ਬੀਬੀ ਚਾਵਲਾ, ਪੰਜਾਬ ‘ਚ ਹਿੰਦੀ ਥੋਪਣ ਲਈ ਕਾਹਲੀ ਕਿਉਂ…?

*ਜਸਪਾਲ ਸਿੰਘ ਹੇਰਾਂ

ਕੱਟੜ ਹਿੰਦੂਵਾਦੀ ਤੇ ਜਾਨੂੰਨੀ ਫਿਰਕੂ ਸੋਚ ਦੀ ਮਾਲਕ ਬੀਬੀ ਲਕਸ਼ਮੀ ਕਾਂਤ ਚਾਵਲਾ ਬਜ਼ੁਰਗ ਵੀ ਹਨ ਅਤੇ ਔਰਤ ਵੀ ਹਨ, ਇਸ ਲਈ ਅਸੀਂ ਉਹਨਾਂ ਦੇ ਮਾਣ ਸਨਮਾਨ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ, ਪ੍ਰੰਤੂ ੳਨਾਂ ਦੀ ਜਹਿਰਲੀ ਸੋਚ ਦਾ ਖੁਲਾਸਾ ਕਰਨਾ ਸਾਡੀ ਮਜ਼ਬੂਰੀ ਹੈ। ਬੀਬੀ ਚਾਵਲਾ ਵਰਗੇ ਪੰਜਾਬ, ਪੰਜਾਬੀ ਤੇ ਸਿੱਖੀ ਦੇ ਦੁਸ਼ਮਣਾਂ ਦੀ ਫਿਰਕੂ ਸੋਚ ਨੇ ਪੰਜਾਬ ਨੂੰ ਬਲਦੀ ਅੱਗ ‘ਚ ਸੁੱਟਿਆ ਹੈ। ਜਦੋਂ ਪੰਜਾਬ ਵਿੱਚ ਸ਼ਾਤੀ ਹੋ ਜਾਂਦੀ ਹੈ ਤਾਂ ਇਨਾਂ ਦੇ ਢਿੱਡਾਂ ਵਿੱਚ ਪੀੜ ਹੋਣੀ ਸ਼ੁਰੂ ਹੋ ਜਾਂਦੀ ਹੈ ਅਤੇ ਇਹ ਆਪਣੀ ਫਿਰਕੂ ਸੋਚ ਦੇ ਤੇਲ ਨੂੰ ਬਲਦੀ ਅੱਗ ਤੇ ਸੁਟਕੇ ਭਾਂਬੜ ਬਾਲਣ ਦੇ ਕੋਝੇ ਯਤਨਾਂ ‘ਚ ਲੱਗ ਜਾਂਦੇ ਹਨ। ਬੀਬੀ ਚਾਵਲਾ ਦੀ ਸਿੱਖੀ ਅਤੇ ਪੰਜਾਬੀ ਪ੍ਰਤੀ ਨਫ਼ਰਤ ਕਿਸੇ ਤੋਂ ਗੁੱਝੀ ਨਹੀਂ। ਪਰ ਇਸ ਸਭ ਦੇ ਬਾਵਜੂਦ ਸੰਘ ਪਰਿਵਾਰ ਦੇ ਹੁਕਮਾਂ ਤੇ ਅਕਾਲੀ ਸਰਕਾਰ ਦੇ ਮੁੱਖੀ ਬਾਦਲ ਨੇ ਇਸੇ ਬੀਬੀ ਨੂੰ ਆਪਣੀ ਪਿਛਲੀ ਸਰਕਾਰ ਵਿੱਚ ਮੰਤਰੀ ਬਣਾਇਆ ਸੀ ਅਤੇ ਇਹ ਬੀਬੀ ਪੰਜਾਬੀ ਸੂਬੇ ਦੀ ਵਜ਼ਾਰਤ ‘ਚ ਵੀ ਸੰਸਕ੍ਰਿਤ ‘ਚ ਸਹੁੰ ਚੁੱਕ ਕੇ ਸ਼ਾਮਲ ਹੋਈ ਸੀ। ਪੰਜਾਬੀ ਤੋਂ ਨਫ਼ਰਤ ਇਹ ਬੀਬੀ ਚਾਵਲਾ ਕਿਸੇ ਤੋਂ ਲੁਕੋ ਕੇ ਵੀ ਨਹੀਂ ਰੱਖਦੀ।

