ਭਾਰਤ ਦੇ ‘ਘਾਤਕ’ ਹਮਲੇ ਦੇ ਦਾਅਵੇ ਨੂੰ ਪਾਕ ਨੇ ਦੱਸਿਆ ‘ਖਿਆਲੀ ਕੜਾਹ’

ਅਸਲ ਕੰਟਰੋਲ ਰੇਖ਼ਾ ਪਾਰ ਕਰਕੇ ਤਿੰਨ ਪਾਕਿਸਤਾਨੀ ਫ਼ੌਜੀਆਂ ਨੂੰ ਮਾਰਨ ਦੇ ਮੀਡੀਆ ‘ਚ ਭਾਰਤੀ ਫੌਜ ਦੇ ਕੀਤੇ ਗਏ ਦਾਅਵੇ ਨੂੰ ਪਾਕਿਸਤਾਨ ਨੇ ਰੱਦ ਕੀਤਾ ਹੈ।ਭਾਰਤੀ ਮੀਡੀਆ ਰਿਪੋਰਟਾਂ ਵਿੱਚ ਫੌਜ ਦੇ ਸੂਤਰਾਂ ਦੇ ਹਵਾਲੇ ਨਾਲ ਦਾਅਵਾ ਕੀਤਾ ਗਿਆ ਸੀ ਕਿ ਕੁਝ ਦਿਨ ਪਹਿਲਾਂ ਪਾਕਿਸਤਾਨੀ ਫੌਜ ਵਲੋਂ ਉਨ੍ਹਾਂ ਦੇ ਤਿੰਨ ਜਵਾਨਾਂ ਨੂੰ ਮਾਰ ਦਿੱਤਾ ਸੀ।ਭਾਰਤੀ ਦਾਅਵੇ ਮੁਤਾਬਕ ਇਸ ਦਾ ਬਦਲਾ ਲੈਣ ਲਈ ਭਾਰਤੀ ਫ਼ੌਜ ਨੇ ਸਰਹੱਦ ਪਾਰ ਕਰਕੇ ਪਾਕਿਸਤਾਨ ਵਿੱਚ ਕਾਰਵਾਈ ਕੀਤੀ ਹੈ।ਪਾਕਿਸਤਾਨ ਦੇ ਰੱਖਿਆ ਅਤੇ ਵਿਦੇਸ਼ ਮੰਤਰਾਲਿਆਂ ਵਲੋਂ ਜਾਰੀ ਪ੍ਰੈਸ ਬਿਆਨ ਵਿੱਚ ਇਸ ਨੂੰ ਬਿਨਾਂ ਕਿਸੇ ਭੜਕਾਹਟ ਤੋਂ ਕੀਤੀ ਗਈ ਗੋਲੀਬਾਰੀ ਕਰਾਰ ਦਿੱਤਾ ਗਿਆ ਹੈ।ਭਾਵੇਂ ਕਿ ਪਾਕਿਸਤਾਨ ਨੇ ਇਸ ਗੋਲੀਬਾਰੀ ਵਿੱਚ ਆਪਣੇ ਤਿੰਨ ਜਵਾਨ ਮਾਰੇ ਜਾਣ ਦੀ ਗੱਲ ਕਬੂਲ ਕੀਤੀ ਹੈ।

ਪਾਕਿਸਤਾਨੀ ਵਿਦੇਸ਼ ਮੰਤਾਰਲੇ ਦੇ ਦੱਖਣੀ ਤੇ ਸਾਰਕ ਮਾਮਲਿਆ ਦੇ ਡਾਇਰੈਕਟਰ ਡਾ. ਮੁਹੰਮਦ ਫ਼ੈਜ਼ਲ ਨੇ ਇਸਲਾਮਾਬਾਦ ਵਿਚਲੇ ਭਾਰਤੀ ਦੂਤਾਵਾਸ ਦੇ ਕਾਰਜਕਾਰੀ ਰਾਜਦੂਤ ਨੂੰ ਤਲਬ ਕੀਤਾ ਹੈ।ਪਾਕਿਸਤਾਨੀ ਵਿਦੇਸ਼ ਮੰਤਰਾਲੇ ਨੇ ਅਸਲ ਕੰਟਰੋਲ ਰੇਖਾ ਪਾਰ ਕਰਕੇ ਪਾਕਿਸਤਾਨੀ ਵਿੱਚ ਫੌਜੀ ਕਾਰਵਾਈ ਕਰਨ ਦੇ ਭਾਰਤੀ ਦਾਅਵੇ ਨੂੰ ‘ਖਿਆਲੀ ਕੜਾਹ’ ਕਰਾਰ ਦਿੱਤਾ ਹੈ।ਡਾ. ਮੁਹੰਮਦ ਫ਼ੈਜ਼ਲ ਨੇ ਭਾਰਤ ਨੂੰ 2003 ਦੇ ਜੰਗਬੰਦੀ ਸਮਝੌਤੇ ਦਾ ਸਨਮਾਨ ਕਰਨ ਦੀ ਵੀ ਗੱਲ ਕਹੀ ਹੈ ਤਾਕਿ ਸਰਹੱਦ ਉੱਤੇ ਸ਼ਾਂਤੀ ਕਾਇਮ ਰਹਿ ਸਕੇ।ਇਸ ਤੋਂ ਪਹਿਲਾ ਭਾਰਤੀ ਮੀਡੀਆ ਰਿਪੋਰਟਾਂ ਵਿੱਚ ਫੌਜ ਦੇ ਹਵਾਲੇ ਨਾਲ ਦਾਅਵਾ ਕੀਤਾ ਗਿਆ ਸੀ ਕਿ ਭਾਰਤੀ ਫੌਜ ਦੇ ਕੰਮਾਂਡੋਜ਼ ਦੇ ‘ਘਾਤਕ’ ਦਸਤੇ ਨੇ ਪਾਕਿਸਤਾਨੀ ਸਰਹੱਦ ਦੇ 200-300 ਮੀਟਰ ਅੰਦਰ ਜਾ ਕੇ ਚੋਣਵੀਂ ਫੌਜੀ ਕਾਰਵਾਈ ਕਰਕੇ ਤਿੰਨ ਪਾਕਿਸਤਾਨੀ ਫੌਜੀਆਂ ਨੂੰ ਮਾਰਿਆ ਹੈ।ਭਾਰਤ ਵਿੱਚ ਇਸ ਨੂੰ ਜੰਮੂ ਅਤੇ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿੱਚ ਪਾਕਿਸਤਾਨੀ ਫੌਜ ਵਲੋਂ ਤਿੰਨ ਭਾਰਤੀ ਫੌਜੀਆਂ ਨੂੰ ਮਾਰੇ ਜਾਣ ਤੋਂ ਬਾਅਦ ਭਾਰਤੀ ਫੌਜ ਦੀ ਬਦਲਾਲਊ ਕਾਰਵਾਈ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਹੈ।ਪਾਕਿਸਤਾਨ ਨੇ ਇਸ ਨੂੰ ਸਿਰਫ਼ ਬਿਨਾਂ ਭੜਾਕਹਟ ਤੋਂ ਸਰਹੱਦ ਪਾਰਲੀ ਗੋਲੀਬਾਰੀ ਕਹਿ ਕੇ ਰੱਦ ਕੀਤਾ ਅਤੇ ਦਾਅਵਾ ਕੀਤਾ ਕਿ ਕੋਈ ਭਾਰਤੀ ਫੌਜੀ ਪਾਕਿਸਤਾਨੀ ਸਰਹੱਦ ਪਾਰ ਨਹੀਂ ਆਇਆ।

Be the first to comment

Leave a Reply