ਸਰਬੱਤ ਖਾਲਸਾ, ਸਰਬੱਤ ਖਾਲਸੇ ਦਾ ਹੁੰਦਾ ਹੈ…!

ਜਸਪਾਲ ਸਿੰਘ ਹੇਰਾਂ

ਸਰਬੱਤ ਖਾਲਸਾ ਸਿਰਫ਼ 15 ਦਿਨ ਦੂਰ ਹੈ। ਸਾਰੀ ਕੌਮ ਤਨੋ-ਮਨੋ ਚਾਹੁੰਦੀ ਹੈ ਕਿ ਸਰਬੱਤ ਖਾਲਸਾ ਕੌਮ ਨੂੰ ਏਕੇ ਦੀ ਲੜੀ ‘ਚ ਪਰੋ ਦੇਵੇ ਤਾਂ ਕਿ ਕੌਮ ਨਿਘਾਰ ‘ਚੋਂ, ਜ਼ਲਾਲਤ ‘ਚੋਂ, ਬੇਇਨਸਾਫ਼ੀ ‘ਚੋਂ ਬਾਹਰ ਨਿਕਲ ਸਕੇ। ਵਿਚਾਰਾਂ ਦਾ ਵਖਰੇਵਾਂ ਜਿੳੂਂਦੀ-ਜਾਗਦੀ ਕੌਮਾਂ ਦੀ ਨਿਸ਼ਾਨੀ ਹੋਇਆ ਕਰਦਾ ਹੈ। ਪ੍ਰੰਤੂ ਕੌਮ ਤੇ ਪਈ ਭੀੜ ਸਮੇਂ ਇਸ ਵਖਰੇਵੇਂ ਨੂੰ ਤਿਆਗ ਕੇ ਇਕ ਜੁੱਟ ਤੇ ਇਕ ਸੁਰ ਹੋਣਾ, ਸਿਆਣੀਆਂ ਤੇ ਬਹਾਦਰ ਕੌਮਾਂ ਦੀ ਨਿਸ਼ਾਨੀ ਹੋਇਆ ਕਰਦਾ। ਅੱਜ ਕੌਮ ਦੀ ਹੋਂਦ ਨੂੰ, ਕੌਮ ਦੇ ਜ਼ਾਹਿਰਾ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ, ਕੌਮ ਦੇ ਸਿੱਖੀ ਸਰੂਪ ਨੂੰ, ਕੌਮੀ ਸਿਧਾਂਤਾਂ ਤੇ ਸੰਸਥਾਵਾਂ ਨੂੰ, ਕੌਮ ਦੀ ਜੁਆਨੀ ਤੇ ਕੌਮ ਦੀ ਨਿਸ਼ਾਨੀ ੳੂੜੇ ਤੇ ਜੂੜੇ ਨੂੰ ਖ਼ਤਰਾ ਹੈ। ਦੁਸ਼ਮਣ ਤਾਕਤਾਂ ਲਗਾਤਾਰ ਹਮਲੇ ਕਰ ਰਹੀਆਂ ਹਨ। ਇਹ ਹਮਲੇ ਬਾਹਰੀ ਤੇ ਅੰਦਰੂਨੀ ਦੋਵਾਂ ਤਰਾਂ ਦੇ ਹੋ ਰਹੇ ਹਨ। ਇਸ ਸਮੇਂ ਬਿਨਾਂ ਸ਼ੱਕ ਕੌਮ ਲਈ ਹੰਗਾਮੀ ਹਾਲਤ ਪੈਦਾ ਹੋ ਚੁੱਕੇ ਹਨ। ਇਨਾਂ ਹਾਲਤਾਂ ‘ਚ ਸਰਬੱਤ ਖਾਲਸਾ ਦਾ ਬੁਲਾਇਆ ਜਾਣਾ, ਪੁਰਾਤਨ ਰਵਾਇਤਾਂ ਅਨੁਸਾਰ ਜਾਇਜ਼ ਹੈ। ਪ੍ਰੰਤੂ ਇਹ ਸੱਚੀ-ਮੁੱਚੀ ਸਰਬੱਤ ਖਾਲਸਾ ਵੀ ਹੋਣਾ ਚਾਹੀਦਾ ਹੈ। ਸਾਰੀਆਂ ਪੰਥਕ ਧਿਰਾਂ ਦੀ ਇਸ ‘ਚ ਸ਼ਮੂਲੀਅਤ ਜ਼ਰੂਰੀ ਹੀ ਨਹੀਂ, ਸਗੋਂ ਉਨਾਂ ਦਾ ਫਰਜ਼ ਹੈ।

