅਣਹੋਣੀ ਨੂੰ ਮੋੜਾ ਦਿੱਤਾ ਹੈ। ਕ੍ਰਿਸਮਸ ਵਾਲੇ ਦਿਨ ਅੱਠ ਪੰਜਾਬੀ ਨੌਜਵਾਨ ਬੀਚ ਕੰਢੇ ਤੋਂ ਛੱਲ ਨਾਲ ਖਿਸਕ ਕਿ ਡੂੰਘੇ ਸਮੁੰਦਰ ਵਿਚ ਘਿਰ ਗਏ ਸਨ। ਸ਼ੌਨ ਅਤੇ ਡੀਨ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਸੱਤ ਨੌਜਵਾਨਾਂ ਨੂੰ ਮੌਤ ਦੇ ਮੂੰਹ ਵਿੱਚੋਂ ਬਾਹਰ ਕੱਢ ਲਿਆਂਦਾ। ਇਹ ਦੋਵੇਂ ਭਰਾ ਪੰਜਾਬੀਆਂ ਤੋਂ ਇਲਾਵਾ ਸਥਾਨਕ ਆਸਟਰੇਲੀਅਨ ਭਾਈਚਾਰੇ ‘ਚ ਹੀਰੋ ਬਣ ਕਿ ਉੱਭਰੇ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮੰਦਭਾਗੀ ਘਟਨਾ ਗੋਲਡ ਕੋਸਟ ਨੇੜੇ ਬੀਚ ਕੰਢੇ ਵਾਪਰੀ ਸੀ। ਇਸ ਹਾਦਸੇ ਵਿੱਚ ਰਵਨੀਤ ਸਿੰਘ ਗਿੱਲ (22) ਵਾਸੀ ਪਿੰਡ ਗਿੱਲ, ਲੁਧਿਆਣਾ ਦੀ ਮੌਤ ਹੋ ਗਈ ਸੀ। ਸ਼ੌਨ ਅਤੇ ਡੀਨ ਦਾ ਕਹਿਣਾ ਹੈ ਕਿ ਉਹ ਆਪਣੇ ਪਰਿਵਾਰ ਨਾਲ ਬੀਚ ਕੰਢੇ ਕ੍ਰਿਸਮਸ ਦਿਹਾੜਾ ਮਨਾਉਣ ਲਈ ਗਏ ਸਨ ਕਿ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਨੌਜਵਾਨਾਂ ਦਾ ਗਰੁੱਪ ਬੀਚ ਦੀਆਂ ਛੱਲ ਵਿਚ ਘਿਰ ਗਿਆ। ਇਨ੍ਹਾਂ ਨੌਜਵਾਨਾਂ ਨੂੰ ਪੂਰੀ ਤਰ੍ਹਾਂ ਨਾਲ ਤੈਰਨਾ ਨਹੀਂ ਸੀ ਆਉਂਦਾ। ਉਹ ਮਦਦ ਲਈ ਗੁਹਾਰ ਲਾ ਰਹੇ ਸਨ। ਪਾਣੀ ਦੀਆਂ ਛੱਲਾਂ ਨਾਲ ਉਹ ਸਾਰੇ ਖਿੰਡ ਚੁੱਕੇ ਸਨ। ਇਸੇ ਦੌਰਾਨ ਦੋ ਲਾਈਫ਼ ਗਾਰਡ ਵੀ ਮਦਦ ਲਈ ਪਾਣੀ ‘ਚ ਪਹੁੰਚੇ। ਸਭ ਨੂੰ ਛੇਤੀ ਨਾਲ ਕੱਢਣਾ ਮੁਸ਼ਕਲ ਸੀ। ਪਰ ਕੰਢੇ ‘ਤੇ ਖੜ੍ਹੇ ਲੋਕ ਇਸ ਹੋਣੀ ਨੂੰ ਮੂਕ ਦਰਸ਼ਕ ਬਣ ਕਿ ਵੇਖ ਰਹੇ ਸਨ।
ਉਹ ਦੋਵੇਂ ਭਰਾ ਫੁਰਤੀ ਨਾਲ ਪਾਣੀ ‘ਚ ਕੁੱਦੇ। ਉਨ੍ਹਾਂ ਨੇ ਇੱਕ ਦੇ ਬਾਅਦ ਇੱਕ ਨੂੰ ਬਾਹਰ ਕੱਢਿਆ। ਪਰ ਰਵਨੀਤ ਕੰਢੇ ਤੋਂ ਕਰੀਬ 100 ਮੀਟਰ ਦੂਰ ਡੂੰਘੇ ਪਾਣੀ ‘ਚ ਜਾ ਚੁੱਕਾ ਸੀ। ਤੈਰਾਕਾਂ ਨੇ ਉਸ ਦੇ ਸਰੀਰ ਨੂੰ ਲੱਭ ਕਿ ਬਾਹਰ ਲਿਆਂਦਾ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਸੁਖਮਿੰਦਰ ਸਿੰਘ ਧਾਲੀਵਾਲ ਅਨੁਸਾਰ ਸਾਰੇ ਨੌਜਵਾਨਾਂ ਨੂੰ ਅਮਲੇ ਨੇ ਮੁੱਢਲੀ ਸਹਾਇਤਾ ਨਾਲ ਬਚਾ ਲਿਆ ਪਰ ਦੋ ਨੌਜਵਾਨਾਂ ਦੀ ਹਾਲਤ ਗੰਭੀਰ ਸੀ ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਅਤੇ ਕੱਲ੍ਹ ਉਨ੍ਹਾਂ ਨੂੰ ਹਸਪਤਾਲ ਵਿੱਚੋਂ ਛੁੱਟੀ ਮਿਲੀ।ਸਮਾਜ ਸੇਵੀ ਮਨਜੀਤ ਬੋਪਾਰਾਏ ਨੂੰ ਮ੍ਰਿਤਕ ਰਵਨੀਤ ਦੇ ਵਾਰਸਾਂ ਨੇ ਸਰਕਾਰ ਨਾਲ ਪੱਤਰ ਵਿਹਾਰ ਕਰਨ ਅਤੇ ਉਸ ਦੀ ਮਿ੍ਤਕ ਦੇਹ ਪੰਜਾਬ ਪਹੁੰਚਾਉਣ ਲਈ ਲਿਖਤੀ ਅਥਾਰਟੀ ਦਿੱਤੀ ਹੈ। ਬੋਪਾਰਾਏ ਨੇ ਕਿਹਾ ਕਿ ਸਿਡਨੀ ‘ਚ ਗਲੀਬ ਵਿਖੇ ਸਟੇਟ ਜਾਂਚ ਅਧਿਕਾਰੀ, ਹਸਪਤਾਲ ਪ੍ਰਬੰਧਕ ਤੇ ਭਾਰਤੀ ਦੂਤਾਵਾਸ ਦਫ਼ਤਰ ਵੱਲੋਂ ਯਤਨ ਕੀਤੇ ਜਾ ਰਹੇ ਹਨ ਪਰ ਕ੍ਰਿਸਮਸ ਦੀਆਂ ਛੁੱਟੀਆਂ ਅੜਿੱਕਾ ਬਣ ਰਹੀਆਂ ਹਨ। ਗੋਲਡ ਕੋਸਟ ਸਿੱਖ ਕੌਂਸਲ ਨੇ ਮ੍ਰਿਤਕ ਪਰਿਵਾਰ ਦੀ ਆਰਥਿਕ ਮਦਦ ਵਜੋਂ ਕਰੀਬ 13000 ਡਾਲਰ ਦਾਨ ਰਾਹੀਂ ਇਕੱਠੇ ਕੀਤੇ ਹਨ। ਸਾਊਦਰਨ ਕਰੌਸ, ਯੂਨੀਵਰਸਿਟੀ ਨੇ ਵਿਦਿਆਰਥੀ ਰਵਨੀਤ ਨੂੰ ਹੋਣਹਾਰ ਤੇ ਸਾਊ ਸੂਭਾਅ ਵਾਲਾ ਦੱਸਦਿਆਂ ਉਸ ਦੀ ਸ਼ਲਾਘਾ ਕੀਤੀ। ਉਹ 2014 ਵਿੱਚ ਆਸਟਰੇਲੀਆ ਆਇਆ ਸੀ।

Be the first to comment

Leave a Reply