‘ਬੇਰੁਜ਼ਗਾਰੀ ਤੇ ਭੁੱਖਮਰੀ ਬਹੁਤ ਹੈ’: ‘ਸ਼ਰਮ ਦੀ ਗੱਲ ਹੈ ਪ੍ਰਦੂਸ਼ਣ ਤੇ ਕਾਬੂ ਨਾ ਪਾਉਣਾ ‘

ਦੇਸ ਦੀਆਂ ਸਮੱਸਿਆਵਾਂ ‘ਤੇ ਕੀ ਸੋਚਦੇ ਹਨ ਗੁਰਸ਼ਰਨ ਕੌਰ?

ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਧਰਮ ਪਤਨੀ ਗੁਰਸ਼ਰਨ ਕੌਰ ਨੇ ਬੀਬੀਸੀ ਪੰਜਾਬੀ ਦੇ ਪੱਤਰਕਾਰ ਦਲਜੀਤ ਅਮੀ ਨਾਲ ਖ਼ਾਸ ਗੱਲਬਾਤ ਕਰਦਿਆਂ ਆਪਣੀ ਨਿੱਜੀ ਜ਼ਿੰਦਗੀ ਤੋਂ ਲੈ ਕੇ ਮੁਲਕ ਦੀਆਂ ਸਮੱਸਿਆਵਾਂ ਬਾਰੇ ਵਿਚਾਰ ਰੱਖੇ।

ਦਸ ਸਾਲ ਰੇਸ ਕੋਰਸ ‘ਤੇ ਪ੍ਰਧਾਨ ਮੰਤਰੀ ਨਿਵਾਸ ‘ਤੇ ਬੀਤੀ ਜ਼ਿੰਦਗੀ ਤੇ ਉਸ ਤੋਂ ਬਾਅਦ ਬਦਲਾਅ ਬਾਰੇ ਗੁਰਸ਼ਰਨ ਕੌਰ ਕਹਿੰਦੇ ਹਨ, ”ਉਦੋਂ ਜ਼ਿੰਦਗੀ ਕੁਝ ਹੋਰ ਸੀ ਤੇ ਹੁਣ ਬਿਲਕੁਲ ਬਦਲ ਗਈ ਹੈ, ਪਰ ਜ਼ਿੰਦਗੀ ਫ਼ਿਰ ਉਸੇ ਤਰ੍ਹਾਂ ਹੀ ਮਸਰੂਫ਼ ਹੈ।”

”ਅੱਜ ਵੀ ਲੋਕ ਮਿਲਣ ਆਉਂਦੇ ਹਨ ਤੇ ਡਾ. ਸਾਹਿਬ ਨੂੰ ਵੀ ਖ਼ਾਸ ਤੌਰ ‘ਤੇ ਮਿਲਦੇ ਹਨ। ਰਿਸ਼ਤੇਦਾਰੀ ‘ਤੇ ਵੀ ਕਾਫ਼ੀ ਤਵੱਜੋ ਦੇਣੀ ਪੈਂਦੀ ਹੈ, ਦਿੰਦੇ ਵੀ ਹਾਂ ਅਤੇ ਹੋਰ ਜ਼ਿੰਮੇਵਾਰੀਆਂ ਨਿਭਾਉਣੀਆਂ ਹੁੰਦੀਆਂ ਹਨ।”*ਰੇਸ ਕੋਰਸ ਦੀ ਜਿੰਦਗੀ ਦਾ ਤਰੀਕਾ ਵੱਖ ਸੀ, ਵੱਖ ਪ੍ਰੋਗਰਾਮ ਹੁੰਦੇ ਸੀ। ਹੁਣ ਵੀ ਜ਼ਿੰਦਗੀ ਚੰਗੀ ਹੈ, ਪਹਿਲਾਂ ਵੀ ਚੰਗੀ ਸੀ।”

‘ਸ਼ਰਮ ਦੀ ਗੱਲ ਹੈ ਪ੍ਰਦੂਸ਼ਣ ‘ਤੇ ਕਾਬੂ ਨਾ ਪਾਉਣਾ’

ਆਪਣੇ ਰੁਝੇਵਿਆਂ ਤੇ ਆਲੇ-ਦੁਆਲੇ ਵਾਪਰ ਰਹੀਆਂ ਘਟਨਾਵਾਂ ਸਬੰਧੀ ਜੁੜਾਅ ਬਾਰੇ ਉਨ੍ਹਾਂ ਕਿਹਾ ਕਿ, ”ਖ਼ਬਰਾਂ ਜ਼ਰੀਏ ਸਭ ਕੁਝ ਪਤਾ ਚੱਲਦਾ ਰਹਿੰਦਾ ਹੈ, ਇਸ ਬਾਬਤ ਚਰਚਾ ਅਸੀਂ ਆਪਣੇ ਪਰਿਵਾਰ ਵਿੱਚ ਕਰਦੇ ਰਹਿੰਦੇ ਹਾਂ।”

ਉਨ੍ਹਾਂ ਅੱਗੇ ਕਿਹਾ, *ਸਿਆਸਤ ਨੂੰ ਛੱਡ ਕੇ ਦੇਸ਼ ਦੀਆਂ ਜਿਹੜੀਆਂ ਸਮੱਸਿਆਵਾਂ ਹਨ, ਉਨ੍ਹਾਂ ਵੱਲ ਧਿਆਨ ਜ਼ਰੂਰ ਜਾਂਦਾ ਹੈ, ਖ਼ਾਸ ਤੌਰ ‘ਤੇ ਪ੍ਰਦੂਸ਼ਣ ਵੱਡੀ ਸਮੱਸਿਆ ਹੈ। ਪ੍ਰਦੂਸ਼ਣ ਕਰਕੇ ਮੈਚ ਵਿੱਚ ਵੀ ਦਿੱਕਤ ਆਈ। ਸਾਡੇ ਵਾਸਤੇ ਬੜੀ ਸ਼ਰਮ ਦੀ ਗੱਲ ਹੈ ਕਿ ਅਸੀਂ ਪ੍ਰਦੂਸ਼ਣ ‘ਤੇ ਕਾਬੂ ਨਹੀਂ ਪਾ ਰਹੇ ਹਾਂ।ਮੁਲਕ ਦੀਆਂ ਸਮੱਸਿਆਵਾਂ ਦਾ ਹੱਲ ਨਾ ਹੋਣ ‘ਤੇ ਗੁਰਸ਼ਰਨ ਕੌਰ ਨੇ ਦੁੱਖ ਦਾ ਪ੍ਰਗਟਾਵਾ ਵੀ ਕੀਤਾ। ਉਨ੍ਹਾਂ ਕਿਹਾ, *ਮੈਨੂੰ ਸਮਝ ਨਹੀਂ ਆਉਂਦੀ ਕਿ ਜਿੰਨ੍ਹਾਂ ‘ਤੇ ਸਮੱਸਿਆਵਾਂ ਨੂੰ ਦੂਰ ਕਰਨ ਦਾ ਜਿੰਮਾ ਹੈ ਉਹ ਇਸ ਵਿੱਚ ਸਫ਼ਲ ਕਿਉਂ ਨਹੀਂ ਹੋ ਪਾ ਰਹੇ।”

‘ਬੇਰੁਜ਼ਗਾਰੀ ਤੇ ਭੁੱਖਮਰੀ ਬਹੁਤ ਹੈ’

ਉਹ ਅੱਗੇ ਕਹਿੰਦੇ ਹਨ, ”ਮੈਂ ਇੱਕੋ ਚੀਜ਼ ਜਾਣਦੀ ਹਾਂ ਜਿੱਥੇ ਚਾਹ ਹੈ, ਉੱਥੇ ਰਾਹ ਹੈ। ਇੱਛਾ ਨਾ ਹੋਣਾ ਜਾਂ ਕੰਮ ਨਾ ਕਰਨ ਦੀ ਕਮਜ਼ੋਰੀ ਮੈਨੂੰ ਪਸੰਦ ਨਹੀਂ ਹੈ।”*ਅਮੀਰ-ਗ਼ਰੀਬ ਜਿਸ ਤਰ੍ਹਾਂ ਜੀਉਣਾ ਚਾਹੁੰਦੇ ਹਨ ਜੀ ਰਹੇ ਹਨ, ਪਰ ਗ਼ਰੀਬੀ ਤੇ ਅਨਪੜ੍ਹਤਾ ਇੰਨੀ ਹੈ ਕਿ ਨੌਕਰੀ ਲਈ ਮੌਕੇ ਨਹੀਂ ਹਨ, ਬੇਰੁਜ਼ਗਾਰੀ ਤੇ ਭੁੱਖਮਰੀ ਬਹੁਤ ਹੈ। ਇਸਲਈ ਸਾਨੂੰ ਇਨ੍ਹਾਂ ਵੱਲ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ।”

