ਪੰਜਾਬ ਲਈ ਇਕ ਵੱਡੀ ਚੁਣੌਤੀ

ਪੰਜਾਬ ਪੁਲਿਸ ਵਿੱਚ 7 ਹਜ਼ਾਰ ਅਸਾਮੀਆਂ ਲਈ ਲੱਖਾਂ ਅਰਜੀਆਂ ਪਹੁੰਚੀਆ

ਪਿਛਲੇ ਦਿਨੀਂ ਪੰਜਾਬ ਪੁਲਿਸ ਵਿਚ ਕੀਤੀ ਜਾਣ ਵਾਲੀ ਭਰਤੀ ਸਬੰਧੀ ਇਕ ਇਸ਼ਤਿਹਾਰ ਛਪਿਆ ਸੀ, ਉਸ ਤੋਂ ਜੋ ਤੱਥ ਸਾਹਮਣੇ ਆਏ ਹਨ, ਉਹ ਬੇਚੈਨ ਕਰਨ ਵਾਲੇ ਹਨ। ਸਾਡੇ ਅੱਜ ਦੇ ਪੰਜਾਬੀ ਦੀ ਤਸਵੀਰ ਪੇਸ਼ ਕਰਨ ਵਾਲੇ ਹਨ। ਹਰ ਸਾਲ ਡੇਢ ਕੁ ਹਜ਼ਾਰ ਦੇ ਕਰੀਬ ਪੁਲਿਸ ਕਰਮੀ ਸੇਵਾ-ਮੁਕਤ ਹੁੰਦੇ ਹਨ। ਪਿਛਲੇ 5 ਸਾਲਾਂ ਤੋਂ ਕੋਈ ਨਵੀਂ ਭਰਤੀ ਨਹੀਂ ਸੀ ਕੀਤੀ ਗਈ। ਇਸ ਲਈ ਪੁਲਿਸ ਕਰਮੀਆਂ ਦੀ 7 ਹਜ਼ਾਰ ਦੇ ਕਰੀਬ ਭਰਤੀ ਕੀਤੇ ਜਾਣ ਦੀ ਸੂਚਨਾ ਇਸ਼ਤਿਹਾਰ ਰਾਹੀਂ ਦਿੱਤੀ ਗਈ ਸੀ। ਇਸ ਪਿੱਛੋਂ ਇਨ੍ਹਾਂ ਕੁਝ ਹਜ਼ਾਰ ਅਸਾਮੀਆਂ ਲਈ ਹੁਣ ਤੱਕ ਲੱਖਾਂ ਹੀ ਅਰਜ਼ੀਆਂ ਮਹਿਕਮੇ ਕੋਲ ਪਹੁੰਚ ਗਈਆਂ ਹਨ। ਪੁਰਸ਼ਾਂ ਦੀ ਭਰਤੀ ਲਈ 6252 ਅਸਾਮੀਆਂ ਹਨ। ਇਨ੍ਹਾਂ ਲਈ ਹੁਣ ਤੱਕ 4.70 ਲੱਖ ਦੇ ਕਰੀਬ ਅਰਜ਼ੀਆਂ ਪਹੁੰਚ ਚੁੱਕੀਆਂ ਹਨ। ਔਰਤਾਂ ਦੀਆਂ 1164 ਅਸਾਮੀਆਂ ਲਈ 1.23 ਲੱਖ ਦੇ ਕਰੀਬ ਅਰਜ਼ੀਆਂ ਪਹੁੰਚ ਚੁੱਕੀਆਂ ਹਨ। ਇਨ੍ਹਾਂ ਤੋਂ ਇਲਾਵਾ ਕੁਝ ਹੋਰ ਰਾਜਾਂ ਤੋਂ ਵੀ 40 ਹਜ਼ਾਰ ਦੇ ਕਰੀਬ ਅਰਜ਼ੀਆਂ ਆਈਆਂ ਹਨ। ਇਸ ਤੋਂ ਸਮਾਜ ਵਿਚ ਵੱਡੀ ਪੱਧਰ ‘ਤੇ ਫੈਲੀ ਬੇਰੁਜ਼ਗਾਰੀ ਦਾ ਪਤਾ ਚਲਦਾ ਹੈ।

