ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਮਹਾਰਾਸ਼ਟਰਾ ਦੇ ਸਿਲੇਬਸ ‘ਚ ਅਤਿਵਾਦੀ ਐਲਾਨਿਆ

ਚੰਡੀਗੜ੍ਹ, (ਨੀਲ ਭਲਿੰਦਰ ਸਿੰਘ) : ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਮਹਾਰਾਸ਼ਟਰਾ ‘ਚ ਨੌਵੀਂ ਜਮਾਤ ਦੇ ਪਾਠ ਵਿਚ ਅਤਿਵਾਦੀ ਕਿਹਾ ਗਿਆ ਹੈ। ਇਹ ਮਾਮਲਾ ਅਦਾਲਤ ‘ਚ ਚਲਾ ਗਿਆ ਹੈ, ਜਿਥੇ ਮਹਾਰਾਸ਼ਟਰ ਸਟੇਟ ਬਿਊਰੋ ਆਫ਼ ਟੈਕਸਟਬੁਕ ਪਬਲੀਕੇਸ਼ਨ ਨੇ ਅਪਣੇ ਇਸ ਕਦਮ ਨੂੰ ਜਾਇਜ਼ ਠਹਿਰਾਇਆ ਹੈ। ਜਦਕਿ ਅੰਮ੍ਰਿਤਪਾਲ ਸਿੰਘ ਖ਼ਾਲਸਾ ਨਾਮੀਂ ਇਕ ਸਿੱਖ ਵਲੋਂ ਦਾਇਰ ਕੀਤੀ ਗਈ ਇਸ ਪਟੀਸ਼ਨ ‘ਚ ਨੌਵੀਂ ਜਮਾਤ ਦੀ ਇਤਿਹਾਸ ਅਤੇ ਰਾਜਨੀਤਕ ਵਿਗਿਆਨ ਪੁਸਤਕਾਂ ਵਿਚ ਤਬਦੀਲੀਆਂ ਕਰਨ ਦੀ ਮੰਗ ਕੀਤੀ ਗਈ ਸੀ।ਪਟੀਸ਼ਨ ‘ਚ ਪਾਠ ਪੁਸਤਕਾਂ ਵਿਚ ‘ਸਿੱਖ ਮੂਵਮੈਂਟ’ ਨੂੰ ਅਜਿਹੇ ਤਰੀਕੇ ਨਾਲ ਦਰਸਾਇਆ ਗਿਆ ਹੈ ਜੋ ਵਿਦਿਆਰਥੀਆਂ ਦੇ ਮਨਾਂ ਨੂੰ ਪ੍ਰਭਾਵਤ ਕਰ ਸਕਦੀਆਂ ਹਨ ਅਤੇ ਸਿੱਖਾਂ ਪ੍ਰਤੀ ਬਿਮਾਰ ਸੋਚ ਪੈਦਾ ਕਰ ਸਕਦੀਆਂ ਹਨ। ਅਦਾਲਤ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਬਿਉਰੋ ਨੂੰ ਪਾਠ ਪੁਸਤਕਾਂ ਵਾਪਸ ਲੈਣ ਦਾ ਨਿਰਦੇਸ਼ ਦੇਵੇ। ਮੁੰਬਈ ਹਾਈ ਕੋਰਟ ‘ਚ ਪਾਈ ਇਸ ਪਟੀਸ਼ਨ ਵਿਚ ਅੰਮ੍ਰਿਤਪਾਲ ਸਿੰਘ ਖ਼ਾਲਸਾ ਨੇ ਆਪਰੇਸ਼ਨ ਬਲੂ ਸਟਾਰ ‘ਤੇ ਇਕ ਅਧਿਆਇ ਦਾ ਹਵਾਲਾ ਦਿਤਾ ਹੈ, ਜੋ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਅਤੇ ਹੋਰ ਸਿੱਖਾਂ ਨੂੰ, ਸਿੱਖਾਂ ਦੇ ਸੰਘਰਸ਼ ਨੂੰ ਅਤਿਵਾਦੀ ਅਤੇ ਵੱਖਵਾਦੀ ਗਤੀਵਿਧੀਆਂ ਕਰਾਰ ਕਰਦਾ ਹੈ ਅਤੇ ਪਟੀਸ਼ਨ ‘ਚ ਇਹ ਦਲੀਲ ਪੇਸ਼ ਕੀਤੀ ਹੈ ਕਿ ਸੰਤ ਭਿੰਡਰਾਂਵਾਲਿਆਂ ਵਿਰੁਧ ਇਹ ਟਿੱਪਣੀਆਂ ਬਿਨਾਂ ਕਿਸੇ ਖੋਜ ਤੋਂ ਕੀਤੀਆਂ ਗਈਆ ਹਨ। ਜਦਕਿ ਇਤਿਹਾਸ ਗਵਾਹ ਹੈ ਕਿ ਪੁਲਿਸ ਵਲੋਂ ਸੰਤ ਭਿੰਡਰਾਂਵਾਲਿਆਂ ਦੇ ਵਿਰੁਧ ਕੋਈ ਐਫ.ਆਈ.ਆਰ. ਤਕ ਕਦੇ ਦਰਜ ਨਹੀਂ ਕੀਤੀ ਗਈ।