ਆਪਣੀ ਰੋਜ਼ਮਰਾ ਦੀਆਂ ਗਤੀਵਿਧੀਆ ਬਾਰੇ ਦੱਸਦੇ ਹੋਏ ਗੁਰਸ਼ਰਨ ਕੌਰ ਨੇ ਕਿਹਾ, *ਮੈਂ ਕੁਝ ਖਾਸ ਨਹੀਂ ਕਰਦੀ, ਬਾਕੀ ਜਿੰਨੇ ਮੇਰੇ ਕੋਲ ਲੋਕ ਸਿਹਤ ਸੁਵਿਧਾਵਾਂ ਵਾਸਤੇ ਜਾਂ ਡਾਕਟਰਾਂ ਨੂੰ ਮਿਲਾਉਣ ਵਾਸਤੇ ਆਉਂਦੇ ਹਨ ਮੈਂ ਉਨ੍ਹਾਂ ਦੀ ਹਰ ਮਦਦ ਕਰਨ ਦੀ ਕੋਸ਼ਿਸ਼ ਕਰਦੀ ਹਾਂ। ਬਾਕੀ ਮੈਂ ਬਾਹਰ ਜਾ ਕੇ ਸਮਾਜ ਸੇਵਾ ਨਹੀਂ ਕਰਦੀ।”ਸੋਸ਼ਲ ਮੀਡੀਆ ਦੀ ਵਰਤੋਂ ਬਾਰੇ ਸਵਾਲ ਦੇ ਜਵਾਬ ‘ਚ ਉਹ ਕਹਿੰਦੇ ਹਨ, ”ਮੇਰਾ ਕੋਈ ਸੋਸ਼ਲ ਮੀਡੀਆ ਨਾਲ ਵਾਹ ਨਹੀਂ ਹੈ, ਮੈਂ ਟਵਿੱਟਰ ‘ਤੇ ਨਹੀਂ ਹਾਂ, ਮੈਂ ਫੇਸਬੁੱਕ ‘ਤੇ ਨਹੀਂ ਹਾਂ। ਮੈਂ ਤਾਂ ਮੋਬਾਈਲ ਵੀ ਬਹੁਤ ਘੱਟ ਇਸਤੇਮਾਲ ਕਰਦੀ ਹਾਂ। ਬਾਕੀ ਕਿਸੇ ਪ੍ਰੋਗਰਾਮ ਦਾ ਸੱਦਾ ਆਉਂਦਾ ਹੈ ਤਾਂ ਜਿੱਥੇ ਜਾ ਸਕਦੀ ਹਾਂ ਜਾਂਦੀ ਹਾਂ।”ਬੇਟੀ ਦਮਨ ਵੱਲੋ ਉਨ੍ਹਾਂ ਅਤੇ ਡਾ. ਮਨਮੋਹਨ ਸਿੰਘ ‘ਤੇ ਲਿਖੀ ਕਿਤਾਬ ਬਾਰੇ ਉਹ ਕਹਿੰਦੇ ਹਨ ਕਿ, ”ਦਮਨ (ਬੇਟੀ) ਨੇ ਬੜੀ ਇਮਾਨਦਾਰੀ ਦੇ ਨਾਲ ਕਿਤਾਬ ਲਿਖੀ ਹੈ, ਜੋ-ਜੋ ਉਸ ਨੇ ਲਿਖਿਆ ਹੈ ਬਿਲਕੁਲ 100 ਫੀਸਦ ਸਹੀ ਲਿਖਿਆ ਹੈ।”ਗੁਰਸ਼ਰਨ ਕੌਰ ਨੂੰ ਅੱਜ ਵੀ ਆਪਣੇ ਦੋਸਤਾਂ ਤੇ ਪੁਰਾਣੇ ਸਾਥੀਆਂ ਨੂੰ ਮਿਲਣਾ ਚੰਗਾ ਲੱਗਦਾ ਹੈ।ਅੱਜਕੱਲ ਦੇ ਰੁਝੇਵਿਆਂ ਸਬੰਧੀ ਉਹ ਦੱਸਦੇ ਹਨ ਕਿ, ”ਰੁਝੇਵਾਂ ਪਹਿਲਾਂ ਵਾਂਗ ਹੀ ਹੈ, ਅੱਜ ਵੀ ਮਿਲਣ ਵਾਲੇ ਆਉਂਦੇ ਹਨ ਤੇ ਉਨ੍ਹਾਂ ਦੀ ਦੇਖਭਾਲ ਕਰਨੀ, ਚਾਹ-ਕੌਫੀ ਪਿਆਉਣੀ, ਖ਼ਾਤਿਰਦਾਰੀ ਕਰਦੇ ਹਾਂ।”

Be the first to comment

Leave a Reply