ਰੰਜ ਲੀਡਰ ਕੋ ਬੜਾ ਹੈ ਕੌਮ ਕਾ, ਮਗਰ ਆਰਾਮ ਕੇ ਸਾਥ…

ਭਾਜਪਾ ਨੂੰ ਵੀ ਕੁਰਸੀ ਖਾਤਰ ਪੰਜਾਬ ਦਾ ਅਮਨ ਕਨੂੰਨ ਵਿਗੜਦਾ ਨਜ਼ੲ ਨਹਂਿ ਆ ਰਿਹਾ

ਪੰਜਾਬ ਵਿੱਚ ਭਾਜਪਾ ਦੀ ਇੱਕ ਸੂਬਾ ਪੱਧਰੀ ਮੀਟਿੰਗ ਹੋਈ ਹੈ। ਇਸ ਮੀਟਿੰਗ ਵਿੱਚ ਸੂਬਾ ਪ੍ਰਧਾਨ ਤੇ ਕੇਂਦਰੀ ਮੰਤਰੀ ਵਿਜੇ ਸਾਂਪਲਾ ਵੀ ਸ਼ਾਮਲ ਸਨ। ਓਥੇ ਪੰਜਾਬ ਭਾਜਪਾ ਦੇ ਕਈ ਵੱਡੇ ਲੀਡਰਾਂ ਨੇ ਇਸ ਗੱਲ ਦੀ ਚਿੰਤਾ ਜ਼ਾਹਰ ਕੀਤੀ ਕਿ ਪੰਜਾਬ ਦੇ ਹਾਲਾਤ ਬਹੁਤ ਵਿਗੜਦੇ ਜਾਂਦੇ ਹਨ ਤੇ ਰਾਜ ਸਰਕਾਰ ਇਨ੍ਹਾਂ ਨੂੰ ਸੁਧਾਰਨ ਦੇ ਲਈ ਕੋਈ ਕੋਸ਼ਿਸ਼ ਕਰਦੀ ਹੋਈ ਨਜ਼ਰ ਨਹੀਂ ਆ ਰਹੀ। ਉਨ੍ਹਾਂ ਦੀ ਚਿੰਤਾ ਵਾਜਬ ਹੈ।

ਪੰਜਾਬ ਵਿੱਚ ਪਿਛਲੇ ਦਿਨਾਂ ਵਿੱਚ ਜਿਸ ਤਰ੍ਹਾਂ ਦੀ ਗੈਂਗ-ਵਾਰ ਚੱਲ ਪਈ ਹੈ, ਉਹ ਰੁਕਣ ਦਾ ਨਾਂਅ ਨਹੀਂ ਲੈ ਰਹੀ।ਖ਼ਬਰ ਇਹ ਹੈ ਕਿ ਫਰੀਦਕੋਟ ਵਿੱਚ ਫਿਰ ਕੋਈ ਨਾਮੀ ਗੈਂਗਸਟਰ ਮਾਰਿਆ ਗਿਆ ਹੈ।ਜਲੰਧਰ ਵਿੱਚ ਇੱਕ ਥਾਂ ਇੱਕ ਕਾਲਜ ਪੜ੍ਹਦੇ ਨੌਜਵਾਨ ਦਾ ਕਤਲ ਕਰ ਕੇ ਬਾਅਦ ਵਿੱਚ ਉਸ ਦੀ ਲਾਸ਼ ਦੇ ਕੋਲ ਕਾਤਲ ਭੰਗੜਾ ਵੀ ਪਾਉਂਦੇ ਰਹੇ ਸਨ। ਲਾਸ਼ਾਂ ਕੋਲ ਭੰਗੜੇ ਪਾਉਣ ਦਾ ਨਵਾਂ ਰੁਝਾਨ ਚੱਲ ਪਿਆ ਹੈ। ਇਸ ਰੁਝਾਨ ਦੀ ਸ਼ੁਰੂਆਤ ਉਸ ਵਕਤ ਹੋਈ ਸੀ, ਜਦੋਂ ਜਲੰਧਰ ਤੇ ਫਗਵਾੜੇ ਦੇ ਵਿਚਾਲੇ ਪਿਛਲੇ ਸਾਲ ਇੱਕ ਗੈਂਗਸਟਰ ਨੂੰ ਜੇਲ੍ਹ ਤੋਂ ਲਿਆ ਕੇ ਅਦਾਲਤੀ ਪੇਸ਼ੀ ਤੋਂ ਮੁੜਦੇ ਨੂੰ ਰਾਹ ਵਿੱਚ ਪੁਲਸ ਪਾਰਟੀ ਤੋਂ ਖੋਹ ਕੇ ਕਤਲ ਕੀਤਾ ਗਿਆ ਸੀ। ਉਸ ਪਿੱਛੋਂ ਕਈ ਵਾਰ ਇਸ ਤਰ੍ਹਾਂ ਦੀਆਂ ਘਟਨਾਵਾਂ ਹੋ ਚੁੱਕੀਆਂ ਹਨ। ਲੋਕ ਕਹਿੰਦੇ ਹਨ ਕਿ ਇਨ੍ਹਾਂ ਗੈਂਗਾਂ ਦੇ ਪਿੱਛੇ ਸਿਆਸੀ ਆਗੂਆਂ ਦੀ ਸਰਪ੍ਰਸਤੀ ਹੈ।

ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਦੀਆਂ ਕਾਰਾਂ ਘੇਰ ਕੇ ਹਮਲਾ ਕਰਨ ਪਿੱਛੋਂ ਜਿਵੇਂ ਇੱਕ ਸੰਤ ਮਾਰ ਦਿੱਤਾ ਗਿਆ ਅਤੇ ਬਾਕੀ ਸਾਰੇ ਜਾਨਾਂ ਬਚਾਉਣ ਲਈ ਕਾਰਾਂ ਨੂੰ ਛੱਡ ਕੇ ਰਾਤ ਦੇ ਵਕਤ ਖੇਤਾਂ ਵਿੱਚ ਲੁਕਦੇ ਫਿਰੇ ਸਨ, ਉਹ ਸਭ ਹੈਰਾਨ ਕਰਨ ਵਾਲਾ ਸੀ। ਉਸ ਕੇਸ ਵਿੱਚ ਕੁਝ ਕਾਤਲ ਫੜੇ ਗਏ, ਪਰ ਜਿਸ ਸੰਤ ਉੱਤੇ ਹਮਲਾ ਹੋਇਆ ਸੀ, ਉਹ ਕਾਤਲਾਂ ਦੇ ਮਗਰ ਖੜੇ ਕਤਲ ਕਰਵਾਉਣ ਵਾਲੇ ਨੂੰ ਫੜਨ ਦੀ ਮੰਗ ਕਰਦਾ ਹੈ। ਪੁਲਸ ਇਸ ਕੇਸ ਵਿੱਚ ਜਿੰਨੀ ਕੋਸ਼ਿਸ਼ ਕਰ ਰਹੀ ਹੈ, ਉਸ ਨਾਲ ਲੋਕਾਂ ਵਿੱਚ ਭਰੋਸਾ ਇਸ ਲਈ ਨਹੀਂ ਬੱਝ ਰਿਹਾ ਕਿ ਕਤਲ ਦੇ ਦੋਸ਼ੀ ਜਦੋਂ ਅਦਾਲਤ ਵਿੱਚ ਪੇਸ਼ ਕੀਤੇ ਗਏ, ਉਨ੍ਹਾਂ ਉੱਤੇ ਕੁਝ ਲੋਕਾਂ ਨੇ ਫੁੱਲਾਂ ਦੀ ਵਰਖਾ ਕੀਤੀ ਸੀ ਤੇ ਇਹ ਕੰਮ ਜਿਨ੍ਹਾਂ ਲੋਕਾਂ ਨੇ ਕੀਤਾ ਸੀ, ਉਨ੍ਹਾਂ ਦਾ ਆਗੂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਸੀ। ਅਕਾਲੀ ਦਲ ਵੱਲੋਂ ਸ਼੍ਰੋਮਣੀ ਕਮੇਟੀ ਵਿੱਚ ਨਾਮਜ਼ਦ ਕੀਤਾ ਗਿਆ ਉਹ ਬੰਦਾ ਜਦੋਂ ਕਾਤਲਾਂ ਦੇ ਨਾਲ ਖੜਾ ਦਿਖਾਈ ਦੇਂਦਾ ਹੈ ਤੇ ਇਸ ਬਾਰੇ ਸਰਕਾਰ ਚੁੱਪ ਰਹੀ ਹੈ ਤਾਂ ਇਸ ਦਾ ਲੋਕਾਂ ਵਿੱਚ ਗ਼ਲਤ ਸੰਕੇਤ ਜਾਣਾ ਸੁਭਾਵਕ ਹੈ। ਸਰਕਾਰ ਨੂੰ ਇਸ ਬਾਰੇ ਸਥਿਤੀ ਸਪੱਸ਼ਟ ਕਰਨ ਦੀ ਲੋੜ ਸੀ, ਪਰ ਅਜੇ ਤੱਕ ਕੀਤੀ ਨਹੀਂ ਗਈ।

ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਜਿੰਨੀ ਕੁ ਮੱਠੀ ਤੇ ਮਿੱਠੀ ਜਿਹੀ ਸੁਰ ਵਿੱਚ ਪੰਜਾਬ ਦੇ ਹਾਲਾਤ ਉੱਤੇ ਫ਼ਿਕਰ ਜ਼ਾਹਰ ਕਰਨ ਵਰਗੀ ਖੇਚਲ ਕੀਤੀ ਹੈ, ਉਸ ਦਾ ਕਾਰਨ ਸ਼ਾਇਦ ਇਹ ਹੈ ਕਿ ਭਾਜਪਾ ਮੰਤਰੀਆਂ ਨੂੰ ਹੁਣ ਕਿਸੇ ਖਾਤੇ ਵਿੱਚ ਨਹੀਂ ਰੱਖਿਆ ਜਾ ਰਿਹਾ। ਪਾਰਟੀ ਦੇ ਸਭ ਤੋਂ ਸੀਨੀਅਰ ਮੰਤਰੀ ਨੂੰ ਪੰਜਾਬ ਸਰਕਾਰ ਦਾ ਚੀਫ ਸੈਕਟਰੀ ਹੀ ਵਾਹਣੀਂ ਪਾਈ ਫਿਰਦਾ ਹੈ। ਮੰਤਰੀ ਦੀ ਥਾਂ ਉਸ ਅਫ਼ਸਰ ਦੀ ਵੱਧ ਸੁਣੀ ਜਾ ਰਹੀ ਹੈ। ਇਸ ਕਾਰਨ ਭਾਜਪਾ ਆਗੂ ਹੁਣ ਆਪਣਾ ਰੋਣਾ ਪੰਜਾਬ ਦੀ ਵਿਗੜੀ ਹਾਲਤ ਦੇ ਬਹਾਨੇ ਰੋਣ ਲੱਗ ਪਏ ਹਨ। ਇਹ ਕੰਮ ਬਹੁਤ ਚਿਰ ਪਹਿਲਾਂ ਓਦੋਂ ਕਰਨਾ ਚਾਹੀਦਾ ਸੀ, ਜਦੋਂ ਸਾਰਾ ਪੰਜਾਬ ਇਸ ਦੀ ਉਨ੍ਹਾਂ ਤੋਂ ਆਸ ਕਰਦਾ ਸੀ।

ਜਦੋਂ ਭਾਜਪਾ ਕੋਰ ਕਮੇਟੀ ਨੇ ਪੰਜਾਬ ਦੇ ਹਾਲਾਤ ਦੀ ਚਿੰਤਾ ਕੀਤੀ ਤਾਂ ਅੱਗੇ ਦੀ ਗੱਲ ਫਿਰ ਕੋਈ ਨਹੀਂ ਕੀਤੀ, ਸਗੋਂ ਅਕਾਲੀ-ਭਾਜਪਾ ਗੱਠਜੋੜ ਦੇ ਜਾਰੀ ਰੱਖਣ ਉੱਤੇ ਮੋਹਰ ਲਾਉਣ ਦੇ ਬਿਆਨ ਵੱਖੋ-ਵੱਖ ਲੀਡਰਾਂ ਨੇ ਜਾਰੀ ਕਰ ਛੱਡੇ ਹਨ। ਆਜ਼ਾਦੀ ਲਹਿਰ ਵੇਲੇ ਕੁਝ ਵੱਡੇ-ਵੱਡੇ ਲੀਡਰਾਂ ਬਾਰੇ ਇੱਕ ਉਰਦੂ ਦਾ ਸ਼ੇਅਰ ਚਰਚਿਤ ਰਿਹਾ ਸੀ : ‘ਰੰਜ ਲੀਡਰ ਕੋ ਬੜਾ ਹੈ ਕੌਮ ਕਾ, ਮਗਰ ਆਰਾਮ ਕੇ ਸਾਥ, ਗ਼ਮ-ਇ-ਕੌਮ ਮੇਂ ਡਿਨਰ ਖਾਤੇ ਹੈਂ ਹੁਕਾਮ ਕੇ ਸਾਥ’। ਇਸ ਦਾ ਅਰਥ ਸੀ ਕਿ ਭਾਰਤ ਵਿੱਚ ਕੁਝ ਲੀਡਰ ਇਹੋ ਜਿਹੇ ਹਨ, ਜਿਨ੍ਹਾਂ ਨੂੰ ਕੌਮ ਦਾ ਏਨਾ ਗ਼ਮ ਹੈ ਕਿ ਇਸ ਗ਼ਮ ਵਿੱਚ ਉਹ ਹਾਕਮਾਂ, ਅੰਗਰੇਜ਼ਾਂ, ਦੇ ਡਿਨਰ ਛਕਣ ਜਾਂਦੇ ਹਨ। ਭਾਜਪਾ ਲੀਡਰਾਂ ਨੂੰ ਵੀ ਪੰਜਾਬ ਦੇ ਵਿਗੜਦੇ ਹੋਏ ਹਾਲਾਤ ਅਤੇ ਪੰਜਾਬ ਦੇ ਲੋਕਾਂ ਦੇ ਦੁੱਖਾਂ ਦੀ ਏਨੀ ਚਿੰਤਾ ਹੈ ਕਿ ਉਹ ਸਿਰਫ਼ ਚਿੰਤਾ ਕਰਦੇ ਹਨ, ਕੁਰਸੀਆਂ ਦਾ ਮੋਹ ਛੱਡਣ ਦਾ ਵਿਚਾਰ ਵੀ ਪ੍ਰਗਟ ਕਰਨ ਜੋਗੇ ਨਹੀਂ ਨਿਕਲੇ।-ਨਵਾਂ ਜ਼ਮਾਨਾ

Be the first to comment

Leave a Reply