ਅਸੀਂ ਸਮਝਦੇ ਹਾਂ ਕਿ ਕੌਮ ਨੂੰ ਇਸ ਸਮੇਂ ਜਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਨਾਂ ਦਾ ਮੁਕਾਬਲਾ ਇਸ ਸਮੇਂ ਸਿਰਫ਼ ਤੇ ਸਿਰਫ਼ ਪੰਥਕ ਏਕਤਾ ਰਾਂਹੀ ਹੀ ਕੀਤਾ ਜਾ ਸਕਦਾ ਅਤੇ ਇਨਾਂ ਚੁਣੌਤੀਆਂ ਦਾ ਹੱਲ ਸਿਰਫ਼ ਸਰਬੱਤ ਖਾਲਸਾ ਕੱਢ ਸਕਦਾ ਹੈ। ਸਿੱਖ ਦੁਸ਼ਮਣ ਤਾਕਤਾਂ ਨੇ ਸਾਡੀਆਂ ਕੰਮਜ਼ੋਰੀਆਂ ਤੇ ਖ਼ਾਸ ਕਰਕੇ ਸਾਡੀ ਫੁੱਟ ਨੂੰ ਵੇਖਦਿਆਂ ਸਾਡੀਆਂ ਉਹ ਸਾਰੀਆਂ ਸਿੱਖ ਸੰਸਥਾਵਾਂ ਜਿਨਾਂ ਦੇ ਸਹਾਰੇ ਸਿੱਖੀ ਦਾ ਮਹੱਲ ਖੜਾ ਹੈ। ਚਾਹੇ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਹੈ, ਚਾਹੇ ਉਹ ਪੰਜ ਪਿਆਰਿਆਂ ਦੀ ਅਗਵਾਈ ਵਾਲੀ ਸੰਸਥਾ ਹੈ, ਚਾਹੇ ਉਹ ਸਿੱਖਾਂ ਨੂੰ ਅਨੁਸ਼ਾਸਨ ‘ਚ ਰੱਖ ਕੇ ਸਿੱਖੀ ਦਾ ਪ੍ਰਚਾਰ ਤੇ ਪਾਸਾਰ ਕਰਨ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਚਾਹੇ ਉਹ ਸਿੱਖਾਂ ਦੀ ਪ੍ਰਤੀਨਿਧ ਜਮਾਤ ਸ਼੍ਰੋਮਣੀ ਅਕਾਲੀ ਦਲ ਹੈ ਅਤੇ ਚਾਹੇ ਉਹ ਕੌਮ ਦਾ ਹਰਿਆਵਲ ਦਸਤਾ ਸਿੱਖ ਸਟੂਡੈਂਟਸ ਫੈਡਰੇਸ਼ਨ ਹੈ, ਸਾਰੀਆਂ ਨੂੰ ਖੋਰਾ ਲਾ ਦਿੱਤਾ ਗਿਆ ਹੈ। ਇਸ ਸਮੇਂ ਕੋਈ ਸੰਸਥਾ ਇਸ ਸਮਰੱਥ ਨਹੀਂ ਰਹੀ ਕਿ ਉਹ ਅਜਿਹੇ ਬਿਖੜੇ ਪੈਂਡੇ ਤੇ, ਕੌਮ ਨੂੰ ਸਾਬਤ ਕਦਮੀ ਤੋਰ ਸਕੇ। ਫਿਰ ਸਰਬੱਤ ਖਾਲਸਾ ਤੇ ਕੌਮ ਦੀ ਏਕਤਾ ਅਜਿਹੇ ‘ਬ੍ਰਹਮਅਸ਼ਤਰ’ ਜਿਨਾਂ ਦੀ ਵਰਤੋਂ ਨਾਲ ਹੀ ਕੌਮ ਦੀ ਹੋਂਦ ਬਚ ਸਕਦੀ ਹੈ। ਅਸੀਂ ਹਮੇਸ਼ਾ ਕੌਮ ‘ਚ ਏਕੇ ਦਾ ਹੋਕਾ ਦਿੱਤਾ ਹੈ। ਕੋਈ ਉਸਦੇ ਕੀ ਅਰਥ ਕੱਢਦਾ, ਸਾਨੂੰ ਇਸ ਦੀ ਚਿੰਤਾ ਨਹੀਂ, ਪ੍ਰੰਤੂ ਅਸੀਂ ਚਾਹੁੰਦੇ ਹਾਂ ਕਿ ਇਕ ਵਾਰ ਸਾਰੀਆਂ ਪੰਥਕ ਧਿਰਾਂ ਤੇ ਉਨਾਂ ਦੇ ਆਗੂ, ਆਪਣਾ-ਆਪ ਕੌਮ ਨੂੰ ਸਮਰਪਿਤ ਕਰ ਦੇਣ, ਉਸ ਤੋਂ ਬਾਅਦ ਕੀ ਨਤੀਜੇ ਆਉਂਦੇ ਹਨ, ਉਹ ਵੀ ਵੇਖ ਲੈਣ। ਸਿੱਖ ਇਤਿਹਾਸ ਗਵਾਹ ਹੈ ਕਿ ਕੌਮ ਨੇ ਜਦੋਂ ਆਪਣਾ-ਆਪ ਸੱਚੇ ਅਰਥਾਂ ‘ਚ ਗੁਰੂ ਨੂੰ ਸਮਰਪਿਤ ਕੀਤਾ ਹੈ ਤੇ ਆਗੂਆਂ ਨੇ ਆਪਣਾ-ਆਪ ਕੌਮ ਨੂੰ ਸਮਰਪਿਤ ਕੀਤਾ ਹੈ ਕਿ ਤਾਂ ਕੌਮ ਨੇ ਸਫ਼ਲਤਾ ਦਾ ਸਿਖ਼ਰ ਪ੍ਰਾਪਤ ਕਰਕੇ ਨਵਾਂ ਇਤਿਹਾਸ ਸਿਰਜਿਆ ਹੈ।

ਅੱਜ ਸਿੱਖ ਕੌਮ ਦੇ ਧਾਰਮਿਕ ਤੇ ਸਿਆਸੀ ਵਿਹੜੇ ‘ਚ ਭਾਰੀ ਖਲਾਅ ਹੈ। ਕਿਸੇ ਨੂੰ ਦੂਜੇ ਤੇ ਭਰੋਸਾ ਨਹੀਂ, ਕੋਈ ਦੂਜੇ ਨੂੰ ਆਗੂ ਮੰਨਣ ਨੂੰ ਤਿਆਰ ਨਹੀਂ, ਕੋਈ ਕੁਰਬਾਨੀ ਤੇ ਤਿਆਗ ਕਰਨ ਨੂੰ ਤਿਆਰ ਨਹੀਂ, ਫਿਰ ਇਕਜੁੱਟਤਾ ਕਿਵੇਂ ਹੋਵੇਗੀ? ਅਸੀਂ ਗੁਰੂ ਸਾਹਿਬ ਦੀ ਨਿੱਤ ਹੁੰਦੀ ਬੇਅਦਬੀ ਰੋਕ ਨਹੀਂ ਸਕੇ, ਅਸੀਂ ਸਿੱਖ ਕੌਮ ਦੇ ਕਾਤਲਾਂ ਨੂੰ ਸਜ਼ਾ ਨਹੀਂ ਦੁਆ ਸਕੇ, ਅਸੀਂ ਹਰ ਚੜਦੇ ਸੂਰਜ ਕੌਮ ‘ਚ ਪੈਦਾ ਹੁੰਦੇ ਨਵੇਂ ਵਿਵਾਦਾਂ ਨੂੰ ਠੱਲ ਨਹੀਂ ਸਕੇ, ਅਸੀਂ ਇਸ ਦੇਸ਼ ‘ਚ ਆਪਣੀ ਕੌਮ ਨੂੰ ਹਿੰਦੂ ਧਰਮ ਤੋਂ ਵੱਖਰੀ ਕੌਮ ਦਾ ਦਰਜਾ ਨਹੀਂ ਦੁਆ ਸਕੇ, ਅਸੀਂ ਆਪਣੀ ਸਜ਼ਾ ਪੂਰੀ ਕਰ ਚੁੱਕੇ ਆਪਣੇ ਬੰਦੀ ਸਿੰਘਾਂ ਨੂੰ ਜੇਲਾਂ ਦੀਆਂ ਕਾਲ ਕੋਠੜੀਆਂ ‘ਚੋਂ ਅਜ਼ਾਦ ਨਹੀਂ ਕਰਵਾ ਸਕੇ, ਹੋਰ ਵੱਡੇ ਮਸਲੇ ਹੱਲ ਕਰਵਾਉਣੇ ਤਾਂ ਬਹੁਤ ਦੂਰ ਹਨ। ਅਸੀਂ ਤੀਲਾ-ਤੀਲਾ ਹਾਂ, ਮਾੜੇ ਤੋਂ ਮਾੜਾ ਦੁਸ਼ਮਣ ਵੀ ਸਾਨੂੰ ਤ੍ਰੋੜ-ਮਰੋੜ ਕੇ ਨਿਕਲ ਜਾਂਦਾ ਹੈ, ਅਸੀਂ ਕੁਝ ਕਰ ਨਹੀਂ ਪਾਉਂਦੇ। ਭਾਵੇਂ ਜੰਗਲ ‘ਚ ਇਕੱਲੇ ਸ਼ੇਰ ਦਾ ਹੀ ਰਾਜ ਹੁੰਦਾ ਹੈ, ਪ੍ਰੰਤੂ ਜਦੋਂ ਸ਼ਿਕਾਰੀ ਬਹੁਤੇ ਹੋ ਜਾਣ ਤਾਂ ਸ਼ੇਰ ਵੀ ਝੁੰਡ ਬਣਾ ਲੈਂਦੇ ਹਨ। ਫਿਰ ਸ਼ਿਕਾਰੀਆਂ ਨੂੰ ਵਾਪਸ ਭੱਜਣਾ ਪੈਂਦਾ ਹੈ। ਅੱਜ ਸਿੱਖਾਂ ਦੇ ਦੁਸ਼ਮਣਾਂ ਦੀ ਗਿਣਤੀ ਔਖੀ ਹੈ, ਪ੍ਰੰਤੂ ਸਿੱਖਾਂ ਨੂੰ ਖ਼ਤਮ ਕਰਨ ਲਈ ਉਹ ਇਕ ਹਨ, ਪ੍ਰੰਤੂ ਸਿੱਖ ਇਕ ਹੋਣ ਲਈ ਤਿਆਰ ਨਹੀਂ। ਏਕਤਾ ਦੇ ਨਾ ਤੇ ਢੁੱਚਰਾਂ ਡਾਹੀਆਂ ਜਾ ਰਹੀਆਂ ਹਨ। ਜੰਗਲ ਨੂੰ ਅੱਗ ਲੱਗਣ ਤੇ ਪਹਿਲਾ ਕਾਰਣ ਲੱਭਣ ਨਹੀਂ ਬੈਠ ਜਾਈ ਦਾ, ਸਗੋਂ ਅੱਗ ਬਝਾਉਣ ਲਈ ਜੁੱਟਿਆ ਜਾਂਦਾ ਹੈ।

ਕੌਮ ਦਾ ਵਿਧਾਨ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ‘ਚ ਸਾਡੇ ਪਾਸ ਹੈ, ਫ਼ਿਰ ਬਾਕੀ ਵਿਧੀ-ਵਿਧਾਨ ਤਾਂ ਉਸ ਮੁੱਖ ਵਿਧਾਨ ਦੀ ਰੋਸ਼ਨੀ ‘ਚ ਬਣਦੇ ਤੇ ਬਦਲਦੇ ਰਹਿੰਦੇ ਹਨ। ਲੋੜ ਸਿਰਫ਼ ਆਪਣੀ ਮੱਤ ਤਿਆਗ ਕੇ, ਗੁਰੂ ਦੀ ਮੱਤ ਲੈਣ ਦੀ ਹੈ। ਚੌਧਰਾਂ, ਸਿਰਦਾਰੀਆਂ ਵੀ ਪੰਥ ਨਾਲ ਹੀ ਹਨ। ”ਜੇ ਪੰਥ ਨਾ ਰਿਹਾ, ਫਿਰ ਗ੍ਰੰਥ ਨੂੰ ਕੌਣ ਮੰਨੇਗਾ, ਜੇ ਗ੍ਰੰਥ ਨਾ ਰਿਹਾ ਤਾਂ ਫਿਰ ਪੰਥ ਕਾਹਦਾ?” ਇਸ ਗਹਿਰ ਗੰਭੀਰ ਸੱਚ ਨੂੰ ਇਕ ਵਾਰ ਸਾਨੂੰ ਸਾਰਿਆਂ ਨੂੰ ਜ਼ਰੂਰ ਵਿਚਾਰਨਾ ਪਵੇਗਾ। ਆਗੂ ਤਾਂ ਪਹਿਲਾ ਵੀ ਬਹੁਤੇ ਵੱਡੇ-ਵੱਡੇ ਹੋਏ ਨੇ, ਆਏ ਤੇ ਚਲੇ ਗਏ। ਪ੍ਰੰਤੂ ਅੱਜ ਪੰਥ ਉਨਾਂ ‘ਚੋਂ ਕਿੰਨਿਆ ਕੁ ਨੂੰ ਯਾਦ ਕਰਦਾ ਹੈ? ਸਿਰਫ਼ ਉਂਗਲਾਂ ਤੇ ਗਿਣੇ ਜਾਣ ਵਾਲੇ, ਉਨਾਂ ਆਗੂਆਂ ਨੂੰ ਜਿਨਾਂ ਨੇ ਆਪਾਂ ਵਾਰ ਕੇ, ‘ਪੰਥ ਤੇ ਗ੍ਰੰਥ’ ਦੀ ਰਾਖ਼ੀ ਕੀਤੀ। ਅਸੀਂ ਚਾਹੁੰਦੇ ਹਾਂ ਕਿ ਕੌਮ ਦੇ ਆਗੂ ਨਿੱਜੀ ਹੳੂਮੈ, ਲਾਲਸਾ ਦਾ ਤਿਆਗ ਕਰਕੇ, ਕੌਮ ‘ਚ ਏਕਤਾ ਅਤੇ ਸਰਬੱਤ ਖਾਲਸਾ ਨੂੰ ਸਰਬੱਤ ਖਾਲਸੇ ਦਾ ਬਣਾਉਣ ਲਈ ਧੜੇਬੰਦੀਆਂ, ਜਥੇਬੰਦੀਆਂ, ਸਿਧਾਂਤਾਂ ਦੇ ਝੂਠੇ ਬਹਾਨੇ ਨੂੰ ਤਿਆਗ ਕੇ, ਮੇਰਾ ਸਾਰਾ ਕੁਝ ‘ਪੰਥ ਤੇ ਗ੍ਰੰਥ’ ਨੂੰ ਸਮਰਪਿਤ ਹੈ, ਦੇ ਸ਼ਬਦਾਂ ਨਾਲ ਆਪਸ ‘ਚ ਗੱਲਵੱਕੜੀਆਂ ਪਾ ਕੇ, ਕੌਮ ਦੀ ਵਿਗੜੀ ਸੁਆਰਨ ਦੇ ਰਾਹ ਦੇ ਪਾਂਧੀ ਬਣਨ। ਜਿਸ ਦਿਨ ਕੌਮ ਇਕ ਪਲੇਟਫਾਰਮ ਤੇ ਇਕੱਠੀ ਹੋ ਗਈ ਤਾਂ ਪ੍ਰਾਪਤੀਆਂ ਦਾ ਪਟਾਰਾ ਆਪਣੇ ਆਪ ਖੁੱਲ ਜਾਵੇਗਾ। ਇਹ ਸਾਡਾ ਦਾਅਵਾ ਹੈ।

Be the first to comment

Leave a Reply