ਰੂਹਾਨੀਅਤ ਤੋਂ ਸੱਖਣੇ ਸਿੱਖ ਮਨੋਵਿਗਿਆਨਕ ਜਾਲ ਵਿਚ ਫਸ ਰਹੇ ਹਨ

ਐਡਵੋਕੇਟ ਜਸਪਾਲ ਸਿੰਘ ਮੰਝਪੁਰ

ਸਿੱਖ ਦਾ ਅਸਲ ਅਰਥ ਹੈ “ਸੱਚ ਲਈ ਤਤਪਰ” ਅਤੇ ਜਦੋਂ ਸਿੱਖ ਗੁਰਬਾਣੀ ਤੇ ਵਿਰਸੇ ਦੀ ਰੋਸ਼ਨੀ ਵਿਚ “ਸੱਚ ਉਪਰ ਦ੍ਰਿੜ” ਹੋ ਜਾਂਦਾ ਹੈ ਤਾਂ ਹੀ ਉਹ ਸਿੰਘ ਸਬਦ ਦੇ ਅਸਲ ਅਰਥਾਂ ਦੇ ਮੇਚ ਦਾ ਬਣ ਜਾਂਦਾ ਹੈ। ਜਦੋਂ ਗੁਰੂ ਨਾਨਕ ਪਾਤਸ਼ਾਹ ਜਗਤ ਵਿਚ ਪ੍ਰਗਟ ਹੋਏ ਤਾਂ ਉਸ ਸਮੇਂ ਸੱਚ ਰੂਪੀ ਚੰਦਰਮਾ ਚੜ੍ਹਿਆ ਹੋਣ ਦੇ ਬਾਵਜੂਦ ਵੀ ਝੂਠ/ਕੂੜ ਰੂਪੀ ਮੱਸਿਆ ਹੋਣ ਕਾਰਨ ਦਿਸ ਨਹੀਂ ਸੀ ਰਿਹਾ ਭਾਵ ਕਿ ਸੱਚ ਤਾਂ ਹਮੇਸ਼ਾ ਬੁਲੰਦ ਹੀ ਰਹਿੰਦਾ ਹੈ, ਉਹ ਕਿਸੇ ਨੂੰ ਝੂਠ/ਕੂੜ ਦੇ ਪਰਦੇ ਕਾਰਨ ਨਾ ਦਿਖੇ ਤਾਂ ਇਕ ਵੱਖਰੀ ਗੱਲ ਹੈ। ਗੁਰਬਾਣੀ ਦਾ ਸਾਰਾ ਤੱਤ ਕੂੜ/ਝੂਠ ਦੀ ਪਾਲ/ਪਰਦਾ/ਕੰਧ ਤੋੜ ਕੇ ਸਦੀਵੀ ਸੱਚ ਦੇ ਸਨਮੁੱਖ ਹੋ ਕੇ ਸਚਿਆਰਾ ਹੋਣਾ ਹੈ। ਸਚਿਆਰਾ ਹੋਣਾ ਜ਼ਰੂਰੀ ਹੈ, ਕਿਸੇ ਨੂੰ ਦਿਸੇ ਜਾਂ ਨਾ ਇਹ ਬਾਅਦ ਦੀ ਗੱਲ ਹੈ। ਜੋਤ ਸਰੂਪ ਮਨ ਦਾ ਆਖਰੀ ਨਿਸ਼ਾਨਾ ਆਪਣੇ ਮੂਲ ਨੂੰ ਪਛਾਣਨਾ ਹੈ ਬਾਕੀ ਦੂਜੇ-ਤੀਜੇ ਨਿਸ਼ਾਨੇ ਮੂਲ ਨਿਸ਼ਾਨੇ ਲਈ ਸਹਾਇਕ ਤਾਂ ਹੋ ਸਕਦੇ ਹਨ ਪਰ ਆਖਰੀ ਨਹੀਂ। ਦੂਜੇ-ਤੀਜੇ ਨਿਸ਼ਾਨਿਆਂ ਲਈ ਜੂਝਣਾ ਵੀ ਜ਼ਰੂਰੀ ਹੈ ਪਰ ਮੂਲ ਨਿਸ਼ਾਨੇ ਨੂੰ ਕਤਈ ਕੁਰਬਾਨ ਨਹੀਂ ਕੀਤਾ ਜਾ ਸਕਦਾ। ਅਸਲ ਗੱਲ ਤਾਂ ਇਹ ਹੈ ਕਿ ਮੂਲ ਨਿਸ਼ਾਨੇ ਨੂੰ ਧਿਆਨ ਵਿਚ ਰੱਖਦਿਆਂ ਹੋਇਆਂ ਜੇ ਚੱਲਿਆ ਜਾਵੇਗਾ ਤਾਂ ਦੂਜੇ-ਤੀਜੇ ਨਿਸ਼ਾਨੇ ਸੁੱਤੇ ਸਿੱਧ ਦੀ ਸਰ ਹੋ ਜਾਣਗੇ। ਉਹੀ ਸਰੀਰ ਇਸ ਜੱਗ ਵਿਚ ਸਫਲ ਹੋਏ ਜਿਹਨਾਂ ਦੀ ਕਹਿਣੀ-ਕਰਣੀ ਇੱਕ ਤੇ ਸੇਵਾ-ਸਿਮਰਨ ਵਿਚ ਸਮਤੋਲਤਾ ਰਹੀ।

ਵਰਤਮਾਨ ਸਮੇਂ ਵਿਚ ਗੁਰਬਾਣੀ ਤੇ ਵਿਰਸੇ ਦੇ ਵਖਿਆਣ ਲਈ ਉਧਾਰੀਆਂ ਲਈਆਂ ਹੋਈਆਂ ਵਿਆਖਿਆਂ ਪ੍ਰਣਾਲੀਆਂ ਦੀ ਵਰਤੋਂ ਕੀਤੀ ਜਾ ਰਹੀ ਹੈ। ਸਿੱਖਾਂ ਦੀ ਆਪਣੀ ਵਿਆਖਿਆ ਪ੍ਰਣਾਲੀ ਅਜੇ ਐਨੀ ਜ਼ਿਆਦਾ ਵਿਗਸੀ ਨਹੀਂ ਜਾਂ ਯਤਨ ਘੱਟ ਹੋ ਰਹੇ ਹਨ। ਜਦੋਂ ਅਸੀਂ ਹਰ ਗੱਲ ਜਾਂ ਸਮੱਸਿਆ ਆਦਿ ਨੂੰ ਬਿਗਾਨਿਆ ਦੀਆਂ ਅੱਖਾਂ ਜਾਂ ਨਜ਼ਰੀਏ ਰਾਹੀਂ ਦੇਖਦੇ ਹਾਂ ਤਾਂ ਉਸ ਨਜ਼ਰੀਏ ਦਾ ਪ੍ਰਭਾਵ ਪੈਣਾ ਸੁਭਾਵਿਕ ਹੈ ਪਰ ਜਿਹਨਾਂ ਅੱਖਾਂ ਰਾਹੀਂ ਮਾਂ-ਪਿਰੀ ਨੇ ਦਿਸਣਾ ਹੈ ਉਹ ਤਾਂ ਗੁਰੂ ਸਾਹਿਬ ਕਹਿੰਦੇ ਕਿ ਅੱਖਾਂ ਹੀ ਹੋਰ ਹਨ। ਕੀ ਅਸੀਂ ਉਹ ਅੱਖਾਂ ਪ੍ਰਾਪਤ ਕਰਨ ਲਈ ਕੋਈ ਯਤਨ ਕਰਦੇ ਹਾਂ ਜਾਂ ਐਵੇਂ ਹੀ ਬਿਗਾਨੀ ਸ਼ਹਿ ਨਾਲ ਅਣਭੋਲ ਹੀ ਗੁਰੂ ਨੂੰ ਪਿੱਠ ਦੇਈ ਜਾ ਰਹੇ ਹਾਂ। ਮੌਜੂਦਾ ਤੇ ਪ੍ਰਚਲਤ ਵਿਆਖਿਆ ਪ੍ਰਣਾਲੀਆਂ ਗੁਰੂ ਨਾਨਕ ਪਾਤਸ਼ਾਹ ਦੇ ਮਾਰਗ ਨੂੰ ਇੱਕ ਵੱਖਰਾ ਮਾਰਗ ਦੱਸਦੀਆਂ ਹਨ ਪਰ ਇਹ ਕਿਸੇ ਤੋਂ ਵੱਖਰਾ ਨਹੀਂ ਸਗੋਂ ਵਿੱਲਖਣ ਹੈ। ਕੀ ਵਿਲੱਖਣ ਸ਼ਬਦ ਦੀ ਜਗ੍ਹਾ ਵੱਖਰਾ ਸ਼ਬਦ ਵਰਤ ਕੇ ਅਸੀਂ ਗੁਰੂ ਨਾਨਕ ਪਾਤਸ਼ਾਹ ਦੇ ਮਾਰਗ ਨਾਲ ਇੰਨਸਾਫ ਕਰ ਰਹੇ ਹਾਂ? ਗੁਰੂ ਦਾ ਤਾਂ ਖਾਲਸਾ-ਪੰਥ ਹੈ ਪਰ ਕੀ ਪੰਥ ਦੀ ਜਗ੍ਹਾ ਕੌਮ ਜਾਂ ਨੇਸ਼ਨ ਸ਼ਬਦ, ਖਾਲਸਾ-ਪੰਥ ਸ਼ਬਦ ਦੀ ਵਰਤੋਂ ਖਾਲਸਾ-ਪੰਥ ਨੂੰ ਸੀਮਤ ਤਾਂ ਨਹੀਂ ਕਰ ਰਹੀ? ਸਿੱਖ ਤਾਂ ਕਿਸੇ ਜੰਗ ਵਿਚ ਕਿਸੇ ਇਕ ਧਿਰ ਵਿਚ ਹੁੰਦਿਆਂ ਵੀ ਕਿਸੇ ਇਕ ਧਿਰ ਵੱਲ ਨਹੀਂ ਜਿਵੇਂ ਭਾਈ ਘਨੱਈਆ ਜੀ ਵੀ ਸਿੱਖ ਅਤੇ ਜਿਹਨਾਂ ਨੂੰ ਭਾਈ ਘਨੱਈਆ ਜੀ ਜਲ ਛਕਾ ਰਹੇ ਅਤੇ ਮੱਲ੍ਹਮ-ਪੱਟੀ ਕਰ ਰਹੇ, ਉਹਨਾਂ ਨੂੰ ਫੱਟ ਮਾਰਨ ਵਾਲੇ ਵੀ ਸਿੱਖ। ਹੈ ਦੁਨੀਆਂ ਦੇ ਇਤਿਹਾਸ ਵਿਚ ਐਸੀ ਵਿੱਲਖਣ ਮਿਸਾਲ। ਹੈ ਭਾਵੇਂ ਇਹ ਤੀਸਰ ਪੰਥ ਹੀ ਪਰ ਤੀਸਰ ਤਾਂ ਹੀ ਬਣਦਾ ਹੈ ਜੇਕਰ ਉਸ ਵਿਚ ਅੱਵਲ ਤੇ ਦੋਮ ਸ਼ਾਮਲ ਹੋਣ। ਅੱਵਲ ਤੇ ਦੋਮ ਭਾਵ ਇੱਕ ਤੇ ਦੋ ਦੇ ਜੋੜ ਤੋਂ ਹੀ ਤਿੰਨ ਬਣਦਾ ਹੈ।

ਸਿੱਖੀ ਤਾਂ ਖੋਤੇ ਤੇ ਚੰਚਲ ਮਨ ਨੂੰ ਸਾਧ ਕੇ ਸੁੰਦਰ ਤੇ ਪਿਆਰਾ ਮਨ ਬਣਾ ਕੇ ਉਸ ਮੁਤਾਬਕ ਸਰੀਰੀ ਜਾਂ ਬਾਹਰੀ ਪਰਬੰਧ ਚਲਾਉਣ ਦੀ ਗੱਲ ਕਰਦੀ ਹੈ ਪਰ ਅੱਜ ਅਸੀਂ ਤਾਂ ਖੋਤੇ ਤੇ ਚੰਚਲ ਮਨ ਨੂੰ ਸਾਧੇ ਬਗੈਰ ਹੀ ਸਰੀਰੀ ਜਾਂ ਬਾਹਰੀ ਲੋੜਾਂ ਮੁਤਾਬਕ ਪਹਿਲਾਂ ਨਿਸ਼ਾਨੇ ਮਿੱਥ ਕੇ ਉਸ ਮੁਤਾਬਕ ਮਨ ਨੂੰ ਚਲਾਉਣ ਦੇ ਕੁਰਾਹੇ ਪੈ ਗਏ ਹਾਂ। ਚਾਹੀਦਾ ਤਾਂ ਇਹ ਸੀ ਕਿ ਰੂਹਾਨੀ ਵਿਕਾਸ ਤੋਂ ਬਾਅਦ ਸੀਮਤ ਹੋਈਆਂ ਲੋੜਾਂ ਮੁਤਾਬਕ ਸਰੀਰੀ ਜਾਂ ਬਾਹਰੀ ਨਿਸ਼ਾਨੇ ਮਿੱਥੇ ਜਾਂਦੇ ਪਰ ਇਸ ਵਿਗਾੜ ਨਾਲ ਹੀ ਕਈ ਸਮੱਸਿਆਵਾਂ ਪੈਦਾ ਹੋ ਗਈਆਂ ਅਤੇ ਹੁਣ ਸਮਾਂ ਪਾ ਕੇ ਉਸ ਵਿਗਾੜ ਨੂੰ ਸੁਧਾਰਨ ਦੀ ਬਜਾਇ ਉਸ ਵਿਗਾੜ ਕਾਰਨ ਪੈਦਾ ਹੋਈਆਂ ਅਤੇ ਦਿਨੋਂ-ਦਿਨ ਵੱਧ ਰਹੀਆਂ ਸਮੱਸਿਆਵਾਂ ਦੇ ਮਨੋਵਿਗਿਆਨਕ ਜਾਲ ਵਿਚ ਹੋਰ-ਹੋਰ ਜ਼ਿਆਦਾ ਫਸਦੇ ਜਾ ਰਹੇ ਹਾਂ। ਜਿਉਂ-ਜਿਉਂ ਨਿਕਲਣ ਦਾ ਯਤਨ ਕਰਦੇ ਹਾਂ ਤਾਂ ਹੋਰ ਧੱਸ ਰਹੇ ਹਾਂ। ਅਜਿਹਾ ਕਿਉਂ ਹੈ? ਕਿਉਂਕਿ ਇਕ ਤਾਂ ਸਿੱਖ ਦੀ ਸੱਚ ਲਈ ਤਤਪਰ ਵਾਲੀ ਪਰਿਭਾਸ਼ਾ ਤੋਂ ਮੁਨਕਰ ਹੋ ਕੇ ਸਿੱਖ ਦਾ ਭਾਵ ਕੇਵਲ ਸਿੱਖਣਾ ਅਧੀਨ ਹੋ ਕੇ ਸਾਰੀ ਦੁਨੀਆਂ ਦੀ ਸਰੀਰੀ/ਬਾਹਰੀ ਜਾਣਕਾਰੀ ਇਕੱਠੀ ਕਰ ਲਈ ਪਰ ਸੱਚ ਤੋਂ ਵਿਰਵੇ ਰਹਿ ਗਏ। ਇਸ ਤੋਂ ਇਹ ਭਾਵ ਨਹੀਂ ਕਿ ਸੰਸਾਰੀ ਜਾਣਕਾਰੀ ਇਕੱਠੀ ਕਰਨੀ ਠੀਕ ਜਾਂ ਜ਼ਰੂਰੀ ਨਹੀਂ ਪਰ ਉਸ ਤੋਂ ਪਹਿਲਾਂ ਜ਼ਰੂਰੀ ਹੈ ਕਿ ਜਾਣਕਾਰੀ ਦੀ ਇਕੱਤਰਤਾ ਗੁਰੂ ਸਿਧਾਂਤ ਤੇ ਵਿਰਸੇ ਦੀ ਰੋਸ਼ਨੀ ਵਿਚ ਸੱਚ ਜਾਣਨ ਲਈ, ਮਨ ਸਾਧਣ ਲਈ ਕੀਤੀ ਜਾਵੇ ਤਾਂ ਹੀ ਉਹ ਸੰਸਰੀ ਜਾਣਕਾਰੀ ਗਿਆਨ ਦਾ ਰੂਪ ਲੈ ਸਕੇਗੀ। ਦੂਜਾ ਇਹ ਕਿ ਸਿੰਘ ਦੀ ਪਰਿਭਾਸ਼ਾ ਸੱਚ ਉਪਰ ਦ੍ਰਿੜਤਾ ਨੂੰ ਛੱਡ ਕੇ ਕੇਵਲ ਸ਼ੇਰ ਵਾਲੀ ਅਪਣਾ ਲਈ ਅਤੇ ਉਸ ਮੁਤਾਬਕ ਹੀ ਆਪਣਾ ਸੁਭਾੳੇ ਬਣਾਉਣ ਦੀ ਪ੍ਰੇਰਨਾ ਲੈ ਲਈ ਕਿ ਸਭ ਮੇਰੇ ਅਧੀਨ, ਮੈਂ ਸਭ ਦਾ ਰਾਜਾ, ਸਾਰੇ ਮੇਰੀ ਪਰਜ਼ਾ, ਜਿਸਨੂੰ ਮਰਜ਼ੀ ਖਾ ਲਵਾਂ, ਮਾਰ ਦਿਆਂ, ਦੂਜਿਆਂ ਲਈ ਉਹੀ ਨਿਯਮ ਜੋ ਮੈਂ ਕਹਾਂ, ਪਰ ਉਹ ਨਿਯਮ ਮੇਰੇ ਉਪਰ ਲਾਗੂ ਨਹੀਂ ਆਦਿ-ਆਦਿ। ਅਤੇ ਨਾਲ ਹੀ ਸੱਚ ੳੁਪਰ ਦ੍ਰਿੜ ਤਾਂ ਕੀ ਹੋਣਾ ਸੀ, ਸੱਚ ਲਈ ਤਾਂ ਤਤਪਰਤਾ ਵੀ ਗਵਾਚ ਗਈ, ਖੇਡ ਉਲਟੀ ਚੱਲ ਪਈ ਝੂਠ/ਕੂੜ ਦਾ ਬੋਲਬਾਲਾ ਹੋ ਗਿਆ, ਕੂੜ/ਝੂਠ ਲਈ ਗੁਰੁ-ਸਿਧਾਂਤ ਦਾ ਘਾਣ, ਪਵਿੱਤਰ ਪਰੰਪਰਾਵਾਂ ਤੇ ਵਿਰਸੇ ਦੀ ਅਣਦੇਖੀ ਕੀਤੀ ਜਾਣ ਕਰਕੇ ਸਿੱਖ ਅਤੇ ਕੂੜ ਦੀ ਕੰਧ ਦੇ ਓਹਲੇ ਖੜੇ ਆਮ ਮਨੁੱਖ ਵਿਚ ਕੋਈ ਫਰਕ ਹੀ ਨਾ ਰਿਹਾ ਤੇ ਸਰੀਰੀ/ਬਾਹਰੀ ਵੱਖਰਤਾ ਤਾਂ ਹੈ ਪਰ ਵਿੱਲਖਣਤਾ ਗਵਾਚ ਗਈ।

