ਚੀਨ ਦੇ ਮੁੱਦੇ ਤੇ ਟਰੰਪ ਨੇ ਲਿਆ ਯੂ ਟਰਨ

ਆਖਿਆ ਮੈਂ ਤੇ ਸ਼ੀ ਦੁਨੀਆ ਦੀ ਹਰ ਦਿੱਕਤ ਨੂੰ ਕਰ ਸਕਦੇ ਹਾਂ ਦੂਰ

ਪੇਈਚਿੰਗ (ਏਜੰਸੀਆਂ) ਅਮਰੀਕਾ ਦੇ ਰਾਸ਼ਟਰਪਤੀ ਏਸ਼ੀਆ ‘ਚ ਅਜੇ ਤੱਕ ਭਾਰਤ ਨੂੰ ਅਹਿਮ ਸ਼ਹਿਯੋਗੀ ਮੰਨਦੇ ਆਏ ਹਨ ਪਰ ਆਪਣੇ ਏਸ਼ੀਆਈ ਦੇਸ਼ਾਂ ਦੇ ਦੌਰੇ ‘ਤੇ ਚੀਨ ਪਹੁੰਚੇ ਟਰੰਪ ਨੇ ਲੰਬੀ ਬੈਠਕ ਤੋਂ ਬਾਅਦ ਕਿਹਾ ਕਿ ਉਨਾਂ ਨੂੰ ਲੱਗਦਾ ਹੈ ਕਿ ਸ਼ੀ ਚਿਨਫਿੰਗ ਤੇ ਉਹ ਮਿਲ ਕੇ ਦੁਨੀਆ ਦੀਆਂ ਸਾਰੀਆਂ ਦਿੱਕਤਾਂ ਨੂੰ ਦੂਰ ਕਰ ਸਕਦੇ ਹਨ। ਟਰੰਪ ਨੇ ਚਿਨਫਿੰਗ ਨਾਲ ਬੈਠਕ ਦੌਰਾਨ ਕਿਹਾ ਕਿ ਮੈਂ ਆਸ ਕਰਦਾ ਹਾਂ ਕਿ ਅਗਲੇ ਕਈ ਸਾਲਾਂ ਤੱਕ ਸਾਡੀ ਸਫਲਤਾ ਤੇ ਦੋਸਤੀ ਨਾਲ ਨਾ ਸਿਰਫ ਸਾਡੀਆਂ ਦਿੱਕਤਾਂ ਦਾ ਹੱਲ ਹੋਵੇਗਾ ਬਲਕਿ ਦੁਨੀਆ ਦੀਆਂ ਦਿੱਕਤਾਂ ਤੇ ਵੱਡੇ ਖਤਰੇ ਤੇ ਸੁਰੱਖਿਆ ਨਾਲ ਜੁੜੀਆਂ ਸਮੱਸਿਆਵਾਂ ਵੀ ਦੂਰ ਹੋਣਗੀਆਂ। ਚੀਨ ਦੌਰੇ ਦੇ ਦੂਜੇ ਦਿਨ ਟਰੰਪ ਨੇ ਸ਼ੀ ਦੇ ਨਾਲ ਕਈ ਮਸਲਿਆਂ ‘ਤੇ ਚਰਚਾ ਕੀਤੀ। ਇਸ ਦੌਰਾਨ ਟਰੰਪ ਨੇ ਉੱਤਰ ਕੋਰੀਆ ਦੇ ਪ੍ਰਮਾਣੂ ਹਥਿਆਰਾਂ ਦੇ ਵਿਸਥਾਰ ਦੇਣ ਦੇ ਮਾਮਲੇ ‘ਤੇ ਵੀ ਚੀਨ ਨਾਲ ਚਰਚਾ ਕੀਤੀ, ਨਾਲ ਹੀ ਦੋਵਾਂ ਦੇਸ਼ਾਂ ਵਿਚਕਾਰ ਵਪਾਰ ਵੀ ਇਕ ਵੱਡਾ ਮੁੱਦਾ ਰਿਹਾ।