ਹੁਣ ਜਦ ਪੰਜਾਬ ਸਰਕਾਰ ਵੱਲੋਂ ਜੰਗੀ ਨਾਇਕਾਂ ਦੀ ਯਾਦ ਵਿੱਚ ਤਿਆਰ ਕੀਤੀ ਯਾਦਗਾਰ ਦਾ ਬਾਦਲ ਨੇ ਉਦਘਾਟਨ ਕਰ ਦਿੱਤਾ ਹੈ ਤਾਂ ਬੀਬੀ ਚਾਵਲਾ ਦਾ ਪੰਜਾਬੀ ਦੋਖੀ ਚਿਹਰਾ ਫਿਰ ਉਭਰ ਕੇ ਸਾਹਮਣੇ ਆ ਗਿਆ ਹੈ। ਬੀਬੀ ਚਾਵਲਾ ਨੇ ਗੁੱਸਾ ਜ਼ਾਹਿਰ ਕੀਤਾ ਹੈ ਕਿ ਇਸ ਵਾਰ ਮੈਮੋਰੀਅਲ ‘ਚ ਸ਼ਹੀਦ ਫੌਜੀਆਂ ਦੇ ਨਾਮ ਲਿਖਣ ਸਮੇਂ ਹਿੰਦੀ ਦੀ ਵਰਤੋਂ ਕਿਉਂ ਨਹੀਂ ਕੀਤੀ ਗਈ? ਬੀਬੀ ਚਾਵਲਾ ਨੇ ਇਹ ਵੀ ਇਤਰਾਜ਼ ਕੀਤਾ ਹੈ ਕਿ ਉਨਾਂ ਸਿੱਖ ਫੌਜੀਆਂ ਨੂੰ ਕਿਉਂ ਯਾਦ ਕੀਤਾ ਗਿਆ ਹੈ, ਜਿੰਨਾਂ ਪਹਿਲੇ ਹੀ ਦੂਜੇ ਵਿਸ਼ਵ ਯੁੱਧ ਸਮੇਂ ਬਹਾਦਰੀ ਭਰੇ ਕਾਰਨਾਮੇ ਕਰਦਿਆਂ ਸ਼ਹਾਦਤ ਪ੍ਰਾਪਤ ਕਰਕੇ ਅੰਗਰੇਜ਼ ਸਰਕਾਰ ਤੋਂ ਸ਼ਹਾਦਤ ਪ੍ਰਾਪਤ ਉਚ ਫੌਜੀ ਸਨਮਾਨ ਪ੍ਰਾਪਤ ਕੀਤੇ ਹਨ। ਅਸੀਂ ਸਮਝਦੇ ਹਾਂ ਕਿ 1951 ਤੋਂ 1961 ਦੀ ਮਰਦਮ ਸ਼ੁਮਾਰੀ ਵੇਲੇ ਪੰਜਾਬੀ ਨੂੰ ਆਪਣੀ ਮਾਂ- ਬੋਲੀ ਨਾ ਲਿਖਵਾ ਕੇ ਜਿਹੜੇ ਫਿਰਕੂ ਜਾਨੂੰਨੀ ਹਿੰਦੂਵਾਦੀਆਂ ਨੇ ਪੰਜਾਬ ‘ਚ ਖੂਨੀ ਦੌਰ ਦਾ ਆਰੰਭ ਕਰਵਾਇਆ ਸੀ, ਅੱਜ ਵੀ ਬੀਬੀ ਚਾਵਲਿਆਂ ਵਰਗਿਆਂ ‘ਚ ਉਸੇ ਤਰਾਂ ਹੀ ਜ਼ਹਿਰ ਭਰਿਆ ਹੋਇਆ ਹੈ। ਜੇ ਫਿਰਕੂ ਜਾਨੂੰਨੀ, ਕੱਟੜਵਾਦੀ ਹਿੰਦੂ, ਪੰਜਾਬੀ ਨੂੰ ਆਪਣੀ ਮਾਂ ਬੋਲੀ ਪ੍ਰਵਾਨ ਕਰ ਲੈਂਦੇ ਤਾਂ ਅੱਜ ਪੰਜਾਬ ਦੀ ਤਸਵੀਰ ਅੱਜ ਕੁੱਝ ਹੋਰ ਹੋਣੀ ਸੀ ਅਤੇ ਜਿਹੜੀਆਂ ਖੂਨ ਦੀਆਂ ਨਦੀਆਂ ਵੱਗੀਆਂ ਸਨ ਉਹ ਵੀ ਨਾਂਹ ਵੱਗਦੀਆਂ।

ਸਾਨੂੰ ਸਮਝ ਨਹੀਂ ਆਉਂਦੀ ਕਿ ਜਿਸ ਯਾਦਗਾਰ ਦਾ ਨਾਮ ਹੀ “ਪੰਜਾਬ ਸਟੇਟ ਫਾਰ ਹੀਰੋਜ਼ ਮੈਮੋਰੀਅਲ ਅਤੇ ਮਿਊਜ਼ੀਅਮ” ਰੱਖਿਆ ਗਿਆ ਹੈ,ਫਿਰ ਬੀਬੀ ਚਾਵਲਾ ਨੂੰ ਉਥੇ ਵੀ ਹਿੰਦੀ ਥੋਪਣ ਦੀ ਕੀ ਲੋੜ ਮਹਿਸੂਸ ਹੋ ਗਈ? ਕੀ ਪੰਜਾਬ ‘ਚ ਹਿੰਦੀ ਹਰ ਥਾਂ ਜ਼ਰੂਰੀ ਹੈ? ਜੇ ਹਿੰਦੂ, ਹਿੰਦ ਨੂੰ ਆਪਣਾ ਆਖ ਸਕਦੇ ਹਨ ਤਾਂ ਫਿਰ ਪੰਜਾਬੀਆਂ ਨੂੰ ਪੰਜਾਬ ਨੂੰ ਆਪਣਾ ਆਖਣ ‘ਤੇ ਬੀਬੀ ਚਾਵਲਾ ਵਰਗਿਆਂ ਨੂੰ ਦੁੱਖ ਕਿਉਂ ਹੁੰਦਾ ਹੈ ? ਜਿਥੋਂ ਤੱਕ ਇਸ ਵਾਰ ਹੀਰੋਜ਼ ਮੈਮੋਰੀਅਲ ‘ਚ ਪਹਿਲੇ ਤੇ ਦੂਜੇ ਵਿਸ਼ਵ ਯੁੱਧ ਸਮੇਂ ਇੰਗਲੈਂਡ ਦੀ ਮਹਾਰਾਣੀ ਵਲੋਂ ਸਨਮਾਨਿਤ ਸਿੱਖ ਫੌਜੀਆਂ ਦੀਆਂ ਤਸਵੀਰਾਂ ਦਾ ਸੰਬੰਧ ਹੈ ਤਾਂ ਇਹ ਤਸਵੀਰਾਂ ਵੀ ਬੀਬੀ ਚਾਵਲਾ ਵਰਗੇ ਹਿੰਦੂਵਾਦੀਆਂ ਦੇ ਮੂੰਹ ‘ਤੇ ਚਪੇੜ ਹਨ। ਜਿਹੜੀਆਂ ਸਿੱਖਾਂ ਨੂੰ ‘ਗਦਾਰ’ਵਰਗੇ ਵਿਸ਼ੇਸ਼ਣਾਂ ਨਾਲ ਨਿਵਾਜ਼ਦੀਆਂ ਹਨ। ਸਿੱਖਾਂ ਨੇ ਬੇਗਾਨਿਆਂ ਨਾਲ ਵੀ ਆਪਣੀ ਵਫਾਦਾਰੀ ਪਾਲ ਕੇ ਵਿਖਾਈ ਹੈ । ਪ੍ਰੰਤੂ ਇਸ ਦੇਸ਼ ਦੇ ਲੋਕਾਂ ਨੇ ਸਿੱਖਾਂ ਨੂੰ ਇਸ ਦੇਸ਼ ਨੂੰ ਆਜ਼ਾਦ ਕਰਾਉਣ ਦਾ ਇਨਾਮ ‘ਅਤਿਵਾਦੀ ‘ਤੇ ‘ਵੱਖਵਾਦੀ’ਦਾ ਫੱਟਾ ਲਾ ਕੇ ਦਿੱਤਾ ਹੈ। ਅਸਲ ‘ਚ ਇਹ ਟਿੱਪਣੀ ਸਾਫ਼ ਕਰਦੀ ਹੈ ਕਿ ਹਿੰਦੂਵਾਦੀ ਜਨੂਨੀਆਂ ਦੀ ਸਿੱਖਾਂ ਪ੍ਰਤੀ ਸੋਚ,ਵਤੀਰੇ ਤੇ ਭਾਵਨਾ ਵਿੱਚ ਕਦੇ ਕੋਈ ਅੰਤਰ ਨਹੀਂ ਆਇਆ। ਸੱਪ ਨੂੰ ਦੁੱਧ ਪਿਆਉਣ ਦੇ ਬਾਵਜੂਦ,ਉਸ ਨੇ ਮੌਕਾ ਮਿਲਣ ‘ਤੇ ਜ਼ਹਿਰੀਲਾ ਡੰਗ ਜ਼ਰੂਰ ਮਾਰਨਾ ਹੁੰਦਾ ਹੈ। ਭਾਜਪਾ ਨਾਲ ਪਤੀ-ਪਤਨੀ ਦਾ ਰਿਸ਼ਤਾ ਦੱਸਣ ਵਾਲੇ ਬਾਦਲਕਿਆਂ ਨੂੰ ਵੀ ਸਮਝ ਲੈਣਾ ਚਾਹੀਦਾ ਹੈ ਕਿ ਹਿੰਦੂਵਾਦੀ ਤੱਤਾਂ ਲਈ ਸਿਰਫ ਤੇ ਸਿਰਫ ਹਿੰਦੂਵਾਦ ਹੀ ਮਾਇਨੇ ਰੱਖਦਾ ਹੈ। ਜਿਹੜਾ ਇਸ ਹਿੰਦੂਵਾਦੀ ਸੋਚ ਦੀ ਹਾਮੀ ਭਰਦਾ ਹੈ,ਭਗਵਾਂ ਬ੍ਰਿਗੇਡ ਉਸੇ ਨੂੰ ਹੀ ਸਲਾਮ ਕਰਦੀ ਹੈ। ਜਦੋਂ ਕੋਈ ਇਸ ਸੋਚ ਤੋਂ ਦੂਰ ਹੋ ਜਾਂਦਾ ਹੈ ਥਾ ਇਹ ਭਗਵੀਂ ਬ੍ਰਿਗੇਡ ਝੱਟ ਉਸਦਾ ਕੰਨ ਮਰੋੜ ਦਿੰਦੀ ਹੈ। ਬੀਬੀ ਚਾਵਲਾ ਵੱਲੋਂ ਵਾਰ ਮੈਮੋਰੀਅਲ ‘ਤੇ ਟਿੱਪਣੀ ਇਸੇ ਪ੍ਰਕ੍ਰਿਆ ਦੀ ਲੜੀ ਹੈ।

Be the first to comment

Leave a Reply