“ਮੈਂ ਤਾਂ ਡੇਰੇ ਗਿਆ ਹੀ ਨਹੀਂ” ਦੇ ਦਿੱਤੇ ਬਿਆਨ ‘ਤੇ ਘਿਰਦੇ ਜਾ ਰਹੇ ਹਨ ਸ਼੍ਰੋਮਣੀ ਕਮੇਟੀ ਦੇ ਨਵੇਂ ਬਣੇ ਪ੍ਰਧਾਨ ਲੌਂਗੋਵਾਲ

ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਡੇਰਾ ਸਿਰਸਾ ਪਾਸ ਵੋਟਾਂ ਮੰਗਣ ਜਾਣ ਦੇ ਮਾਮਲੇ ‘ਤੇ ਯੂ-ਟਰਨ ਲੈਣ ਵਾਲੇ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਕੀ ਉਸ ਜਾਂਚ ਕਮੇਟੀ ਨੂੰ ਵੀ ਝੂਠਾ ਕਰ ਸਕਣਗੇ ਜਿਸਦੀ ਜਾਂਚ ਦੇ ਆਧਾਰ ‘ਤੇ ਗਿਆਨੀ ਗੁਰਬਚਨ ਸਿੰਘ ਅਤੇ ਹੋਰਾਂ ਨੇ ਉਸਨੂੰ ਸਪੱਸ਼ਟੀਕਰਨ ਲਈ ਸੱਦਿਆ ਅਤੇ ਤਨਖਾਹ ਲਗਾਈ? ਪ੍ਰਾਪਤੀ ਜਾਣਕਾਰੀ ਮੁਤਾਬਿਕ ਜਨਵਰੀ 2017 ਦੇ ਅਖੀਰਲੇ ਦਿਨਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ, ਕਾਂਗਰਸ ਤੇ ਆਮ ਆਦਮੀ ਪਾਰਟੀ ਨਾਲ ਸਬੰਧਤ ਕੁਝ ਸਿੱਖ ਆਗੂਆਂ ਵਲੋਂ ਵੋਟਾਂ ਖਾਤਰ ਡੇਰਾ ਸਿਰਸਾ ਦੇ ਡੇਰਿਆਂ ਵਿੱਚ ਜਾਣ ਦੇ ਮਾਮਲੇ ਨੇ ਤੂਲ ਫੜਿਆ ਤਾਂ ਸ਼੍ਰੋਮਣੀ ਕਮੇਟੀ ਦੇ ਉਸ ਵੇਲੇ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਇੱਕ ਤਿੰਨ ਮੈਂਬਰੀ ਕਮੇਟੀ ਬਣਾਈ ਜਿਸਨੇ ਇਹ ਜਾਂਚ ਕਰਨੀ ਸੀ ਕਿ ਅਖਬਾਰੀ ਤੇ ਬਿਜਲਈ ਮੀਡੀਆ ਰਾਹੀਂ ਨਸ਼ਰ ਹੋ ਗਈਆਂ ਖਬਰਾਂ ਦਾ ਸੱਚ ਕੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਵਲੋਂ ਬਣਾਈ ਜਾਂਚ ਕਮੇਟੀ ਵਿੱਚ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਕੈਮਪੁਰ, ਜਨਰਲ ਸਕੱਤਰ ਅਮਰਜੀਤ ਸਿੰਘ ਚਾਵਲਾ ਅਤੇ ਕਾਰਜਕਾਰਣੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਸ਼ਾਮਿਲ ਕੀਤੇ ਗਏ।

