ਸਿਰਸਾ ਤੇ ਮਿਸ਼ਰਾ ਨੇ ਗਾਂਧੀ ਦੇ ਬੁੱਤ ‘ਤੇ ਪਾਏ ਮਾਸਕ

ਨਵੀਂ ਦਿੱਲੀ:-ਭਾਜਪਾ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਤੇ ‘ਆਪ’ ਤੋਂ ਬਾਗ਼ੀ ਹੋ ਚੁੱਕੇ ਵਿਧਾਇਕ ਕਪਿਲ ਮਿਸ਼ਰਾ ਵੱਲੋਂ ਰਾਸ਼ਟਰਪਤੀ ਭਵਨ ਦੇ ਪਿਛਲੇ ਪਾਸੇ ਮਹਾਤਮਾ ਗਾਂਧੀ ਦੇ ਬੁੱਤ ਜਿਸ ਨੂੰ ‘ਗਿਆਰਾਂ ਮੂਰਤੀ’ ਵਜੋਂ ਜਾਣਿਆ ਜਾਂਦਾ ਹੈ, ਨੂੰ ਮਾਸਕ ਪਵਾ ਦਿੱਤਾ। ਰਾਜਧਾਨੀ ਅੰਦਰ ਪ੍ਰਦੂਸ਼ਣ ਦੇ ਮੁੱਦੇ ਨੂੰ ਉਠਾਉਣ ਲਈ ਦੋਵਾਂ ਵਿਧਾਇਕਾਂ ਨੇ ਇਹ ਸਿਆਸੀ ਰਣਨੀਤੀ ਅਪਣਾਈ।ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਨੇ 737 ਕਰੋੜ ਰੁਪਏ ਗਰੀਨ ਸੈੱਸ ਵਜੋਂ ਪ੍ਰਾਪਤ ਕੀਤੇ ਹਨ, ਪਰ ਉਨ੍ਹਾਂ ਵਿੱਚੋਂ ਸਿਰਫ਼ 93 ਕਰੋੜ ਦਾ ਹੀ ਖਰਚਾ ਕੀਤਾ ਗਿਆ, ਜਦਕਿ ਇੱਕ ਸਾਲ ਦੌਰਾਨ ਕਈ ਕੰਮ ਕੀਤੇ ਜਾ ਸਕਦੇ ਸਨ। ਇਸ ਪੈਸੇ ਨਾਲ ਬੱਸਾਂ ਖਰੀਦੀਆਂ ਜਾ ਸਕਦੀਆਂ ਸਨ, ਹਵਾ ਸ਼ੁੱਧ ਕਰਨ ਵਾਲੇ ਯੰਤਰ ਲਾਏ ਜਾ ਸਕਦੇ ਸਨ ਤੇ ਏਅਰ ਕਲੀਨਿੰਗ ਟਾਵਰ ਲਾਇਆ ਜਾ ਸਕਦਾ ਸੀ ਜਾਂ ਮਕੈਨੀਕਲ ਸਵੀਪਰ ਖਰੀਦੇ ਜਾ ਸਕਦੇ ਸਨ। ਸੜਕਾਂ ਦੀ ਗੰਦਗੀ ਸਾਫ਼ ਕੀਤੀ ਜਾ ਸਕਦੀ ਸੀ। ਦੋਵਾਂ ਵਿਧਾਇਕਾਂ ਨੂੰ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ।

ਉਧਰ ਦੋਵਾਂ ਵਿਧਾਇਕਾਂ ਦੀ ਇਸ ਕਾਰਵਾਈ ਨੂੰ ‘ਆਪ’ ਦੇ ਵਿਧਾਇਕ ਅਵਤਾਰ ਸਿੰਘ ਕਾਲਕਾ ਨੇ ਸਿਰਫ਼ ‘ਸਿਆਸੀ ਸ਼ੋਸ਼ਾ’ ਕਰਾਰ ਦਿੱੱਤਾ ਤੇ ਕਿਹਾ ਕਿ ਉਹ ਚੰਗਾ ਹੁੰਦਾ ਕਿ ਹਰਿਆਣਾ ਸਰਕਾਰ ਨੂੰ ਝੋਨੇ ਦੀ ਪਰਾਲੀ ਨਾ ਸਾੜਨ ਲਈ ਜ਼ੋਰ ਪਾਉਂਦੇ ਤੇ ਮਨੋਹਰ ਲਾਲ ਖੱਟਰ ਦੇ ਦਫ਼ਤਰ ਮੂਹਰੇ ਧਰਨਾ ਲਾ ਕੇ ਪਰਾਲੀ ਨਾ ਸਾੜੇ ਜਾਣ ਲਈ ਕਿਸਾਨਾਂ ਨੂੰ ਪ੍ਰੇਰਿਤ ਕਰਦੇ। ਉਹ ਪੰਜਾਬ ਦੀ ਬਾਦਲ ਸਰਕਾਰ ਦੇ ਰਾਜ ਮੰਤਰੀ ਹੁੰਦੇ ਹੋਏ ਵੀ ਐਨਜੀਟੀ ਦੇ ਹੁਕਮਾਂ ਨੂੰ ਪੰਜਾਬ ਵਿੱਚ ਲਾਗੂ ਨਾ ਕਰਵਾ ਸਕੇ ਜਦਕਿ ਪੰਜਾਬੀ ਬਾਗ਼ (ਨਵੀਂ ਦਿੱਲੀ) ‘ਚ ਪ੍ਰਦੂਸ਼ਣ ਖ਼ਤਰਨਾਕ ਮਾਤਰਾ ਤੋਂ ਕਿਤੇ ਵੱਧ ਹੁੰਦਾ ਆਇਆ ਹੈ। ਸ੍ਰੀ ਕਾਲਕਾ ਨੇ ਕਿਹਾ ਕਿ ਚਾਹੇ ਬਾਰਾਂ ਪੁੱਲਾ ਫਲਾਈਓਵਰ ਦਾ ਨਾਂ ‘ਬੰਦਾ ਸਿੰਘ ਬਹਾਦਰ’ ਦੇ ਨਾਮ ਉਪਰ ਰੱਖਣ ਦਾ ਮਾਮਲਾ ਹੋਵੇ ਜਾਂ ਪ੍ਰਦੂਸ਼ਣ ਦਾ ਮੁੱਦਾ ਹੋਵੇ ਸ੍ਰੀ ਸਿਰਸਾ ਨੇ ਅਖ਼ਬਾਰੀ ਸੁਰਖ਼ੀਆਂ ਬਟੋਰਨ ਲਈ ਹੀ ਕਪਿਲ ਮਿਸ਼ਰਾ ਦਾ ਸਾਥ ਲਿਆ ਹੈ। ਉਨ੍ਹਾਂ ਦੇ ਇਸ ਤਰ੍ਹਾਂ ਦੇ ਸਿਆਸੀ ਸ਼ੋਸ਼ਿਆਂ ਨੂੰ ਭਾਜਪਾ ਵਾਲੇ ਵੀ ਸਮਰਥਨ ਨਹੀਂ ਕਰਦੇ ਇਸੇ ਕਰਕੇ ਉਹ ਦੂਰ ਰਹਿੰਦੇ ਹਨ।

Be the first to comment

Leave a Reply