ਟਰੰਪ ਨੇ ਕਿਹਾ ਕਿ ਸ਼ੀ ਨੂੰ ਲੱਗਦਾ ਹੈ ਕਿ ਉੱਤਰ ਕੋਰੀਆ ਨੂੰ ਲੈ ਕੇ ਹੱਲ ਨਿਕਲ ਸਕਦਾ ਹੈ। ਉਨਾਂ ਕਿਹਾ ਕਿ ਦੋਵਾਂ ਦੇਸ਼ਾਂ ਵਿਚਾਲੇ ਵਪਾਰਕ ਰਿਸ਼ਤਿਆਂ ‘ਚ ਆਈ ਖਟਾਸ ਵੀ ਦੂਰ ਹੋ ਸਕਦੀ ਹੈ। ਦੂਜੇ ਪਾਸੇ ਸ਼ੀ ਨੇ ਕਿਹਾ ਕਿ ਦੋਵੇਂ ਦੇਸ਼ ਵਪਾਰਕ ਰਿਸ਼ਤਿਆਂ ‘ਚ ਨਵਾਂ ਇਤਿਹਾਸ ਰਚਣ ਦੀ ਸ਼ੁਰੂਆਤ ਕਰ ਰਹੇ ਹਨ। ਉਨਾਂ ਕਿਹਾ ਕਿ ਚੀਨ ਅਮਰੀਕਾ ਦੇ ਨਾਲ ਪਰੰਪਰਾਗਤ ਸਨਮਾਨ ਦੇ ਨਾਲ ਕੰਮ ਕਰਨਾ ਚਾਹੁੰਦਾ ਹੈ, ਜਿਸ ਨਾਲ ਦੋਵਾਂ ਦੇਸ਼ਾਂ ਨੂੰ ਫਾਇਦਾ ਹੋਵੇ। ਸ਼ੀ ਨੇ ਕਿਹਾ ਕਿ ਉਹ ਆਪਸੀ ਸਹਿਯੋਗ ਵਧਾਉਣ ਤੇ ਦੂਰੀਆਂ ਨੂੰ ਖਤਮ ਕਰਨ ‘ਤੇ ਧਿਆਨ ਕੇਂਦਰਿਤ ਕਰਨਾ ਚਾਹੁੰਦੇ ਹਨ। ਦੱਸਣਯੋਗ ਹੈ ਕਿ ਚੀਨ ਆਉਣ ਤੋਂ ਪਹਿਲਾਂ ਟਰੰਪ ਨੇ ਦੱਖਣੀ ਕੋਰੀਆ ਤੋਂ ਪੇਈਚਿੰਗ ਨੂੰ ਸਖਤ ਸੰਦੇਸ਼ ਦਿੱਤਾ ਸੀ। ਟਰੰਪ ਨੇ ਕਿਹਾ ਸੀ ਕਿ ਸਾਰੇ ਜ਼ਿੰਮੇਦਾਰ ਦੇਸ਼ਾਂ ਨੂੰ ਉੱਤਰ ਕੋਰੀਆ ਨੂੰ ਵੱਖਰਾ ਕਰਨ ‘ਚ ਮਦਦ ਕਰਨੀ ਚਾਹੀਦੀ ਹੈ। ਜੇਕਰ ਤੁਸੀਂ ਸਮਰਥਨ ਨਹੀਂ ਕਰ ਸਕਦੇ ਤਾਂ ਬਰਾਮਦ ਵੀ ਨਹੀਂ ਕਰ ਸਕਦੇ। ਟਰੰਪ ਨੇ ਕਿਹਾ ਸੀ ਕਿ ਚੀਨ ਤੇ ਰੂਸ ਸਮੇਤ ਸਾਰੇ ਦੇਸ਼ਾਂ ਨੂੰ ਉੱਤਰ ਕੋਰੀਆ ‘ਤੇ ਲੱਗੀਆਂ ਸੰਯੁਕਤ ਸੁਰੱਖਿਆ ਪ੍ਰੀਸ਼ਦ ਦੀਆਂ ਪਾਬੰਦੀਆਂ ਨੂੰ ਪੂਰੀ ਤਰਾਂ ਲਾਗੂ ਕਰਨਾ ਚਾਹੀਦਾ ਹੈ।

Be the first to comment

Leave a Reply