ਸ਼੍ਰੋਮਣੀ ਕਮੇਟੀ ਦੇ ਜਾਣਕਾਰਾਂ ਅਨੁਸਾਰ ਤਿੰਨ ਮੈਂਬਰੀ ਜਾਂਚ ਕਮੇਟੀ ਨੇ ਬਕਾਇਦਾ ਸ਼੍ਰੋਮਣੀ ਕਮੇਟੀ ਦੇ ਚੰਡੀਗੜ੍ਹ ਸਥਿਤ ਸਬ ਆਫਿਸ ਵਿੱਚ ਡੇਰੇ ਲਾਏ ਅਤੇ ਸਾਹਮਣੇ ਆਏ ਤੱਥਾਂ ‘ਤੇ ਅਧਾਰਿਤ, ਕਥਿਤ ਤੌਰ ‘ਤੇ ਦੋਸ਼ੀ ਪਾਏ ਗਏ ਬਾਦਲ ਦਲ ਨਾਲ ਸਬੰਧਤ ਆਗੂ ਨੂੰ ਆਪਣੀ ਸਥਿਤੀ ਸਪੱਸ਼ਟ ਕਰਨ ਦਾ ਮੌਕਾ ਦਿੱਤਾ। ਜਾਣਕਾਰਾਂ ਅਨੁਸਾਰ ਕਾਂਗਰਸ ਅਤੇ ਆਮ ਆਦਮੀ ਪਾਰਟੀ ਨਾਲ ਸਬੰਧਤ ਕੋਈ ਵੀ ਸਿਆਸੀ ਆਗੂ ਇਸ ਜਾਂਚ ਕਮੇਟੀ ਪਾਸ ਨਹੀਂ ਬੁਲਾਇਆ ਗਿਆ ਸੀ। ਜਾਂਚ ਕਮੇਟੀ ਨੇ ਆਪਣੀ ਰਿਪੋਰਟ 6 ਮਾਰਚ 2017 ਨੂੰ ਗਿਆਨੀ ਗੁਰਬਚਨ ਸਿੰਘ ਨੂੰ ਉਨ੍ਹਾਂ ਦੇ ਦਫਤਰ ਵਿੱਚ ਸੌਂਪੀ। ਇਹ ਵੀ ਸਪੱਸ਼ਟ ਹੈ ਕਿ ਉਸੇ ਦਿਨ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਵੀ ਗਿਆਨੀ ਗੁਰਬਚਨ ਸਿੰਘ ਨਾਲ ਮੁਲਾਕਾਤ ਕੀਤੀ। ਅਕਾਲ ਤਖਤ ਸਾਹਿਬ ਦੇ ਸਕਤਰੇਤ ਵਿਖੇ ਗਿਆਨੀ ਗੁਰਬਚਨ ਸਿੰਘ ਦੀ ਅਗਵਾਈ ਹੇਠ ਹੋਈ ਪੰਜ ਜਥੇਦਾਰਾਂ ਦੀ ਇਕਤਰਤਾ ਨੇ ਲਏ ਇੱਕ ਫੈਸਲੇ ਰਾਹੀਂ, ਵੋਟਾਂ ਖਾਤਰ ਡੇਰੇ ਜਾਣ ਵਾਲੇ ਸਿਆਸੀ ਆਗੂਆਂ ਨੂੰ ਸਪੱਸ਼ਟੀਕਰਨ ਦੇਣ ਲਈ 17 ਅਪ੍ਰੈਲ 2017 ਨੂੰ ਬੁਲਾਇਆ ਵੀ ਤੇ ਇਨ੍ਹਾਂ 39 ਆਗੂਆਂ ‘ਚੋਂ ਸਿਰਫ ਇੱਕ ਅਕਾਲੀ ਆਗੂ ਮਨਪ੍ਰੀਤ ਸਿੰਘ ਇਆਲੀ ਨੇ ਸਪੱਸ਼ਟ ਕੀਤਾ ਕਿ ਉਹ ਡੇਰੇ ਨਹੀਂ ਗਿਆ, ਜਿਸਨੂੰ ਸਿਰਫ ਦੇਗ ਕਰਾਉਣ ਲਈ ਕਿਹਾ ਗਿਆ। ਬਾਕੀ ਆਗੂ ਸਕਤਰੇਤ ਅਕਾਲ ਤਖਤ ਸਾਹਿਬ ਵਿਖੇ ਜਥੇਦਾਰਾਂ ਪਾਸ ਪੇਸ਼ ਵੀ ਹੋਏ।

ਇਥੇ ਹੀ ਬੱਸ ਨਹੀਂ ਡੇਰਾ ਸਿਰਸਾ ਪਾਸ ਜਾਣ ਦੇ ਦੋਸ਼ਾਂ ਦੀ ਜਾਂਚ ਲਈ ਮੁਤਵਾਜ਼ੀ ਜਥੇਦਾਰਾਂ ਵਲੋਂ ਵੀ ਇਕ ਕਮੇਟੀ ਬਣਾਈ ਗਈ ਸੀ ਜਿਸਨੇ ਉਪਰੋਕਤ ਸਿਆਸੀ ਆਗੂਆਂ ਖਿਲਾਫ ਜਾਂਚ ਕੀਤੀ। ਹੁਣ ਸਾਢੇ ਸੱਤ ਮਹੀਨੇ ਬਾਅਦ ਗਬਿੰਦ ਸਿੰਘ ਲੌਂਗੋਵਾਲ ਵਲੋਂ ਇਹ ਕਹਿਣਾ ਕਿ ਉਹ ‘ਡੇਰੇ ਨਹੀਂ ਗਏ ਤੇ ਅਕਾਲ ਤਖਤ ਦਾ ਹੁਕਮ ਮੰਨਦਿਆਂ ਪੇਸ਼ ਹੋਏ’, ਸ਼੍ਰੋਮਣੀ ਕਮੇਟੀ ਅਤੇ ਮੁਤਵਾਜ਼ੀ ਜਥੇਦਾਰਾਂ ਵਲੋਂ ਬਣਾਈ ਗਈ ਇੱਕ ਨਹੀਂ ਬਲਕਿ ਦੋ-ਦੋ ਜਾਂਚ ਕਮੇਟੀਆਂ ਨੂੰ ਝੁਠਲਾਉਣਾ ਹੈ। ਆਉਣ ਵਾਲੇ ਦਿਨਾਂ ਵਿੱਚ ਉਹ ਇਸ ਬਾਰੇ ਕੀ ਸਪੱਸ਼ਟੀਕਰਨ ਦਿੰਦੇ ਹਨ ਇਹ ਤਾਂ ਸਮਾਂ ਹੀ ਦਸੇਗਾ ਪਰ ਫਿਲਹਾਲ ਉਹ ਆਪਣੇ ਦਿੱਤੇ ਬਿਆਨ ‘ਮੈਂ ਤਾਂ ਡੇਰੇ ਗਿਆ ਹੀ ਨਹੀ’ ਨੂੰ ਲੈਕੇ ਘਿਰਦੇ ਨਜ਼ਰ ਆ ਰਹੇ ਹਨ।

 

Be the first to comment

Leave a Reply