ਪੰਥਕ ਅਤੇ ਸੂਬੇ ਦੇ ਮੁੱਦੇ ਰਵਾਇਤੀ ਅਤੇ ਨਵੀਆਂ ਪਾਰਟੀਆਂ ਅੱਗੇ ਰੱਖੇਗੀ ਸਿੰਘ ਸਭਾ ਪੰਜਾਬ

ਮੋਹਾਲੀ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਸਿੰਘ ਸਭਾ ਪੰਜਾਬ ਦੇ ਕਨਵੀਨਰ ਭਾਈ ਹਰਦੀਪ ਸਿੰਘ ਨੇ ਕੱਲ੍ਹ ਮੋਹਾਲੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਰਵਾਇਤੀ ਰਾਜਸੀ ਪਾਰਟੀਆਂ ਨੇ ਪੰਜਾਬੀਅਤ ਅਤੇ ਸਿੱਖ ਕੌਮ ਦਾ ਬਹੁਤ ਨੁਕਸਾਨ ਕੀਤਾ ਹੈ ਪਰ ਨਵੀਆਂ ਪਾਰਟੀਆਂ ਦੀ ਵਿਚਾਰਧਾਰਾ ਨੂੰ ਸਮਝੇ ਬਿਨਾਂ ਕੀਤਾ ਸਹਿਯੋਗ ਵੀ ਸਮਰਥਨ ਨਹੀਂ, ਸਗੋਂ ਸਮਰਪਣ ਹੋਵੇਗਾ।
ਉਨ੍ਹਾਂ ਕਿਹਾ ਕਿ ਸਿੰਘ ਸਭਾ ਪੰਜਾਬ ਵੱਲੋਂ ਛੇਤੀ ਹੀ ਸੂਬੇ ਤੇ ਪੰਥ ਨੂੰ ਦਰਪੇਸ਼ ਚੋਣਵੇਂ ਮੁੱਦੇ ਨਵੀਆਂ ਰਾਜਨੀਤਕ ਪਾਰਟੀਆਂ ਸਾਹਮਣੇ ਰੱਖੇ ਜਾਣਗੇ ਤਾਂ ਜੋ ਪਾਰਟੀਆਂ ਦੀਆਂ ਨੀਤੀਆਂ ਤੋਂ ਜਾਣੂ ਹੋ ਕੇ ਲੋਕ ਸਹੀ ਫ਼ੈਸਲਾ ਲੈ ਸਕਣ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਪਾਰਟੀ ਦੀ ਕਾਰਜਸ਼ੈਲੀ ਵੀ ਹੋਰ ਪਾਰਟੀਆਂ ਤੋਂ ਵੱਖਰੀ ਨਹੀਂ ਦਿਸ ਰਹੀ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਦੀ ਰਾਜਨੀਤੀ ਵਿੱਚ ਪੰਥਕ ਸਰੋਕਾਰਾਂ ਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ। ਲੋਕਾਂ ਨੂੰ ਪਾਰਟੀਆਂ ਦੀ ਵਿਚਾਰਧਾਰਾ ਜਾਣਨ ਦਾ ਪੂਰਾ ਹੱਕ ਹੈ, ਕਿਉਂਕਿ ਨਿਆਣਿਆਂ ਵਾਂਗ ਅੱਖਾਂ ਬੰਦ ਕਰਕੇ ਆਤਮਘਾਤੀ ਰਸਤਾ ਨਹੀਂ ਅਪਣਾਇਆ ਜਾ ਸਕਦਾ। ਭਾਈ ਹਰਦੀਪ ਸਿੰਘ ਨੇ ਕਿਹਾ ਕਿ ‘ਆਪ’ ਦਾ ਜਨਮ ਅਕਾਲੀ-ਭਾਜਪਾ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਹੋਇਆ ਹੈ ਪਰ ਕੇਜਰੀਵਾਲ ਵੱਲੋਂ ਅਜੇ ਤੱਕ ਕੋਈ ਖ਼ਾਸ ਕਾਰਗੁਜ਼ਾਰੀ ਨਹੀਂ ਦਿਖਾਈ ਗਈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦੀ ਸੋਚ 2017 ਦੀਆਂ ਚੋਣਾਂ ਤੱਕ ਸੀਮਤ ਦਿਸਦੀ ਹੈ। ਉਨ੍ਹਾਂ ਕਿਸਾਨੀ ਮਾਹਿਰਾਂ, ਸਮਾਜ ਸ਼ਾਸਤਰੀਆਂ, ਅਰਥ ਸ਼ਾਸਤਰੀਆਂ ਤੇ ਪੰਥਕ ਸ਼ਖ਼ਸੀਅਤਾਂ ਨੂੰ ਇਸ ਮਾਮਲੇ ਵਿੱਚ ਇਕਜੁੱਟਤਾ ਦੀ ਅਪੀਲ ਕੀਤੀ।

Be the first to comment

Leave a Reply