ਸਾਬਕਾ ਐਸਐਸਪੀ ਸੁਰਜੀਤ ਗਰੇਵਾਲ ਖ਼ਿਲਾਫ਼ ਕੇਸ ਦਰਜ

ਪਟਿਆਲਾ:-ਵਿਜੀਲੈਂਸ ਬਿਊਰੋ ਪਟਿਆਲਾ ਨੇ ਸੇਵਾਮੁਕਤ ਐਸਐਸਪੀ ਸੁਰਜੀਤ ਸਿੰਘ ਗਰੇਵਾਲ ਖ਼ਿਲਾਫ਼ ਆਮਦਨ ਨਾਲੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਹੇਠ ਆਈਪੀਸੀ ਦੀ ਧਾਰਾ 13(1) (ਈ) ਰ/ਵ 13(2) ਤਹਿਤ ਕੇਸ ਦਰਜ ਕੀਤਾ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਸਾਲ 2002 ‘ਚ ਸੱਤਾ ਸੰਭਾਲਦੇ ਸਾਰ ਪੀਪੀਐਸਸੀ ਦੇ ਚੇਅਰਮੈਨ ਰਵੀ ਸਿੱਧੂ ਖ਼ਿਲਾਫ਼ ਵੀ ਆਮਦਨ ਨਾਲੋ ਵੱਧ ਜਾਇਦਾਦ ਬਣਾਉਣ ਦਾ ਕੇਸ ਦਰਜ ਕੀਤਾ ਸੀ। ਸੁਰਜੀਤ ਗਰੇਵਾਲ 31 ਦਸੰਬਰ ਨੂੰ ਮੋਗਾ ਤੋਂ ਐਸਐਸਪੀ ਵਜੋਂ ਸੇਵਾਮੁਕਤ ਹੋਇਆ ਸੀ। ਵਿਜੀਲੈਂਸ ਬਿਊਰੋ ਪਟਿਆਲਾ ਦੇ ਐਸਐਸਪੀ ਪ੍ਰੀਤਮ ਸਿੰਘ ਵੱਲੋਂ ਗੁਪਤ ਸ਼ਿਕਾਇਤ ਦੇ ਆਧਾਰ ‘ਤੇ ਕੀਤੀ ਜਾਂਚ ਦੌਰਾਨ ਪਤਾ ਲੱਗਾ ਕਿ ਸੁਰਜੀਤ ਗਰੇਵਾਲ ਦੀ 15 ਸਾਲਾਂ ਦੀ ਨੌਕਰੀ ਦੀ ਆਮਦਨ ਤਕਰੀਬਨ 2.13 ਕਰੋੜ ਰੁਪਏ ਬਣਦੀ ਹੈ ਪਰ ਉਸ ਨੇ 12,19,70,898 ਰੁਪਏ ਖਰਚ ਕੀਤੇ ਹਨ, ਜੋ ਉਸ ਦੀ ਆਮਦਨ ਨਾਲੋਂ 10 ਕਰੋੜ ਤੋਂ ਵੀ ਵੱਧ ਬਣਦੇ ਹਨ। ਉਸ ਨੇ ਕਿਲਾ ਰਾਏਪੁਰ, ਸਮਰਾਲਾ ਅਤੇ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਪਿੰਡ ਕੋਟਲਾ ਬਡਲਾ ‘ਚ ਜਾਇਦਾਦ ਬਣਾਈ ਹੈ, ਜਿਸ ‘ਚੋਂ ਤਕਰੀਬਨ 12 ਕਿੱਲੇ ਉਸ ਨੇ ਆਪਣੇ ਲੜਕੇ ਜਸਜੀਤ ਸਿੰਘ ਦੇ ਨਾਂ ਤਬਦੀਲ ਕਰਾ ਦਿੱਤੀ ਹੈ। ਦੱਸਣਯੋਗ ਹੈ ਕਿ ਸੁਰਜੀਤ ਗਰੇਵਾਲ ਖ਼ਿਲਾਫ਼ ਸਿੱਖ ਨੌਜਵਾਨ ਦੇ ਝੂਠੇ ਮੁਕਾਬਲੇ ਦਾ ਕਤਲ ਕੇਸ ਵੀ ਦਰਜ ਹੋਇਆ ਸੀ, ਜਿਸ ‘ਚੋਂ ਉਹ ਬਰੀ ਹੋ ਚੁੱੱਕਾ ਹੈ।ਮੋਹਨ ਸਿੰਘ ਪਟਵਾਰੀ ਨੇ ਇਸ ਸਾਬਕਾ ਅਧਿਕਾਰੀ ‘ਤੇ ਤਸ਼ੱਦਦ ਅਤੇ ਕਕਾਰਾਂ ਦੀ ਬੇਅਦਬੀ ਦੇ ਦੋਸ਼ ਵੀ ਲਾਏ ਸਨ।

Be the first to comment

Leave a Reply