ਐਚ-1ਬੀ ਵੀਜ਼ਿਆਂ ਉਤੇ ਪਾਬੰਦੀਆਂ ਵਾਲਾ ਬਿੱਲ ਪਾਸ

ਵਾਸ਼ਿੰਗਟਨ:-ਅਮਰੀਕੀ ਕਾਂਗਰਸ ਦੀ ਇਕ ਕਮੇਟੀ ਨੇ ਐਚ-1ਬੀ ਵੀਜ਼ਾ ਧਾਰਕਾਂ ਲਈ ਘੱਟੋ ਘੱਟ ਤਨਖ਼ਾਹ 60 ਹਜ਼ਾਰ ਤੋਂ ਵਧਾ ਕੇ 90 ਹਜ਼ਾਰ ਡਾਲਰ ਕਰਨ ਅਤੇ ਇਸ ਵਰਕ ਵੀਜ਼ਾ ਉਤੇ ਕਈ ਪਾਬੰਦੀਆਂ ਲਾਗੂ ਕਰਨ ਵਾਲਾ ਬਿੱਲ ਪਾਸ ਕਰ ਦਿੱਤਾ।

‘ਕੋਰਟਸ, ਇੰਟੈਲੈਕਚੁਅਲ ਪ੍ਰਾਪਰਟੀ ਤੇ ਇੰਟਰਨੈੱਟ ਸਬ ਕਮੇਟੀ’ ਦੇ ਚੇਅਰਮੈਨ ਡੈਰੇਲ ਇਸਾ ਵੱਲੋਂ ਪੇਸ਼ ‘ਪ੍ਰੋਟੈਕਟ ਐਂਡ ਗਰੋਅ ਅਮਰੀਕਨ ਜੌਬਜ਼ ਐਕਟ (ਐਚਆਰ170)’ ਨੂੰ ਸਦਨ ਦੀ ਜੁਡੀਸ਼ਰੀ ਕਮੇਟੀ ਨੇ ਕੱਲ੍ਹ ਪਾਸ ਕਰ ਦਿੱਤਾ। ਇਹ ਬਿੱਲ ਹੁਣ ਲੋੜੀਂਦੀ ਕਾਰਵਾਈ ਲਈ ਸਦਨ ਵਿੱਚ ਪੇਸ਼ ਹੋਵੇਗਾ। ਰਾਸ਼ਟਰਪਤੀ ਡੋਨਲਡ ਟਰੰਪ ਦੇ ਦਸਤਖ਼ਤ ਲਈ ਵ੍ਹਾਈਟ ਹਾਊਸ ਭੇਜੇ ਜਾਣ ਤੋਂ ਪਹਿਲਾਂ ਇਸ ਬਿੱਲ ਨੂੰ ਸੈਨੇਟ ਦੀ ਹਰੀ ਝੰਡੀ ਦੀ ਵੀ ਲੋੜ ਹੋਵੇਗੀ।

ਡੈਮੋਕਰੇਟਿਕ ਤੇ ਰਿਪਬਲਿਕਨ ਕਾਨੂੰਨਸਾਜ਼ਾਂ ਵਿਚਾਲੇ ਤਿੱਖੇ ਮਤਭੇਦਾਂ ਕਾਰਨ ਇਸ ਬਿੱਲ ਨੂੰ ਕਾਂਗਰਸ ਦੀ ਮਨਜ਼ੂਰੀ ਮਿਲਣੀ ਤੇ ਕਾਨੂੰਨ ਬਣਨ ਦੇ ਰਾਹ ਵਿੱਚ ਕਾਫ਼ੀ ਮੁਸ਼ਕਲਾਂ ਹਨ। ਇਸ ਬਿੱਲ ਵਿੱਚ ਐਚ-1ਬੀ ਵੀਜ਼ੇ ਉਤੇ ਨਿਰਭਰ ਕਰਦੇ ਮਾਲਕਾਂ ਨੂੰ ਅਮਰੀਕੀ ਕਾਮਿਆਂ ਨੂੰ ਕੱਢ ਕੇ ਐਚ-1ਬੀ ਵੀਜ਼ਾ ਕਰਮਚਾਰੀਆਂ ਦੀ ਭਰਤੀ ਦੀ ਮਨਾਹੀ ਹੋਵੇਗੀ। ਖ਼ਾਸ ਗੱਲ ਇਹ ਹੈ ਕਿ ਐਚ-1ਬੀ ਵੀਜ਼ੇ ਉਤੇ ਨਿਰਭਰ ਮਾਲਕਾਂ ਨੂੰ ਅਮਰੀਕੀ ਕਾਮਿਆਂ ਨੂੰ ਪਹਿਲ ਦੇਣ ਦੀ ਸ਼ਰਤ ਤੋਂ ਛੋਟ ਹੋਵੇਗੀ ਕਿਉਂਕਿ ਨਵੇਂ ਬਿੱਲ ਵਿੱਚ ਐਚ-1ਬੀ ਵੀਜ਼ਾ ਕਾਮਿਆਂ ਲਈ ਲੋੜੀਂਦੀਆਂ ਤਨਖ਼ਾਹਾਂ ਵਿੱਚ ਚੋਖੇ ਵਾਧੇ ਦੀ ਤਜਵੀਜ਼ ਹੈ। ਇਸ ਵਾਧੇ ਕਾਰਨ ਮਾਲਕ ਆਪੇ ਅਮਰੀਕੀ ਕਾਮਿਆਂ ਨੂੰ ਪਹਿਲ ਦੇਣਗੇ।

Be the first to comment

Leave a Reply