ਬਾਦਲ ਤੇ ਸੁਖਬੀਰ ਨੂੰ ਭਾਜਪਾ ਹੁਣ ਸਹੁੰ ਚੁੱਕ ਸਮਾਗਮਾਂ ਦੇ ਸੱਦ ਦੇਣੋਂ ਵੀ ਪਾਸਾ ਵੱਟਣ ਲੱਗ ਪਈ

ਲੁਧਿਆਣਾ:– ਭਾਜਪਾ ਦੀ ਅਗਵਾਈ ਵਾਲੇ ਐੱਨ ਡੀ ਏ ਗਠਜੋੜ ਦੇ ਸਭ ਤੋਂ ਪੁਰਾਣੇ ਅਤੇ ਹੱਦੋਂ ਬਾਹਲੇ ਵਫਾਦਾਰ ਅਕਾਲੀ ਦਲ ਨਾਲ ਭਾਜਪਾ ਅੱਜ ਕੱਲ੍ਹ ਮਤਰੇਈ ਮਾਂ ਵਾਲਾ ਸਲੂਕ ਕਰਦੀ ਜਾਪਦੀ ਹੈ।

ਇਸ ਧਾਰਨਾ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਗੁਜਰਾਤ ਰਾਜ ਵਿੱਚ ਭਾਜਪਾ ਦੀ ਛੇਵੀਂ ਵਾਰ ਸਰਕਾਰ ਬਣਨ ਉੱਤੇ ਜਦੋਂ ਮੁੱਖ ਮੰਤਰੀ ਵਿਜੇ ਰੂਪਾਨੀ ਦਾ ਸਹੁੰ ਚੁੱਕ ਸਮਾਗਮ ਹੋਣਾ ਸੀ ਤਾਂ ਉਸ ਵਿੱਚ ਡੇਢ ਦਰਜਨ ਤੋਂ ਵੱਧ ਵੱਖ-ਵੱਖ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਜਿੱਥੇ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ, ਉਥੇ ਸਭ ਤੋਂ ਪੁਰਾਣੇ ਭਾਈਵਾਲ ਅਕਾਲੀ ਦਲ ਨੂੰ ਇਸ ਸਮਾਗਮ ਤੋਂ ਦੂਰ ਰੱਖਿਆ ਗਿਆ ਹੈ। ਇਸ ਦੀ ਚਰਚਾ ਹੁਣ ਆਮ ਹੋ ਰਹੀ ਹੈ। ਇਸ ਸਮਾਰੋਹ ਵਿੱਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਾਂ ਉਨ੍ਹਾਂ ਦੀ ਧਰਮ ਪਤਨੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਜਾਂ ਫਿਰ ਹੋਰ ਕੋਈ ਅਕਾਲੀ ਨੇਤਾ ਵੀ ਨਜ਼ਰ ਨਹੀਂ ਆਇਆ, ਪ੍ਰਕਾਸ਼ ਸਿੰਘ ਬਾਦਲ ਤਾਂ ਉਂਜ ਹੀ ਵਡੇਰੀ ਉਮਰ ਦਾ ਵਾਸਤਾ ਪਾ ਕੇ ਸਾਰੇ ਸਿਆਸੀ ਕਾਰਜਾਂ ਤੋਂ ਪਾਸਾ ਵੱਟ ਚੁੱਕੇ ਹਨ। ਇਹੋ ਜਿਹੇ ਸਮਾਗਮ ਕਰਨ ਦੇ ਵਕਤ ਬਾਦਲ ਪਰਵਾਰ ਦੇ ਕਿਸੇ ਵੀ ਮੈਂਬਰ ਦਾ ਨਾ ਹੋਣਾ ਕਈ ਚਰਚਿਆਂ ਨੂੰ ਜਨਮ ਦੇ ਗਿਆ ਹੈ।ਇਸ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਨੂੰ ਅਟਲ ਬਿਹਾਰੀ ਵਾਜਪਾਈ, ਲਾਲ ਕ੍ਰਿਸ਼ਨ ਅਡਵਾਨੀ ਸਮੇਤ ਸਾਰੇ ਨੇਤਾ ਬਰਾਬਰ ਦਾ ਸਨਮਾਨ ਦਿੰਦੇ ਸਨ। ਹੁਣ ਹਾਲਤ ਇਹ ਹੈ ਕਿ ਗੁਆਂਢੀ ਰਾਜ ਹਿਮਾਚਲ ਪ੍ਰਦੇਸ਼ ਵਿੱਚ ਵੀ ਇਸ ਵਾਰ ਭਾਜਪਾ ਨੇ ਅਕਾਲੀ ਲੀਡਰਾਂ ਨੂੰ ਚੋਣ ਪ੍ਰਚਾਰ ਤੋਂ ਦੂਰ ਰੱਖਿਆ ਸੀ। ਇਸ ਤਰ੍ਹਾਂ ਦੀਆਂ ਕਾਰਵਾਈਆਂ ਤੋਂ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਕਿਧਰੇ 2019 ਵਿੱਚ ਅਕਾਲੀ-ਭਾਜਪਾ ਦਾ ਤਲਾਕ ਹੋਣ ਦੀ ਗੋਂਦ ਤਾਂ ਨਹੀਂ ਗੁੰਦੀ ਜਾ ਰਹੀ।

Be the first to comment

Leave a Reply