ਕੀ ਸਿੱਖ ਸੱਚ ਲਈ ਤੱਤਪਰ ਅਤੇ ਸਿੰਘ ਸੱਚ ਉਪਰ ਦ੍ਰਿੜ ਤੋਂ ਅੱਗੇ ਵੀ ਕੁਝ ਹੈ? ਕੀ ਸੱਚ ਤੋਂ ਉਪਰ ਵੀ ਕੋਈ ਸ਼ੈਅ ਹੈ? ਉੱਤਰ ਹੈ ਕਿ ਹਾਂ, ਗੁਰੂ ਸਾਹਿਬ ਨੇ ਕਿਹਾ ਕਿ ਸੱਚ ਤੋਂ ਉਰੇ-ਉਰੇ ਹੈ ਸਭ ਕੁਝ ਅਤੇ ਸੱਚ ਤੋਂ ਉਪਰ ਹੈ ਸੱਚਾ ਆਚਰਣ ਅਤੇ ਸੱਚ ਤੱਕ ਤਾਂ ਸਿੱਖ ਤੇ ਸਿੰਘ ਹਨ ਪਰ ਉਸ ਤੋਂ ਉਪਰ ਹੈ ਖਾਲਸਾ, ਜਿਸ ਦਾ ਆਚਰਣ ਸੱਚਾ ਹੈ ਅਤੇ ਉਹ ਆਚਰਣ ਸੱਚ ਤੋਂ ਵੀ ਉੱਚਾ ਹੈ। ਸੱਚੇ ਆਚਰਣ ਨੂੰ ਇਤਨੀ ਜ਼ਿਆਦਾ ਵਡਿਆਈ ਬਖਸ਼ੀ ਹੈ ਸਤਿਗੁਰੂ ਪਾਤਸ਼ਾਹ ਨੇ ਅਤੇ ਤਾਂ ਹੀ ਤਾਂ ਸਮਝ ਆਉਂਦੀ ਹੈ ਦਸਮ ਪਿਤਾ ਵਲੋਂ ਅਕਾਲ ਪੁਰਖ ਵਾਂਗ ਖਾਲਸੇ ਦੀ ਮਹਿਮਾ ਕਰਨ ਦੀ ਗੱਲ ਕਿ ਖਾਲਸਾ ਮੇਰਾ ਪੂਰਾ ਸਤਿਗੁਰੂ ਹੈ। ਅਤੇ ਅਜਿਹੇ ਖਾਲਸਿਆਂ ਦਾ ਇੱਕਠ ਹੀ ਸਰਬੱਤ ਖਾਲਸਾ ਅਖਵਾ ਸਕਦਾ ਹੈ। ਵੱਡੀ ਭੀੜ ਸਰਬੱਤ ਖਾਲਸਾ ਨਹੀਂ ਕਹੀ ਜਾ ਸਕਦੀ। ਖਾਲਸਾ ਗੁਣਾਂ ਕਰਕੇ ਹੈ ਗਿਣਤੀ ਕਰਕੇ ਨਹੀਂ। ਕੀ ਅਸੀਂ ਅੱਜ ਖਾਲਸਾ ਕਹਾਉਣ ਦੇ ਹੱਕਦਾਰ ਹਾਂ? ਅਸੀਂ ਤਾਂ ਅਜੇ ਸਿੱਖੀ/ਸੱਚ ਦੇ ਪਹਿਲੇ ਪੜਾਅ ਵਿਚ ਹੀ ਪੈਰ ਨਹੀਂ ਧਰਿਆ ਅਤੇ ਦਾਵਾ ਸਾਡਾ ਸੱਚ ਤੋਂ ਵੀ ਉੱਪਰ ਦੀ ਬਖਸ਼ਿਸ਼ ਸੱਚੇ ਆਚਰਣ ਦਾ ਹੈ।

