ਚੀਨ ਨੇ ਅੱਤਵਾਦ ਨਾਲ ਲੜਾਈ ਨੂੰ ਲੈ ਕੇ ਪਾਕਿਸਤਾਨ ਦੇ ਪੱਖ ‘ਚ ਕੀਤੀ ਗੱਲ

ਬੀਜਿੰਗ, (ਭਾਸ਼ਾ)— ਪਾਕਿਸਤਾਨ ‘ਤੇ ਅੱਤਵਾਦੀ ਸਮੂਹਾਂ ਵਿਰੁੱਧ ਕਾਰਵਾਈ ਕਰਨ ਅਤੇ ਉਨ੍ਹਾਂ ਦੇ ਸ਼ਰਨਸਥਲਾਂ ਨੂੰ ਤਬਾਹ ਕਰਨ ਲਈ ਵਧਦੇ ਦਬਾਅ ਦਰਮਿਆਨ ਉਸ ਦੇ ਸਹਿਯੋਗੀ ਚੀਨ ਨੇ ਉਸ ਦੇ ਪੱਖ ‘ਚ ਗੱਲ ਕੀਤੀ ਹੈ। ਚੀਨ ਨੇ ਕੌਮਾਂਤਰੀ ਭਾਈਚਾਰੇ ਨੂੰ ਕਿਹਾ ਕਿ ਇਸਲਾਮਾਬਾਦ ਵਲੋਂ ਅੱਤਵਾਦ ਵਿਰੁੱਧ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਸਮਝਿਆ ਜਾਵੇ। ਪਾਕਿਸਤਾਨ ਵਿਚ ਅੱਤਵਾਦ ਦੇ ਸ਼ਰਨਸਥਲਾਂ ਨੂੰ ਬਰਦਾਸ਼ਤ ਨਾ ਕੀਤੇ ਜਾਣ ਸੰਬੰਧੀ ਅਮਰੀਕੀ ਵਿਦੇਸ਼ ਮੰਤਰੀ ਰੈਕਸ ਟਿਲਰਸਨ ਦੇ ਨਵੀਂ ਦਿੱਲੀ ‘ਚ ਦਿੱਤੇ ਬਿਆਨ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੇਂਗ ਸ਼ੁਆਂਗ ਨੇ ਕਿਹਾ ਕਿ ਇਸਲਾਮਾਬਾਦ ਨੇ ਅੱਤਵਾਦ ਰੋਕੂ ਮੋਰਚਿਆਂ ‘ਤੇ ਕਈ ਸਾਲਾਂ ਤੋਂ ਸਕਾਰਾਤਮਕ ਕੋਸ਼ਿਸ਼ਾਂ ਕੀਤੀਆਂ ਹਨ ਅਤੇ ਵੱਡੀਆਂ ਕੁਰਬਾਨੀਆਂ ਦਿੱਤੀਆਂ ਹਨ।

ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਨੇ ਵੈਸ਼ਵਿਕ ਸ਼ਾਂਤੀ ਲਈ ਅਤੇ ਖੇਤਰੀ ਸਥਿਰਤਾ ਬਣਾ ਕੇ ਰੱਖਣ ਵਿਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ। ਸਾਡਾ ਮੰਨਣਾ ਹੈ ਕਿ ਕੌਮਾਂਤਰੀ ਭਾਈਚਾਰੇ ਨੂੰ ਅੱਤਵਾਦ ਰੋਕੂ ਕਾਰਵਾਈ ‘ਚ ਪਾਕਿਸਤਾਨ ਦੀਆਂ ਕੋਸ਼ਿਸ਼ਾਂ ਨੂੰ ਸਮਝਣਾ ਚਾਹੀਦਾ ਹੈ। ਟਿਲਰਸਨ ਦੀ ਇਸਲਾਮਾਬਾਦ ਯਾਤਰਾ ਦਾ ਜ਼ਿਕਰ ਕਰਦੇ ਹੋਏ ਗੇਂਗ ਨੇ ਕਿਹਾ ਕਿ ਅਸੀਂ ਆਪਸੀ ਸਮਝ ਦੇ ਆਧਾਰ ‘ਤੇ ਅੱਤਵਾਦ ਰੋਕੂ ਸਹਿਯੋਗ ਲਈ, ਵੈਸ਼ਵਿਕ ਸ਼ਾਂਤੀ ਅਤੇ ਸਥਿਰਤਾ ਦੀ ਸਾਂਝੀ ਵਚਨਬੱਧਤਾ ਲਈ ਪਾਕਿਸਤਾਨ ਅਤੇ ਅਮਰੀਕਾ ਦਾ ਸੁਆਗਤ ਕਰਦੇ ਹਾਂ।

ਟਿਲਰਸਨ ਅਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਬੁੱਧਵਾਰ ਨੂੰ ਵੱਖ-ਵੱਖ ਮੁੱਦਿਆਂ ‘ਤੇ ਗੱਲਬਾਤ ਤੋਂ ਬਾਅਦ ਸਾਂਝੇ ਬਿਆਨ ਵਿਚ ਪਾਕਿਸਤਾਨ ਨੂੰ ਅੱਤਵਾਦੀ ਸੰਗਠਨਾਂ ਵਿਰੁੱਧ ਕਾਰਵਾਈ ਕਰਨ ਨੂੰ ਕਿਹਾ ਸੀ। ਅਮਰੀਕਾ ਦਾ ਕਹਿਣਾ ਹੈ ਕਿ ਇਹ ਅੱਤਵਾਦੀ ਸਮੂਹ ਹੁਣ ਪਾਕਿਸਤਾਨ ਸਰਕਾਰ ਦੀ ਸਥਿਰਤਾ ਨੂੰ ਵੀ ਖਤਰਾ ਪਹੁੰਚਾ ਰਹੇ ਹਨ। ਟਿਲਰਸਨ ਨੇ ਅੱਤਵਾਦ ਨਾਲ ਲੜਨ ‘ਚ ਭਾਰਤ ਨੂੰ ਪੂਰੀ ਤਰ੍ਹਾਂ ਸਹਿਯੋਗ ਦਾ ਭਰੋਸਾ ਦਿੰਦੇ ਹੋਏ ਕਿਹਾ, ”ਅੱਤਵਾਦ ਦੀ ਸੁਰੱਖਿਆ ਸ਼ਰਨਸਥਲਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।”

Be the first to comment

Leave a Reply