ਗੁਪਤ ਮੀਟਿੰਗਾਂ ਕਰਨ ਦਾ ਮਾਮਲਾ ਉਛਲਣ ‘ਤੇ ਭਾਰਤੀ ਮੂਲ ਦੀ ਬ੍ਰਿਟੇਨ ਮੰਤਰੀ ਵੱਲੋਂ ਅਸਤੀਫਾ 0

ਲੰਡਨ –-ਬ੍ਰਿਟੇਨ ਵਿੱਚ ਭਾਰਤੀ ਮੂਲ ਦੀ ਸਭ ਤੋਂ ਸੀਨੀਅਰ ਮੰਤਰੀ 45 ਸਾਲਾ ਪ੍ਰੀਤੀ ਪਟੇਲ ਨੇ ਇਜ਼ਰਾਈਲ ਵਿੱਚ ਛੁੱਟੀਆਂ ਮਨਾਉਣ ਜਾਣ ਦੌਰਾਨ ਯਹੂਦੀ ਦੇਸ਼ ਦੇ ਨੇਤਾਵਾਂ ਨਾਲ ਗੈਰ-ਰਸਮੀ ਗੁਪਤ ਮੀਟਿੰਗਾਂ ਕਰਨ ਦਾ ਮਾਮਲਾ ਵਧੇਰੇ ਉਛਲਣ ਕਾਰਨ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। 2014 ਵਿੱਚ ਖਜਾਨਾ ਮੰਤਰੀ ਰਹੀ ਪ੍ਰੀਤੀ ਪਟੇਲ ਨੂੰ 2015 ਦੀਆਂ ਚੋਣਾਂ ਤੋਂ ਬਾਅਦ ਰੁਜ਼ਗਾਰ ਮੰਤਰੀ ਬਣਾਇਆ ਗਿਆ ਸੀ। ਪਿਛਲੇ ਸਾਲ ਉਨ੍ਹਾਂ ਨੇ ਕੌਮਾਂਤਰੀ ਡਿਵੈਲਪਮੈਂਟ ਦਾ ਮੰਤਰਾਲਾ ਦਿੱਤਾ ਗਿਆ ਸੀ। ਕੰਜਰਵੇਟਿਵ ਪਾਰਟੀ ਨਾਲ ਸਬੰਧ ਰੱਖਦੀ ਪ੍ਰੀਤੀ ਪਟੇਲ ਨੇ ਲੱਗ ਰਹੇ ਦੋਸ਼ਾਂ ਨੂੰ ਲੈ ਕੇ ਮਾਫੀ ਵੀ ਮੰਗੀ ਹੈ। ਪ੍ਰੀਤੀ ਪਟੇਲ ਉੱਪਰ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਸਮੇਤ ਹੋਰ ਅਧਿਕਾਰੀਆਂ ਅਤੇ ਨੇਤਾਵਾਂ ਨਾਲ ਗੁਪਤ ਮੀਟਿੰਗਾਂ ਕਰਨ ਦੇ ਦੋਸ਼ ਹਨ। ਉਸ ਦੇ ਅਸਤੀਫਾ ਦੇਣ ਨੂੰ ਲੈ ਕੇ ਉਸ ਦੇ ਸਿਆਸੀ ਕੈਰੀਅਰ ਦੀ ਗਿਰਾਵਟ ਨੂੰ ਵੀ ਦੇਖਿਆ ਜਾ ਰਿਹਾ ਹੈ। ਉਸ ਨੂੰ ਭਵਿੱਖ ਵਿੱਚ ਕੰਜਰਵੇਟਿਵ ਪਾਰਟੀ ਦੀ ਭਵਿੱਖ ਦੀ ਨੇਤਾ ਅਤੇ ਪ੍ਰਧਾਨ ਮੰਤਰੀ ਅਹੁਦੇ ਦੀ ਉਮੀਦਵਾਰ ਵੱਜੋਂ ਵੀ ਵੇਖਿਆ ਜਾ ਰਿਹਾ ਸੀ। ਕਿਹਾ ਜਾ ਰਿਹਾ ਹੈ ਕਿ ਉਸ ਨੇ ਇੰਗਲੈਂਡ ਦੇ ਵਿਦੇਸ਼ ਮੰਤਰਾਲੇ ਨੂੰ ਜਾਣਕਾਰੀ ਦਿੱਤੇ ਬਿਨਾਂ ਇਹ ਮੁਲਾਕਾਤਾਂ ਕੀਤੀਆਂ ਸਨ। ਭਾਰਤੀ ਮੂਲ ਦੀ ਬ੍ਰਿਟਿਸ਼ ਮੰਤਰੀ ਪ੍ਰੀਤੀ ਪਟੇਲ ਇਸ ਵੇਲੇ ਯੂਗੰਡਾ ਦੇ ਸਰਕਾਰੀ ਦੌਰੇ ਉੱਤੇ ਗਈ ਹੋਈ ਸੀ, ਜਿਥੋਂ ਉਸ ਨੂੰ ਵਾਪਸ ਬੁਲਾਇਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਪਟੇਲ ਤੋਂ ਪ੍ਰਧਾਨ ਮੰਤਰੀ ਦਫਤਰ ਨੇ ਵਿਦੇਸ਼ ਮੰਤਰਾਲੇ ਨੂੰ ਦੱਸੇ ਬਿਨਾਂ ਇਸਰਾਈਲ ਵਿੱਚ ਕੀਤੀਆਂ ਗਈਆਂ ਦਰਜਨਾਂ ਮੀਟਿੰਗਾਂ ਦਾ ਵੇਰਵਾ ਮੰਗ ਲਿਆ ਹੈ। ਸੂਤਰਾਂ ਅਨੁਸਾਰ 13 ਦਿਨ ਦੀਆਂ ਪਰਿਵਾਰਕ ਛੁੱਟੀਆਂ ਵਿੱਚ ਮਿਸ ਪਟੇਲ ਨੇ ਇਸਰਾਈਲ ਦੇ ਉੱਚ ਅਧਿਕਾਰੀਆਂ ਨਾਲ 12 ਮੀਟਿੰਗਾਂ ਕੀਤੀਆਂ ਸਨ, ਜਿਸ ਵਿਚ ਇਸਰਾਈਲ ਦੇ ਪ੍ਰਧਾਨ ਮੰਤਰੀ ਨਾਲ ਕੀਤੀ ਮੀਟਿੰਗ ਵੀ ਸ਼ਾਮਿਲ ਹੈ।

ਪ੍ਰਧਾਨ ਮੰਤਰੀ ਥਰੇਸਾ ਮੇਅ ਉਂਜ ਵੀ ਆਪਣੇ ਮੰਤਰੀਆਂ ਉੱਤੇ ਲੱਗ ਰਹੇ ਦਿੱਤੇ ਨਵੇਂ ਦੋਸ਼ਾਂ ਤੋਂ ਪ੍ਰੇਸ਼ਾਨ ਦਿੱਸ ਰਹੀ ਹੈ। ਰੱਖਿਆ ਮੰਤਰੀ ਮਾਈਕਲ ਫਾਲਨ ਪਿਛਲੇ ਦਿਨੀਂ ਅਹੁਦੇ ਤੋਂ ਅਸਤੀਫਾ ਦੇ ਚੁੱਕੇ ਹਨ ਅਤੇ ਡਿਪਟੀ ਪ੍ਰਧਾਨ ਮੰਤਰੀ ਡੈਮੀਅਨ ਸਰੀਨ ਦੇ ਖ਼ਿਲਾਫ਼ ਵੀ ਜਾਂਚ ਚੱਲ ਰਹੀ ਹੈ।

Be the first to comment

Leave a Reply