ਕਿਸੇ ਦੀ ਵੀ ਜਵਾਬਦੇਹੀ ਕਿਸ ਪ੍ਰਤੀ ਹੋਵੇ? ਚੱਲਦੇ ਪ੍ਰਬੰਧਾਂ ਵਿਚ ਤਾਂ ਦੋ ਹੀ ਤਰੀਕੇ ਹਨ, ਪਹਿਲਾ ਕਿ ਇਕ ਮੁੱਖੀ ਬਾਕੀ ਸਾਰੇ ਅਧੀਨ, ਜਿਵੇਂ ਕਿ ਕੋਈ ਤਾਨਾਸ਼ਾਹ ਜਾਂ ਨਿਰੰਕੁਸ਼ ਰਾਜਾ ਤੇ ਉਸਦੀ ਪਰਜਾ, ਜੇ ਰਾਜਾ ਚੰਗਾ ਤਾਂ ਪਰਜਾ ਸੁਖੀ ਅਤੇ ਜੇਕਰ ਰਾਜਾ ਮਾੜਾ ਤਾਂ ਪਰਜਾ ਦੁਖੀ। ਦੂਜੀ ਹੈ ਪੌੜ੍ਹੀ ਵਿਵਸਥਾ, ਜਿਸ ਮੁਤਾਬਕ ਹੇਠਲੇ ਆਪਣੇ ਤੋਂ ਉਪਰਲੇ ਅਤੇ ਉਪਰਲਾ ਆਪਣੇ ਤੋਂ ਉਪਰਲੇ ਪ੍ਰਤੀ ਜਵਾਬਦੇਹ ਅਤੇ ਸਭ ਤੋਂ ਉਪਰਲਾ ਫਿਰ ਨਿਰੰਕੁਸ਼ ਭਾਵੇਂ ਉਹ ਹੇਠਲਿਆਂ ਤੋਂ ਹੀ ਤਾਕਤ ਲੈਂਦਾ ਹੈ ਪਰ ਸਮਾਂ ਪੈਣ ਤੇ ਸਭ ਭ੍ਰਿਸ਼ਟ ਹੋ ਜਾਂਦੇ ਹਨ ਕਿਉਂਕਿ ਉਹਨਾਂ ਦੀ ਆਚਰਣ ਉਸਾਰੀ ਦਾ ਕੋਈ ਪ੍ਰਬੰਧ ਨਹੀਂ। ਗੁਰੂ ਨਾਨਕ ਦੇ ਘਰ ਵਿਚ ਜਵਾਬਦੇਹੀ ਦਾ ਵਿੱਲਖਣ ਸਿਧਾਂਤ ਹੈ ਕਿ ਮਨ ਨੂੰ ਨਿਰੰਕੁਸ਼ ਨਾ ਛੱਡਿਆ ਜਾਵੇ ਇਸ ਉਪਰ ਅੰਕਸ ਜ਼ਰੂਰ ਹੋਵੇ, ਗੁਰੂ ਦੇ ਗਿਆਨ ਦਾ, ਸੱਚ ਦਾ, ਸੱਚੇ ਆਚਰਣ ਦਾ ਤਾਂ ਕਿ ਉਸਦੀ ਜਵਾਬਦੇਹੀ ਕਿਸੇ ਮਨੁੱਖ ਪ੍ਰਤੀ ਨਾ ਹੋ ਕੇ ਆਪਣੇ ਸਾਧੇ ਹੋਏ ਮਨ ਪ੍ਰਤੀ ਹੋਵੇ, ਗੁਰੂ-ਸਿਧਾਂਤ ਪ੍ਰਤੀ ਹੋਵੇ, ਸੁਭ-ਗੁਣਾਂ ਪ੍ਰਤੀ ਹੋਵੇ, ਆਪਣੇ ਵਿਰਸੇ ਤੇ ਆਪਣੀ ਜ਼ਮੀਰ ਪ੍ਰਤੀ ਹੋਵੇ। ਕਿਉਂ ਨਹੀਂ ਅਸੀਂ ਜ਼ਮੀਰ ਪ੍ਰਤੀ ਜਵਾਬਦੇਹ ਹੁੰਦੇ। ਬਾਹਰੀ ਰੂਪ ਵਿਚ ਜਵਾਬਦੇਹੀ ਦੇ ਬੜੇ ਢੰਗ/ਸੰਦ ਘੜ੍ਹੇ ਗਏ ਪਰ ਸੁਰਤ/ਮਤ/ਮਨ/ਬੁੱਧ ਨੂੰ ਘੜ੍ਹਣ ਵਾਲੀ ਟਕਸਾਲ ਖੁਸ ਗਈ ਸਾਥੋਂ ਤਾਂ ਹੀ ਤਾਂ ਨਿਰੰਕੁਸ਼ ਮਨ ਪਿੱਛੇ ਲੱਗ ਕੇ ਕਦੇ ਕਿਤੇ, ਕਦੀ ਕਿਤੇ ਟੱਕਰਾਂ ਮਾਰਦੇ ਦੁਹਾਗਣਾਂ ਵਾਂਗ ਫਿਰ ਰਹੇ ਹਾਂ।

ਸਿੱਖ, ਸਿੰਘ ਤੇ ਖਾਲਸਾ ਪਦਵੀਆਂ ਗੁਰੂ ਦੀ ਬਖਸ਼ਿਸ਼ ਨਾਲ ਪ੍ਰਾਪਤ ਹੁੰਦੀਆਂ ਹਨ ਅਤੇ ਬਖਸ਼ਿਸ਼ਾਂ ਲੈਣ ਲਈ ਭਾਂਡਾ ਖਾਲੀ ਹੋਣਾ ਜ਼ਰੂਰੀ ਹੈ ਪਰ ਸਾਡੇ ਭਾਂਡੇ ਤਾਂ ਪਹਿਲਾਂ ਹੀ ਡੁੱਲ੍ਹ-ਡੱਲ੍ਹ ਕਰਦੇ ਪਏ ਹਨ ਸਾਡੀਆਂ ਪਾਖੰਡਬਾਜ਼ੀਆਂ ਨਾਲ, ਸਾਡੀਆਂ ਆਮ ਮਨੁੱਖਾਂ ਤੋਂ ਵੀ ਹੇਠਲੇ ਪੱਧਰ ਦੀਆਂ ਆਚਰਣਹੀਣਤਾਵਾਂ ਨਾਲ, ਸਾਡੀ ਦੁਨਿਆਵੀ/ਸਰੀਰੀ ਜਾਣਕਾਰੀ ਵਿਚੋਂ ਉਪਜੀ ਹਊਮੈਂ ਨਾਲ, ਸਾਡੀ ਪਸ਼ੂ-ਬਿਰਤੀ ਆਦਿ-ਆਦਿ ਨਾਲ। ਪਹਿਲਾਂ ਇਹਨਾਂ ਸਾਰੀਆਂ ਸ਼ੈਆਂ ਨਾਲ ਭਰੇ ਭਾਂਡੇ ਖਾਲੀ ਕਰਕੇ, ਸੇਵਾ-ਸਿਮਰਨ ਨਾਲ ਮਾਂਜ ਕੇ, ਗੁਰੂ ਅੱਗੇ ਨਿਮਰਤਾ, ਤਿਆਗ ਦੇ ਘਰ ਵਿਚ ਆ ਕੇ ਨਿਰਇੱਛਤ ਨੀਤ ਨਾਲ ਕੀਤੀ ਅਰਦਾਸ ਨਾਲ ਬਖਸ਼ਿਸ਼ਾਂ ਪ੍ਰਾਪਤ ਹੋ ਸਕਦੀਆਂ ਹਨ ਕਿਉਂਕਿ ਸਤਿਗੁਰੂ ਤਾਂ ਕੋਟ-ਪੈਂਡਾ ਅੱਗੇ ਆ ਕੇ ਸਾਨੂੰ ਆਪਣੀ ਚਰਨ-ਸਰਨ ਵਿਚ ਥਾਂ ਦੇ ਦਿੰਦਾ ਹੈ ਬਸ਼ਰਤੇ ਕਿ ਅਸੀਂ ਕੇਵਲ ਇਕ ਪੈਂਡਾ ਤਾਂ ਚੱਲੀਏ।

Be the first to comment

Leave a Reply