ਸੰਘ ਤੇ ਭਾਜਪਾ ਨੇ ਉਛਾਲਿਆ ਭਗਵਾਂਕਰਨ ਤੇ ਹਿੰਦੂਤਵ ਦਾ ਏਜੰਡਾ

ਨਵੀਂ ਦਿੱਲੀ :-ਦੇਸ਼ ਦੇ ਸਭ ਤੋਂ ਵੱਡੇ ਸੂਬੇ ਉੱਤਰ ਪ੍ਰਦੇਸ਼ ‘ਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਰਾਸ਼ਟਰੀ ਸਵੈਮ-ਸੇਵਕ ਸੰਘ (ਆਰ ਐਸ ਐਸ) ਅਤੇ ਭਾਰਤੀ ਜਨਤਾ ਪਾਰਟੀ ਨੇ ਆਪਣੇ ਹਿੰਦੂਤਵ ਦੇ ਏਜੰਡੇ ‘ਤੇ ਕੰਮ ਸ਼ੁਰੂ ਕਰ ਦਿੱਤਾ ਹੈ। ਕੈਰਾਨਾ ਦਾ ਮਾਮਲਾ ਚਰਚਾ ‘ਚ ਆਉਣ ਮਗਰੋਂ ਭਾਜਪਾ ਦੇ ਦੋ ਸੀਨੀਅਰ ਆਗੂ ਰਾਮ ਸ਼ੰਕਰ ਕਠੇਰੀਆ ਅਤੇ ਯੋਗੀ ਆਦਿੱਤਿਆ ਨਾਥ ਆਪਣੇ ਭੜਕਾਊ ਭਾਸ਼ਣਾਂ ਕਾਰਨ ਵਿਵਾਦਾਂ ‘ਚ ਹਨ।

ਜਿੱਥੇ ਕੇਂਦਰੀ ਮਨੁੱਖੀ ਸਰੋਤ ਵਿਕਾਸ ਰਾਜ ਮੰਤਰੀ ਰਾਮ ਸ਼ੰਕਰ ਕਠੇਰੀਆ ਨੇ ਸਿੱਖਿਆ ਦੇ ਭਗਵੇਂਕਰਨ ਬਾਰੇ ਬਿਆਨ ਦਿੱਤਾ ਹੈ, ਉਥੇ ਭਾਜਪਾ ਦੇ ਸੰਸਦ ਮੈਂਬਰ ਯੋਗੀ ਆਦਿੱਤਿਆ ਨਾਥ ਨੇ ਰਾਮ ਮੰਦਰ ਨਿਰਮਾਣ ਨੂੰ ਲੈ ਕੇ ਪਾਰਟੀ ਲਾਈਨ ਤੋਂ ਵੱਖ ਬਿਆਨ ਦਿੱਤਾ ਹੈ। ਸੰਘ ਮੁਖੀ ਮੋਹਨ ਭਾਗਵਤ ਨੇ ਵੀ ਇਸੇ ਤਰ੍ਹਾਂ ਦੇ ਸੁਰ ਅਲਾਪਦਿਆਂ ਕਿਸੇ ਥਾਂ ਦਾ ਨਾਂਅ ਲਏ ਬਗੈਰ ਯੂ ਪੀ ‘ਚ ਹਿੰਦੂਆਂ ਦੀ ਹਿਜਰਤ ਨੂੰ ਲੈ ਕੇ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਆਪੋਜ਼ੀਸ਼ਨ ਦਾ ਮੰਨਣਾ ਹੈ ਕਿ ਯੂ ਪੀ ਚੋਣਾਂ ‘ਚ ਵੋਟਾਂ ਦੇ ਧਰੁਵੀਕਰਨ ਨੂੰ ਟਾਰਗੈਟ ਕਰਦਿਆਂ ਅਜਿਹੇ ਬਿਆਨ ਦਿੱਤੇ ਜਾ ਰਹੇ ਹਨ।

ਰਾਮਸ਼ੰਕਰ ਕਠੇਰੀਆ ਨੇ ਕਿਹਾ ਕਿ ਸਿੱਖਿਆ ‘ਚ ਵੀ ਭਗਵਾਂਕਰਨ ਹੋਵੇਗਾ, ਦੇਸ਼ ਦਾ ਭਗਵਾਂਕਰਨ ਹੋਵੇਗਾ ਅਤੇ ਜੋ ਦੇਸ਼ ਲਈ ਚੰਗਾ ਹੋਵੇਗਾ, ਉਹ ਜ਼ਰੂਰ ਕੀਤਾ ਜਾਵੇਗਾ ਭਾਵੇਂ ਉਹ ਭਗਵਾਂਕਰਨ ਹੋਵੇ ਜਾਂ ਸੰਘਵਾਦ ਜਾਂ ਕੁਝ ਹੋਰ। ਮਗਰੋਂ ਆਪਣੇ ਬਿਆਨ ‘ਤੇ ਸਫ਼ਾਈ ਦਿੰਦਿਆਂ ਉਨ੍ਹਾ ਕਿਹਾ ਕਿ ਮੈਂ ਕਿਹਾ ਸੀ ਕਿ ਜੋ ਦੇਸ਼ ਹਿੱਤ ‘ਚ ਹੋਵੇਗਾ, ਉਹ ਕੀਤਾ ਜਾਵੇਗਾ। ਉਨ੍ਹਾ ਕਿਹਾ ਕਿ ਰੰਗ ਭਾਵੇਂ ਭਗਵਾਂ ਹੋਵੇ ਜਾਂ ਹੋਰ ਪਰ ਜੋ ਦੇਸ਼ ਹਿੱਤ ‘ਚ ਹੋਵੇਗਾ, ਉਸ ਨੂੰ ਲਾਗੂ ਕੀਤਾ ਜਾਵੇਗਾ ਅਤੇ ਅੱਜ ਲੋੜ ਭਗਵਾਂ ਰੰਗ ਦੇਖਣ ਦਾ ਨਜ਼ਰੀਆ ਬਦਲਣ ਦੀ ਹੈ।

ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਯੋਗੀ ਆਦਿੱਤਿਆ ਨਾਥ ਨੇ ਕਿਹਾ ਕਿ ਕਿਹੜੀ ਤਾਕਤ ਹੈ, ਜਿਹੜੀ ਹਿੰਦੂਆ ਨੂੰ ਰਾਮ ਮੰਦਰ ਬਣਾਉਣ ਤੋਂ ਰੋਕ ਸਕਦੀ ਹੈ। ਉਨ੍ਹਾ ਕਿਹਾ ਕਿ ਜੇ ਕੋਈ ਬਾਬਰੀ ਮਸਜਿਦ ਦਾ ਢਾਂਚਾ ਡੇਗਣ ਤੋਂ ਨਹੀਂ ਰੋਕ ਸਕਿਆ ਤਾਂ ਰਾਮ ਮੰਦਰ ਬਣਾਉਣ ਤੋਂ ਕੌਣ ਰੋਕ ਸਕੇਗਾ, ਹੁਣ ਤਾਂ ਮੰਦਰ ਨਿਰਮਾਣ ਹੋਣਾ ਹੀ ਹੈ।

ਉਧਰ ਆਰ ਐਸ ਐਸ ਦੇ ਮੁਖੀ ਮੋਹਨ ਭਾਗਵਤ ਨੇ ਅੱਜ ਹਿੰਦੂਆਂ ਦੀ ਹਿਜਰਤ ਦਾ ਮੁੱਦਾ ਉਠਾਇਆ। ਕੈਰਾਨਾ ਦਾ ਜ਼ਿਕਰ ਕੀਤੇ ਬਗੈਰ ਉਨ੍ਹਾਂ ਕਿਹਾ ਕਿ ਹਿੰਦੂਆਂ ਦੀ ਹਿਜਰਤ ਰੋਕਣਾ ਸਰਕਾਰ ਦੀ ਜ਼ਿੰਮੇਵਾਰੀ ਹੈ। ਉਨ੍ਹਾ ਕਿਹਾ ਕਿ ਬੰਗਲਾਦੇਸ਼ ਅਤੇ ਪਾਕਿਸਤਾਨ ਤੋਂ ਨਹੀਂ ਸਗੋਂ ਭਾਰਤ ‘ਚ ਵੀ ਹਿੰਦੂਆਂ ਦੀ ਹਿਜਰਤ ਹੋ ਰਹੀ ਹੈ।

ਉਨ੍ਹਾਂ ਕਿਹਾ ਕਿ ਹਿੰਦੂਆਂ ਦੇ ਉਜਾੜੇ ਦੀਆਂ ਖ਼ਬਰਾਂ ਦੁਖਦਾਈ ਅਤੇ ਪ੍ਰੇਸ਼ਾਨ ਕਰਨ ਵਾਲੀਆਂ ਹਨ ਅਤੇ ਪ੍ਰਸ਼ਾਸਨ ਨੂੰ ਲੋਕਾਂ ਦੇ ਮਨ ‘ਚੋਂ ਨਿਰਾਸ਼ਾ ਦੂਰ ਕਰਨੀ ਚਾਹੀਦੀ ਹੈ। ਉਨ੍ਹਾ ਕਿਹਾ ਕਿ ਸ਼ਿਵਾਜੀ ਨੇ ਹਿੰਦੂਆਂ ਨੂੰ ਇਕਜੁਟ ਕੀਤਾ ਸੀ ਅਤੇ ਅੱਜ ਸ਼ਿਵਾਜੀ ਦੇ ਕੰਮਾਂ ‘ਤੇ ਅਮਲ ਕਰਨ ਦੀ ਲੋੜ ਹੈ।

ਉਨ੍ਹਾ ਕਿਹਾ ਕਿ ਪ੍ਰਸ਼ਾਸਨ ਨੂੰ ਲੋਕਾਂ ਦੇ ਮਨ ‘ਚ ਭਾਵਨਾ ਪੈਦਾ ਕਰਨੀ ਚਾਹੀਦੀ ਹੈ ਕਿ ਇਹ ਧਰਤੀ ਸਾਡੀ ਹੈ ਅਤੇ ਇਹ ਦੇਸ਼ ਵੀ ਸਾਡਾ ਹੈ। ਉਨ੍ਹਾਂ ਕਿਹਾ ਕਿ ਆਰ ਐਸ ਐਸ ਸ਼ਿਵਾਜੀ ਦੀ ਵਿਚਾਰਧਾਰਾ ‘ਤੇ ਚੱਲ ਰਿਹਾ ਹੈ।

Be the first to comment

Leave a Reply