ਪਾਠ ਪੁਸਤਕਾਂ ਦੇ ਬਿਊਰੋ ਦੇ ਡਾਇਰੈਕਟਰ ਸੁਨੀਲ ਮਗਰ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਪਾਠ ਪੁਸਤਕ ਦੀ ਛਪਾਈ ਤੋਂ ਪਹਿਲਾਂ ਉਸ ਨੂੰ ਧਿਆਨ ਪੂਰਵਕ ਯੋਜਨਾਬੱਧ ਢੰਗ ਨਾਲ ਤਿਆਰ ਕੀਤਾ ਜਾਂਦਾ ਹੈ। ਹਾਈ ਕੋਰਟ ‘ਚ ਇਸ ਬਾਬਤ ਪੇਸ਼ ਹਲਫ਼ਨਾਮਾ ਦੱਸਦਾ ਹੈ ਕਿ ਪੂਨੇ ਦੇ ਐਚ.ਵੀ. ਦੇਸਾਈ ਕਾਲਜ ਦੇ ਇਤਿਹਾਸ ਵਿਭਾਗ ਦੇ ਮੁਖੀ ਗਣੇਸ਼ ਰਾਵਤ ਨੇ ਇਤਿਹਾਸ ਅਤੇ ਰਾਜਨੀਤਕ ਵਿਗਿਆਨ ਦੀ ਕਿਤਾਬ ਨੂੰ ਲਿਖਿਆ ਸੀ। ਰਾਵਤ ਦੁਆਰਾ ਤਿਆਰ ਕੀਤੇ ਗਏ ਖਰੜੇ ਦੀ ਇਸ ਵਿਸ਼ੇ ਦੇ 30 ਮਾਹਰਾਂ ਵਲੋਂ ਪੁਣਛਾਣ ਵੀ ਕੀਤੀ ਗਈ ਸੀ।ਹਲਫੀਆ ਬਿਆਨ ‘ਚ ਕਿਹਾ ਗਿਆ ਹੈ ਕਿ ਖਰੜੇ ਦੀ ਸਮੀਖਿਆ ਦੋ ਕੁਆਲਿਟੀ ਸਮੀਖਿਅਕਾਂ ਵਲੋਂ ਵੀ ਕੀਤੀ ਗਈ ਸੀ। ਖੋਜ ਦੀ ਕਮੀ ਦੇ ਦੋਸ਼ਾਂ ਦੇ ਜਵਾਬ ‘ਚ ਇਸ ਹਲਫ਼ਨਾਮੇ ਵਿਚ ਕਿਹਾ ਗਿਆ ਕਿ ਲੇਖਕ ਨੇ ਅਖ਼ਬਾਰਾਂ, ਮੈਗਜ਼ੀਨ ਅਤੇ ਵੈਬਸਾਈਟਾਂ ਵਿਚ ਛਪੇ ਕਈ ਲੇਖਾਂ ਦਾ ਜ਼ਿਕਰ ਕੀਤਾ। ਉਨ੍ਹਾਂ ਇਹ ਵੀ ਸੰਕੇਤ ਦਿਤਾ ਹੈ ਕਿ ਹੁਣ ਇਨ੍ਹਾਂ ਪਾਠ ਪੁਸਤਕਾਂ ਨੂੰ ਵਾਪਸ ਲੈਣਾ ਅਸੰਭਵ ਹੈ, ਕਿਉਂਕਿ ਕਿਤਾਬ ਦੀਆਂ 22.45 ਲੱਖ ਕਾਪੀਆਂ 8 ਭਾਸ਼ਾਵਾਂ ‘ਚ ਛਾਪੀਆਂ ਜਾ ਚੁਕੀਆਂ ਹਨ ਅਤੇ ਮਹਾਰਾਸ਼ਟਰ ਵਿਚ 19.44 ਲੱਖ ਵਿਦਿਆਰਥੀਆਂ ਨੂੰ ਵੰਡੀਆਂ ਗਈਆਂ ਹਨ। ਦੱਸਣਯੋਗ ਦਮਦਮੀ ਟਕਸਾਲ ਨੇ ਇਸ ਦੇ ਵਿਰੋਧ ‘ਚ ਮਹਾਰਾਸ਼ਟਰ ਸਰਕਾਰ ਨੂੰ ਮੰਗ ਪੱਤਰ ਭੇਜਿਆ ਹੈ।

Be the first to comment

Leave a Reply