ਸੁਖਬੀਰ ਜੀ! ਅੰਕੜਿਆਂ ਨੂੰ ਤ੍ਰੋੜੋ ਮਰੋੜੋ ਨਾਂਹ…

*ਜਸਪਾਲ ਸਿੰਘ ਹੇਰਾਂ

ਸਾਡਾ ਹਰ ਗੱਲ ਤੇ ਬਾਦਲਕਿਆਂ ਦਾ ਵਿਰੋਧ ਕਰਨ ਦਾ ਕੋਈ ਮਨਸੂਬਾ ਨਹੀਂ ਹੈ। ਪ੍ਰੰਤੂ ਸੱਚ ਨੂੰ ਸੱਚ ਅਤੇ ਝੂਠ ਨੂੰ ਝੂਠ ਕਹਿਣਾ, ਹਰ ਕਲਮ ਦਾ ਧਰਮ ਹੈ। ਅਸੀਂ ਆਪਣੇ ਉਸ ਧਰਮ ਦੀ ਰਾਖ਼ੀ ਲਈ ਅਜਿਹਾ ਕਰਨ ਲਈ ਮਜ਼ਬੂਰ ਹਾਂ। ਸੁਖਬੀਰ ਬਾਦਲ ਪੰਜਾਬ ‘ਚ ਨਸ਼ਿਆਂ ਦੀ ਸੁਨਾਮੀ ਨੂੰ ਮੰਨਣ ਲਈ ਤਿਆਰ ਨਹੀਂ। ਨਸ਼ਿਆਂ ਕਾਰਣ ਪੰਜਾਬ ‘ਚ ਹੁੰਦੀਆਂ ਰੋਜ਼ਾਨਾ ਤਿੰਨ ਮੌਤਾਂ ਦੇ ਭਿਆਨਕ ਸੱਚ ਨੂੰ ਮੰਨਣ ਲਈ ਤਿਆਰ ਨਹੀਂ, ਨਸ਼ੇ ਕਾਰਣ ਆਏ ਦਿਨ ਪਾਗਲ ਹੁੰਦੇ 5 ਨਸ਼ੇੜੀਆਂ ਦੇ ਕੌੜੇ ਸੱਚ ਨੂੰ ਪ੍ਰਵਾਨ ਕਰਨ ਲਈ ਤਿਆਰ ਨਹੀਂ, ਨਸ਼ਿਆਂ ਕਾਰਣ ਪੰਜਾਬ ‘ਚ ਰੋਜ਼ਾਨਾ ਹੁੰਦੇ 17 ਤਲਾਕਾਂ ਦੀ ਪੰਜਾਬੀ ਸੱਭਿਅਤਾ ਨੂੰ ਕਾਲਾ ਧੱਬਾ ਲਾਉਣ ਵਾਲੀ ਸਚਾਈ ਤੋਂ ਅੱਖਾਂ ਮੀਚੀ ਬੈਠਾ ਹੈ। ਨਸ਼ਿਆਂ ਕਾਰਣ ਏਡਜ਼ ਦੇ ਮਰੀਜ਼ਾਂ ‘ਚ ਆਏ ਦਿਨ 7 ਦਾ ਹੁੰਦਾ ਵਾਧਾ ਵੀ ਸੁਖਬੀਰ ਨੂੰ ਕਿਸੇ ਰਿਕਾਰਡ ਤੇ ਵਿਖਾਈ ਨਹੀਂ ਦਿੱਤਾ, ਨਸ਼ਿਆਂ ਕਾਰਣ ਇੱਕੋ-ਇੱਕੋ ਪਿੰਡ ‘ਚ ਹੋ ਚੁੱਕੀਆਂ 17 ਨਸ਼ੇੜੀ ਮੁੰਡਿਆਂ ਦੀਆਂ ਮੌਤਾਂ ਦੀ ਭਿਆਨਕ ਦਾਸਤਾਨ ਵੀ ਉਸਦੇ ਕੰਨਾਂ ਤੱਕ ਨਹੀਂ ਪੁੱਜੀ। ਨਸ਼ਿਆਂ ਕਾਰਣ ਪੰਜਾਬ ਦੀ ਤਬਾਹੀ ਦੇ ਗੁੱਸੇ ਵਜੋਂ ਅਨਜਾਣ ਜਿਹੀ ਆਮ ਆਦਮੀ ਪਾਰਟੀ ਦੇ ਪੰਜਾਬ ‘ਚੋਂ ਜਿੱਤੇ 4 ਮੈਂਬਰ ਪਾਰਲੀਮੈਂਟ ਅਤੇ 2 ਜਿੱਤ ਦੇ ਕਰੀਬ ਪੁੱਜੇ ਉਮੀਦਵਾਰਾਂ ਵਾਲੇ ਸੱਚ ਦਾ ਖ਼ੁਲਾਸਾ ਸ਼ਾਇਦ ਸੁਖਬੀਰ ਦੇ ਰਣਨੀਤੀ ਕਾਰਾਂ ਨੇ ਅੱਜ ਤੱਕ ਕੀਤਾ ਹੀ ਨਹੀਂ। ਸੁਖਬੀਰ ਬਾਦਲ ਨੇ ਚੰਡੀਗੜ ‘ਚ ਇਕ ਪ੍ਰੈਸ ਕਾਨਫਰੰਸ ਕਰਕੇ ਪੰਜਾਬ ‘ਚ ਨੌਜਵਾਨ ਨਸ਼ਿਆਂ ਦੇ ਨੇੜਿਓਂ ਨਹੀਂ ਲੰਘਦੇ, ਖੁਲਾਸਾ ਕੀਤਾ ਹੈ। ਸੁਖਬੀਰ ਨੇ ਦਾਅਵਾ ਕੀਤਾ ਹੈ ਕਿ ਕਾਂਗਰਸ ਤੇ ਆਪ ਵਾਲੇ ਪੰਜਾਬ ਨੂੰ ਨਸ਼ੇੜੀਆਂ ਦਾ ਪੰਜਾਬ ਹੋਣ ਦਾ ਰੌਲਾ ਪਾ ਕੇ, ਬਦਨਾਮ ਕਰ ਰਹੇ ਹਨ, ਜਦੋਂਕਿ ਅਸਲ ‘ਚ ਪੰਜਾਬ ‘ਚ ਸਿਰਫ਼ 1.2 ਫ਼ੀਸਦੀ ਭਾਵ 400 ‘ਚੋਂ ਸਿਰਫ਼ 5 ਮੁੰਡੇ ਹੀ ਨਸ਼ੇ ਕਰਦੇ ਹਨ। ਉਸਨੇ ਇਸ ਸਬੰਧੀ ਪੁਲਿਸ ਭਰਤੀ ਦੇ ਅੰਕੜੇ ਦੱਸੇ ਹਨ। ਕਿਉਂਕਿ ਪੁਲਿਸ ਭਰਤੀ ਲਈ ਆਈਆਂ ਅਰਜ਼ੀਆਂ ਵਾਲਿਆਂ ਦਾ ਪਹਿਲਾ ਨਸ਼ਿਆਂ ਸਬੰਧੀ ਡੋਪਟੈਸਟ ਕੀਤਾ ਗਿਆ ਸੀ। ਸੁਖਬੀਰ ਬਾਦਲ ਅਨੁਸਾਰ ਭਰਤੀ ਲਈ 4 ਲੱਖ 90 ਹਜ਼ਾਰ ਨੌਜਵਾਨਾਂ ਨੇ ਅਰਜ਼ੀ ਦਿੱਤੀ ਸੀ ਅਤੇ ਇਨਾਂ ‘ਚੋਂ 3 ਲੱਖ 76 ਹਜ਼ਾਰ ਦੇ ਡੋਪ ਟੈਸਟ ਹੋਏ ਸਨ। ਸਿਰਫ਼ 6178 ਨੌਜਵਾਨਾਂ ਦਾ ਡੋਪ ਟੈਸਟ, ਉਨਾਂ ਨੂੰ ਨਸ਼ੇੜੀ ਦੱਸਦਾ ਸੀ। ਸੁਖਬੀਰ ਇਨਾਂ ਅੰਕੜਿਆਂ ਨੂੰ ਪੰਜਾਬ ‘ਚ ਨਸ਼ਿਆਂ ਦਾ ਰੌਲਾ ਪਾਉਣ ਵਾਲਿਆਂ ਦੇ ਮੂੰਹ ‘ਤੇ ਕਰਾਰੀ ਚਪੇੜ ਦੱਸਦਾ ਹੈ। ਸੁਖਬੀਰ ਨੇ ਇਹ ਦੋਸ਼ ਵੀ ਲਾਇਆ ਹੈ ਕਿ ਪੰਜਾਬੀ ਨੌਜਵਾਨਾਂ ਦੇ ਨਸ਼ੇੜੀ ਹੋਣ ਦਾ ਰੌਲਾ ਪਾ ਕੇ, ਇਨਾਂ ਪਾਰਟੀਆਂ ਨੇ ਪੰਜਾਬ ‘ਚ ਸੱਨਅਤਾਂ ਲਾਉਣ ਲਈ ਤਿਆਰ ਬੈਠੇ ਸੱਨਅਤਕਾਰਾਂ ਨੂੰ ਦੁਬਿਧਾ ‘ਚ ਪਾ ਕੇ, ਪੰਜਾਬ ਦਾ ਵੱਡਾ ਨੁਕਸਾਨ ਕੀਤਾ ਹੈ। ਅਸੀਂ ਸਮਝਦੇ ਹਾਂ ਕਿ ਪੰਜਾਬ ਦੇ ਲੋਕ ਸੁਖਬੀਰ ਬਾਦਲ ਦੀ ਗੰਭੀਰ ਤੋਂ ਗੰਭੀਰ ਬਿਆਨਬਾਜ਼ੀ ਨੂੰ ਵੀ ਗੰਭੀਰਤਾ ਨਾਲ ਨਹੀਂ ਲੈਂਦੇ, ਕਿਉਂਕਿ ਜਿਵੇਂ ਸੁਖਬੀਰ ਬਾਦਲ ਖ਼ੁਦ ਪ੍ਰਵਾਨ ਕਰ ਚੁੱਕਾ ਹੈ ਕਿ ਮੈਨੂੰ ‘ਗੱਪੀ’ ਆਖਿਆ ਜਾਂਦਾ ਹੈ। ਪ੍ਰੰਤੂ ਇਸਦੇ ਬਾਵਜੂਦ ਕਿਉਂਕਿ ਸੁਖਬੀਰ ਬਾਦਲ ਨੇ ਇਹ ਬਿਆਨਬਾਜ਼ੀ ਪੂਰੇ ਤੱਥਾਂ ਤੇ ਅੰਕੜਿਆਂ ਨਾਲ ਪੇਸ਼ ਕੀਤੀ ਹੈ। ਇਸ ਲਈ ਇਸਦਾ ਜਵਾਬ ਦੇਣਾ ਬੇਹੱਦ ਜ਼ਰੂਰੀ ਹੈ।

ਬਿਨਾਂ ਸ਼ੱਕ ਪੰਜਾਬ ਪੁਲਿਸ ਦੀ ਭਰਤੀ ਲਈ 4 ਲੱਖ 90 ਹਜ਼ਾਰ ਨੌਜਵਾਨਾਂ ਨੇ ਅਰਜ਼ੀਆਂ ਦਿੱਤੀਆਂ ਸਨ। ਪ੍ਰੰਤੂ ਅਰਜ਼ੀਆਂ ਲੈਣ ਤੋਂ ਪਹਿਲਾ ਪੰਜਾਬ ਸਰਕਾਰ ਨੇ ‘ਡੋਪ ਟੈਸਟ’ ਬਾਰੇ ਸਪੱਸ਼ਟ ਐਲਾਨ ਕਰ ਦਿੱਤਾ ਸੀ। ਫਿਰ ਨਸ਼ੇੜੀ ਨੌਜਵਾਨ ਭਲਾ ਕਿਵੇਂ ਅਰਜ਼ੀ ਦੇਣਗੇ? ਦੂਜਾ 4 ਲੱਖ 90 ਹਜ਼ਾਰ ਵੱਲੋਂ ਅਰਜ਼ੀਆਂ ਦਿੱਤੀਆਂ ਗਈਆਂ, ਪ੍ਰੰਤੂ ਸਰੀਰਕ ਟੈਸਟ ਦੇਣ ਲਈ ਸਿਰਫ਼ 3 ਲੱਖ 76 ਹਜ਼ਾਰ ਨੌਜਵਾਨ ਵੀ ਪੁੱਜੇ। ਜਿਹੜੇ 1 ਲੱਖ 14 ਹਜ਼ਾਰ ਟੈਸਟ ਦੇਣ ਹੀ ਨਹੀਂ ਆਏ, ਆਖ਼ਰ ਕਿਉਂ? ਸੁਖਬੀਰ ਬਾਦਲ ਇਸ ਕਿਉਂ ਦਾ ਜਵਾਬ ਦੇਣਗੇ? ਸਾਫ਼ ਹੈ ਕਿ ਉਹ ਨਸ਼ੇ ਦੀ ਵਰਤੋਂ ਕਰਦੇ ਰਹੇ ਹਨ। ਦੂਸਰਾ ਸੁਖਬੀਰ ਬਾਦਲ ਇਹ ਅੰਕੜੇ ਵੀ ਦੱਸ ਦੇਣ ਕਿ ਪੰਜਾਬ ‘ਚ +2 ਪਾਸ ਤੇ ਪੁਲਿਸ ਭਰਤੀ ਦੀਆਂ ਸ਼ਰਤਾਂ ਪੂਰੀਆਂ ਕਰਦੇ ਕਿੰਨੇ ਨੌਜਵਾਨ ਬੇਰੁਜ਼ਗਾਰ ਹਨ? ਸਰਕਾਰੀ ਅੰਕੜਿਆਂ ਅਨੁਸਾਰ ਹੀ ਉਨਾਂ ਦੀ ਗਿਣਤੀ 9 ਲੱਖ ਬਣਦੀ ਹੈ, ਫਿਰ ਬਾਕੀ 4 ਲੱਖ 10 ਹਜ਼ਾਰ ਨੇ ਅਰਜ਼ੀਆਂ ਕਿਉਂ ਨਹੀਂ ਦਿੱਤੀਆਂ? ਹੁਣ ਜੇ ਸੁਖਬੀਰ ਵੱਲੋਂ ਦਿੱਤੇ ਅੰਕੜਿਆਂ ਅਨੁਸਾਰ ਹੀ ਹਿਸਾਬ ਲਾਇਆ ਜਾਵੇ ਤਾਂ ਜਿਹੜੇ 1 ਲੱਖ 14 ਹਜ਼ਾਰ ਟੈਸਟ ਦੇਣ ਨਹੀਂ ਆਏ ਤੇ 6178 ਜਿਹੜੇ ਡੋਪ ਟੈਸਟ ‘ਚੋਂ ਫੇਲ• ਹੋਏ ਦੋਵਾਂ ਦਾ ਜੋੜ 1 ਲੱਖ 20 ਹਜ਼ਾਰ ਬਣਦਾ ਹੈ, ਜਿਸਦਾ ਅਰਥ ਹੈ ਕਿ 24.3 ਫੀਸਦੀ ਜਿਨਾਂ ਨੇ ਅਰਜ਼ੀਆਂ ਦਿੱਤੀਆਂ ਸਨ, ਨਸ਼ੇੜੀ ਹਨ, ਜੇ 9 ਲੱਖ ਬੇਰੁਜ਼ਗਾਰ, ਭਰਤੀ ਹੋਣ ਯੋਗ, ਮੁੰਡਿਆਂ ਨੂੰ ਸਾਹਮਣੇ ਰੱਖ ਕੇ ਹਿਸਾਬ ਲਾਈਏ ਤਾਂ ਸਾਫ਼ ਹੈ ਕਿ ਪੰਜਾਬ ‘ਚ 65 ਫੀਸਦੀ ਨੌਜਵਾਨ ਨਸ਼ੇੜੀ ਹਨ। ਸੱਚ ਨੂੰ ਮੰਨ ਲੈਣਾ ਚਾਹੀਦਾ ਹੈ। ਪੰਜਾਬ ਦੇ ਲੋਕ, ਜਿਹੜੇ ਸਾਰਾ ਕੁਝ ਆਪਣੇ ਪਿੰਡੇ ਤੇ ਹੰਢਾ ਰਹੇ ਹਨ, ਮਾਪੇ ਆਪਣੇ ਜੁਆਨ ਪੁੱਤਾਂ ਦੀਆਂ ਲਾਸਾਂ ਦਾ ਭਾਰ ਆਪਣੇ ਮੋਢਿਆਂ ਤੇ ਢੋਹ ਰਹੇ ਹਨ, ਉਨਾਂ ਨੂੰ ਅੰਕੜਿਆਂ ਦੀ ਭੂਲ-ਭਲਾਈਆਂ ਨਾਲ ਕਿਵੇਂ ਧਰਵਾਸ ਦਿੱਤਾ ਜਾ ਸਕਦਾ ਹੈ?

Be the first to comment

Leave a Reply