ਪੰਜਾ ਪਿਆਰਿਆਂ ਦੇ ਕਹਿਣ ਤੇ ਢੱਡਰੀਆਂ ਵਾਲੇ ਵੱਲੋਂ ‘ਜਥੇਦਾਰ’ ਦੀ ਸਲਾਹ ਮੰਨਣ ਤੋਂ ਇਨਕਾਰ

ਧੁੰਮਾਂ ਵਿਰੋਧੀ ਦਮਦਮੀ ਟਕਸਾਲ ਦੇ ਆਗੂਆ ਨੇ ਕੀਤੀ ਹਮਲੇ ਦੀ ਨਿਖੇਧੀ :ਮਾਸਟਰ ਮਾਈਂਡ ਨੂੰ ਕਿਉਂ ਨਹੀਂ ਫੜਦੀ ਪੁਲੀਸ

ਲੁਧਿਆਣਾ (ਗੁਰਪ੍ਰੀਤ ਸਿੰਘ ਮਹਿਦੂਦਾਂ): ਪ੍ਰਮੇਸ਼ਵਰ ਦੁਆਰ ਦੇ ਮੁੱਖੀ ਸੰਤ ਬਾਬਾ ਰਣਜੀਤ ਸਿੰਘ ਢਡਰੀਆਂ ਵਾਲਿਆਂ ‘ਤੇ ਹੋਏ ਜਾਨਲੇਵਾ ਹਮਲੇ ਵਿੱਚ ਸ਼ਹੀਦ ਹੋਏ ਬਾਬਾ ਭੁਪਿੰਦਰ ਸਿੰਘ ਦੀ ਅੰਿਤਮ ਅਰਦਾਸ ਅਤੇ ਸਰਧਾਂਜਲੀ ਸਮਾਗਮ ਡੇਰਾ ਢੱਕੀ ਸਾਹਿਬ ਖਾਸੀ ਕਲ੍ਹਾਂ ਵਿਖੇ ਹੋਇਆ ਜਿਥੇ ਦੇਸ਼ ਵਿਦੇਸ਼ ਤੋਂ ਹਜਾਰਾਂ ਦੀ ਗਿਣਤੀ ਵਿਚ ਪਹੁੰਚੀ ਸਿੱਖ ਸੰਗਤ ਅਤੇ ਧਾਰਮਕ ਤੇ ਸਿਆਸੀ (ਅਕਾਲੀ ਦਲ ਨੂੰ ਛੱਡ ਕੇ) ਆਗੂਆਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਸਮਾਗਮ ਦੀ ਅਗਵਾਈ ਪ੍ਰਮੇਸ਼ਵਰ ਦੁਆਰ ਦੇ ਮੁੱਖੀ ਸੰਤ ਬਾਬਾ ਰਣਜੀਤ ਸਿੰਘ ਢਡਰੀਆਂ ਵਾਲਿਆਂ ਵਲੋਂ ਕੀਤੀ ਗਈ ਅਤੇ ਧਾਰਮਿਕ ਆਗੂਆਂ ਤੋਂ ਇਲਾਵਾ ਕਿਸੇ ਵੀ ਰਾਜਨੀਤਿਕ ਆਗੂ ਨੂੰ ਸਟੇਜ ਤੋਂ ਬੋਲਣ ਨਹੀ ਦਿੱਤਾ ਗਿਆ। ਸੰਗਤ ਦੀ ਹਾਜਰੀ ‘ਚ ਪੰਜ ਪਿਆਰਿਆਂ ਭਾਈ ਸਤਨਾਮ ਸਿੰਘ ਖੰਡੇਵਾਲ, ਭਾਈ ਸਤਨਾਮ ਸਿੰਘ ਜੰਜੀਆਂ, ਭਾਈ ਮੇਜਰ ਸਿੰਘ, ਭਾਈ ਮੰਗਲ ਸਿੰਘ ਅਤੇ ਭਾਈ ਤ੍ਰਿਲੋਕ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜਰੀ ‘ਚ ਬਾਬਾ ਭੁਪਿੰਦਰ ਸਿੰਘ ਨੂੰ ਕੌਮ ਦਾ ਸ਼ਹੀਦ ਐਲਾਨਿਆ। ਇਸ ਤੋਂ ਇਲਾਵਾ ਉਨ੍ਹਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਸਮੇਤ ਹੋਰਨਾਂ ਤਖਤਾਂ ਦੇ ਜਥੇਦਾਰਾਂ ਨੂੰ ਸੌਦਾ ਸਾਧ ਦੇ ਮਾਮਲੇ ਤੇ ਵਿਚੋਲਗੀ ਕਰਨ ਦਾ ਦੋਸ਼ੀ ਗਰਦਾਨਦਿਆਂ ਉਨ੍ਹਾਂ ਨੂੰ ਅਕਾਲ ਤਖਤ ਤੋਂ ਲਾਂਬੇ ਕੀਤਾ ਗਿਆ ਆਖਿਆ ਅਤੇ ਉਨ੍ਹਾਂ ਭਾਈ ਢੱਡਰੀਆਂ ਵਾਲਿਆਂ ਨੂੰ ਬੇਨਤੀ ਕੀਤੀ ਕਿ ਉਹ ਗਿਆਨੀ ਗੁਰਬਚਨ ਸਿੰਘ ਦੀ ਕਿਸੇ ਵੀ ਵਿਚੋਲਗੀ ਨੂੰ ਸਵੀਕਾਰ ਨਾ ਕੀਤਾ ਜਾਵੇ। ਪੰਜ ਪਿਆਰਿਆਂ ਨੇ ਸਰਕਾਰ ਵਲ ਇਸ਼ਾਰਾ ਕਰਦਿਆਂ ਅਕਾਲ ਤਖ਼ਤ ਨੂੰ ਗੁਲਾਮ ਬਣਿਆ ਆਖਦਿਆਂ ਕਿਹਾ ਕਿ ਅੱਜ ਖਾਲਸਾ ਪੰਥ ਤੇ ਬਿਪਦਾ ਬਣੀ ਹੈ ਇਸ ਲਈ ਜਿਥੇ ਖਾਲਸਾ ਜੁੜਦਾ ਹੈ ਉਹ ਅਕਾਲ ਤਖਤ ਹੀ ਬਣ ਜਾਂਦਾ ਹੈ। ਉਨ੍ਹਾਂ ਇਸ ਹਮਲੇ ਦੀ ਤੁਲਨਾ ਪੰਥ ਦੀ ਪਿੱਠ ਵਿੱਚ ਛੁਰਾ ਮਾਰਨ ਨਾਲ ਕੀਤੀ ਅਤੇ ਵਾਈਟ ਹਾਊਸ ਤਕ ਪਹੁੰਚ ਚੁੱਕੀ ਛਬੀਲ ਦੀ ਆੜ ਵਿੱਚ ਕੀਤੇ ਇਸ ਹਮਲੇ ਦੀ ਨਿੰਦਾ ਕੀਤੀ ਅਤੇ ਸਮੁੱਚੇ ਪੰਥ ਨੂੰ ਇੱਕ ਪਲੇਟਫਾਰਮ ਤੇ ਇੱਕਠੇ ਹੋਣ ਲਈ ਵੀ ਬੇਨਤੀ ਕੀਤੀ। ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਸਰਕਾਰ ਅਤੇ ਪੁਲਿਸ ਤੋਂ ਇਨਸਾਫ ਨਾ ਮਿਲਣ ਦੀ ਗੱਲ ਆਖਦਿਆਂ ਕਿਹਾ ਕਿ ਹੁਣ ਅਸੀ ਸਾਰੇ ਮਾਮਲੇ ਦੀ ਸੀ ਆਈ ਤੋਂ ਜਾਂਚ ਦੀ ਮੰਗ ਕਰਦੇ ਹਾਂ। ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਜਿਸ ਪ੍ਰਕਾਰ ਪਹਿਲਾਂ ਸ਼ਾਂਤਮਈ ਤਰੀਕੇ ਨਾਲ ਇਨਸਾਫ਼ ਦੀ ਲੜਾਈ ਲੜੀ ਜਾ ਰਹੀ ਸੀ ਉਸੇ ਪ੍ਰਕਾਰ ਉਹ 30 ਮਈ ਨੂੰ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਗਵਰਨਰ ਦੇ ਨਾਮ ਤੇ ਮੰਗ ਪੱਤਰ ਦੇ ਕੇ ਕੇਂਦਰ ਸਰਕਾਰ ਤੋਂ ਸੀ ਬੀ ਆਈ ਜਾਂਚ ਦੀ ਮੰਗ ਕਰਨਗੇ। ਉਨ੍ਹਾਂ ਕਿਹਾ ਕਿ ਜੋ ਵਿਆਕਤੀ ਭੜਕਾਊ ਤਰੀਕੇ ਨਾਲ ਕੰਮ ਕਰੇਗਾ ਉਹ ਉਨ੍ਹਾਂ ਦੇ ਸੰਘਰਸ਼ ਦਾ ਹਿੱਸਾ ਨਹੀ ਹੋਵੇਗਾ। ਇਸ ਤੋਂ ਇਲਾਵਾ ਉਨ੍ਹਾਂ ਪੰਜ ਪਿਆਰਿਆਂ ਦਾ ਬਾਬਾ ਭੁਪਿੰਦਰ ਸਿੰਘ ਨੂੰ ਕੌਮ ਦਾ ਸ਼ਹੀਦ ਐਲਾਨੇ ਜਾਣ ਤੇ ਧਨਵਾਦ ਕਰਦਿਆਂ ਕਿਹਾ ਕਿ ਪੰਜਾਬ ਭਰ ‘ਚ ਹਰ ਜ਼ਿਲ੍ਹੇ ‘ਚ ਉਨ੍ਹਾਂ ਦੇ ਨਾਮ ਤੇ ਹਰ ਮਹੀਨੇ 2 ਰੋਜ਼ਾ ਦੀਵਾਨ ਸਮਾਗਮ ਕੀਤੇ ਜਾਇਆ ਕਰਨਗੇ। ਉਨ੍ਹਾਂ ਸ਼ਹੀਦ ਬਾਬਾ ਭੁਪਿੰਦਰ ਸਿੰਘ ਦੀ ਪਤਨਂ ਨੂੰ ਸਿਰੋਪਾਓ ਦੀ ਦਾਤ ਦਿੰਦਿਆਂ ਦੋਵਾਂ ਬੱਚਿਆਂ ਹਰਮਨ ਸਿੰਘ ਤੇ ਗੁਰਮਨ ਸਿੰਘ ਨੂੰ ਪੰਜ ਪੰਜ ਲੱਖ ਦੀ ਐਫ ਡੀ, ਪਰਿਵਾਰ ਨੂੰ ਹਰ ਮਹੀਨੇ 20 ਹਜਾਰ ਦੀ ਮਾਲੀ ਮਦਦ, ਦੋਵਾਂ ਬੱਚਿਆਂ ਤੋਂ ਇਲਾਵਾ ਚਾਰੇ ਭੈਣਾਂ ਦੇ ਬੱਚਿਆਂ ਦੀ ਸਾਰੀ ਪੜਾਈ ਦਾ ਖਰਚ ਦੇਣ ਦਾ ਐਲਾਨ ਕੀਤਾ। ਇਸ ਤੋਂ ਪਹਿਲਾਂ ਸਰਬੱਤ ਖ਼ਾਲਸਾ ਸਮਾਗਮ ਦੇ ਮੁੱਖ ਪ੍ਰੰਬਧਕ ਭਾਈ ਮੋਹਕਮ ਸਿੰਘ ਨੇ ਬਿਨਾਂ ਮੁੱਖ ਮੰਤਰੀ ਪਰਕਾਸ਼ ਸਿੰਘ ਦਾ ਨਾਮ ਲਏ ਕਿਹਾ ਕਿ ਚੰਡੀਗੜ੍ਹ ‘ਚ ਬੈਠਾ ਬਜੁਰਗ ਪਤਾ ਨਹੀ ਕਿੰਨੀਆਂ ਹੋਰ ਘਟਨਾਵਾਂ ਘਟਾਏਗਾ। ਉਨ੍ਹਾਂ ਨੇ ਵੀ ਪੰਥ ਨੂੰ ਇਕ ਪਲੇਟਫਾਰਮ ਤੇ ਇੱਕਠਾ ਹੋਣ ਲਈ ਕਿਹਾ। ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੇ ਕਿਹਾ ਕਿ ਜਦੋਂ ਸਾਰੀ ਤਸਵੀਰ ਸਾਫ਼ ਹੈ ਤਾਂ ਪੁਲਿਸ ਮਾਸਟਰ ਮਾਈਂਡ ਨੂੰ ਕਿਉਂ ਨਹੀ ਫੜਦੀ। ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਹਮਲੇ ਨੂੰ ਸਮੁੱਚੀ ਕੌਮ ਤੇ ਹੋਇਆ ਹਮਲਾ ਆਖਿਆ। ਦਮਦਮੀ ਟਕਸਾਲ ਦੇ ਮੁਖੀ ਰਾਮ ਸਿੰਘ ਨੇ ਕਿਹਾ ਕਿ ਜਿਸ ਤਰੀਕੇ ਤੇ ਇਰਾਦੇ ਨਾਲ ਹਮਲਾ ਕੀਤਾ ਗਿਆ ਉਹ ਸ਼ਰਮਨਾਕ ਹੈ। ਉਨ੍ਹਾਂ ਕਿਹਾ ਕਿ ਕੌਮ ਦੇ ਪ੍ਰਚਾਰਕਾਂ ਨੇ ਅਪਣੇ ਹੱਥੀ ਅਪਣੇ ਹੀ ਬੱਚੇ ਯਤੀਮ ਬਣਾ ਦਿੱਤੇ। ਉਨ੍ਹਾਂ ਕਿਹਾ ਕਿ ਦਮਦਮੀ ਟਕਸਾਲ ਪੂਰੀ ਤਰ੍ਹਾਂ ਬਾਬਾ ਢੱਡਰੀਆਂ ਵਾਲਿਆਂ ਨਾਲ ਖੜੀ ਹੈ। ਸਰਬੱਤ ਖ਼ਾਲਸਾ ਵਲੋਂ ਥਾਪੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਪੰਜਾਬ ਵਿਚ ਲਾਅ ਐਂਡ ਆਰਡਰ ਦੀ ਸਥਿਤੀ ਚਿੰਤਾ ਜਨਕ ਬਣ ਗਈ ਹੈ। ਉਨ੍ਹਾਂ ਗੁਨਾਹਾਂਗਾਰਾਂ ਲਈ ਸਜ਼ਾ ਦੀ ਮੰਗ ਕਰਦਿਆਂ ਵਖਰੇਵਿਆਂ ਕਾਰਨ ਹੋ ਰਹੇ ਖੂਨੀ ਟਕਰਾਅ ਨੂੰ ਰੋਕਣ ਦੀ ਮੰਗ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਪ੍ਰਚਾਰਕਾਂ ਦੀ ਸੁਰੱਖਿਆ ਦੇ ਮੱਦੇਨਜਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸੰਤਾਂ, ਪ੍ਰਚਾਰਕਾਂ ਕੀਰਤਨੀਆਂ ਅਤੇ ਰਾਗੀ ਢਾਡੀਆਂ ਦੇ ਅਸਲਾ ਲਾਇਸੰਸ ਜਾਰੀ ਕਰੇ। ਸ੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਤੋਂ ਬਾਅਦ ਅਸੀ ਕੌਮ ਨੂੰ ਕੋਈ ਅਗਵਾਈ ਨਹੀ ਦੇ ਸਕੇ ਇਸ ਲਈ ਹੁਣ ਜ਼ਰੂਰੀ ਹੋ ਗਿਆ ਹੈ ਕਿ ਵਿਚਾਰ-ਚਰਚਾ ਕੀਤੀ ਜਾਵੇ ਕਿ ਅੱਗੇ ਕੀ ਕਰਨਾ ਹੈ। ਇਸ ਤੋਂ ਇਲਾਵਾ ਮੁਖਤਿਆਰ ਸਿੰਘ ਦਮਦਮੀ ਟਕਸਾਲ, ਮਹਿੰਦਰ ਸਿੰਘ ਖਾਲਸਾ, ਪ੍ਰਿੰਸੀਪਲ ਰਵੀ ਸਿੰਘ, ਭਾਈ ਹਰਜਿੰਦਰ ਸਿੰਘ ਮਾਝੀ, ਹਰਜੀਤ ਸਿੰਘ, ਪਿੰ੍ਰਸੀਪਲ ਹਰਭਜਨ ਸਿੰਘ, ਭਾਈ ਸਰਬਜੀਤ ਸਿੰਘ ਧੂੰਦਾਂ, ਹਰਪ੍ਰੀਤ ਸਿੰਘ ਮੱਖੂ, ਭਾਈ ਸੁਰਜੀਤ ਸਿੰਘ, ਜਸਪਾਲ ਸਿੰਘ ਹੇਰਾਂ ਨੇ ਹਮਲੇ ਤੋਂ ਬਾਅਦ ਸਰਕਾਰ ਤੇ ਪੁਲਿਸ ਦੀ ਭੂਮਿਕਾ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਸ ਨੂੰ ਏਜੰਸੀਆਂ ਦੀ ਇੱਕ ਵੱਡੀ ਯੋਜਨਾ ਆਖਿਆ। ਬੁਲਾਰਿਆਂ ਨੇ ਕਿਹਾ ਕਿ ਆਰ ਐਸ ਐਸ ਵਰਗੀਆਂ ਏਜੰਸੀਆਂ ਅਜਿਹਾ ਜਾਣ ਬੁੱਝ ਕੇ ਕਰ ਰਹੀਆਂ ਹਨ ਜਿਸ ਤੋਂ ਸਮੁੱਚੇ ਪੰਥ ਨੂੰ ਬਚਾਉਣ ਦੀ ਜ਼ਰੂਰਤ ਹੈ। ਬੁਲਾਰਿਆਂ ਨੇ ਕਿਹਾ ਕਿ ਜਦੋਂ ਸਾਰੀ ਸੱਚਾਈ ਸਾਹਮਣੇ ਆ ਚੁੱਕੀ ਹੈ ਤਾਂ ਪੁਲਿਸ ਮਾਸਟਰ ਮਾਈਂਡ ਨੂੰ ਕਿਉਂ ਨਹੀ ਫੜਦੀ। ਮੌਕੇ ਤੇ ਹਾਜ਼ਰ ਜਥੇਬੰਦੀਆਂ ਅਤੇ ਸੰਗਤ ਨੇ ਵੀ ਵੱਡੇ ਪੱਧਰ ਤੇ ਪਰਿਵਾਰ ਨੂੰ ਆਰਥਿਕ ਸਹਾਇਤਾ ਦਿੱਤੀ। ਇਸ ਮੌਕੇ ਬਾਬਾ ਜੱਗਮਿਥਿਆ ਸਿੰਘ, ਬਾਬਾ ਭਗਤ ਸਿੰਘ, ਬਾਬਾ ਜੋਗਿੰਦਰ ਸਿੰਘ ਅਤੇ ਬਾਬਾ ਸੇਵਕ ਸਿੰਘ ਡੇਰਾ ਪ੍ਰਬੰਧਕ, ਬਸਪਾ ਦੇ ਸੂਬਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ, ਵਿਧਾਇਕ ਬਲਵਿੰਦਰ ਸਿੰਘ ਬੈਂਸ ਅਤੇ ਗੁਰਚਰਨ ਸਿੰਘ ਬੋਪਾਰਾਏ, ਐਡਵੋਕੇਟ ਐਚ ਐਸ ਫੂਲਕਾ ਆਮ ਆਦਮੀਂ ਪਾਰਟੀ ਅਤੇ ਕਰਮਜੀਤ ਸਿੰਘ ਗਰੇਵਾਲ ਤੋਂ ਇਲਾਵਾ ਹੋਰ ਹਾਜ਼ਰ ਸਨ।

Be the first to comment

Leave a Reply