ਹੁਣ ਤੋਂ ਹੀ ਮਨ ਵਿਚ ਇਹ ਸਵਾਲ ਉੱਠਣ ਲੱਗਾ ਹੈ ਕਿ 7 ਹਜ਼ਾਰ ਦੇ ਕਰੀਬ ਉਮੀਦਵਾਰ ਤਾਂ ਭਰਤੀ ਹੋ ਜਾਣਗੇ ਪਰ ਉਨ੍ਹਾਂ ਬਾਕੀ ਲੱਖਾਂ ਉਮੀਦਵਾਰਾਂ ਦਾ ਕੀ ਬਣੇਗਾ, ਜਿਨ੍ਹਾਂ ਨੇ ਨੌਕਰੀ ਦੀ ਆਸ ਵਿਚ ਅਰਜ਼ੀਆਂ ਭੇਜੀਆਂ ਹਨ? ਇਹ ਕਿਸੇ ਇਕ ਵਿਭਾਗ ਦੀ ਗੱਲ ਨਹੀਂ, ਸਗੋਂ ਸਮੁੱਚੇ ਸਰਕਾਰੀ ਵਿਭਾਗਾਂ ਦੀ ਗੱਲ ਹੈ। ਇਸੇ ਤਰ੍ਹਾਂ ਹਰ ਤਰ੍ਹਾਂ ਦੀਆਂ ਨਿੱਜੀ ਸੰਸਥਾਵਾਂ ਵਿਚ ਨੌਕਰੀ ਲਈ ਇਸ਼ਤਿਹਾਰ ਛਪਣ ‘ਤੇ ਲੱਖਾਂ ਹੀ ਬੰਦੇ ਅਰਜ਼ੀਆਂ ਭੇਜਦੇ ਹਨ। ਬੇਰੁਜ਼ਗਾਰਾਂ ਦੀ ਇਹ ਫ਼ੌਜ ਨਿੱਤ ਦਿਨ ਵਧਦੀ ਜਾ ਰਹੀ ਹੈ। ਅਜਿਹੇ ਸਮਾਜ ਦਾ ਭਵਿੱਖ ਕੀ ਹੋ ਸਕਦਾ ਹੈ, ਇਸ ਦਾ ਅੰਦਾਜ਼ਾ ਲਗਾਉਣਾ ਮੁਸ਼ਕਿਲ ਨਹੀਂ। ਨਿਰਾਸ਼ ਅਤੇ ਬੇਆਸ ਹੋਏ ਇਹ ਨੌਜਵਾਨ ਆਖਰ ਕੀ ਕਰਨਗੇ? ਇਨ੍ਹਾਂ ਨੂੰ ਕਿਸ ਤਰ੍ਹਾਂ ਦੇ ਹੋਰ ਧੰਦਿਆਂ ਵਿਚ ਲਗਾਇਆ ਜਾ ਸਕੇਗਾ? ਜੇਕਰ ਇਹ ਨੌਜਵਾਨ ਕੰਮ ‘ਤੇ ਨਹੀਂ ਲੱਗਣਗੇ ਤਾਂ ਜਿਥੇ ਇਹ ਆਪਣੇ-ਆਪ ਨੂੰ ਪਰਿਵਾਰਾਂ ਅਤੇ ਸਮਾਜ ‘ਤੇ ਬੋਝ ਸਮਝਣ ਲੱਗਣਗੇ, ਉਥੇ ਇਨ੍ਹਾਂ ਅੰਦਰ ਫੈਲੀ ਨਿਰਾਸ਼ਤਾ ਅਨੇਕਾਂ ਤਰ੍ਹਾਂ ਦੀਆਂ ਭਿਆਨਕ ਸ਼ਕਲਾਂ ਧਾਰ ਕੇ ਪ੍ਰਗਟ ਹੋ ਸਕਦੀ ਹੈ। ਜੇਕਰ ਅੱਜ ਬੇਰੁਜ਼ਗਾਰੀ ਕਾਰਨ ਥਾਂ ਪੁਰ ਥਾਂ ਲੁੱਟਾਂ-ਖੋਹਾਂ ਦਾ ਬਾਜ਼ਾਰ ਗਰਮ ਹੋ ਰਿਹਾ ਹੈ ਤਾਂ ਇਸ ਪਿੱਛੇ ਵੱਡੀ ਪੱਧਰ ‘ਤੇ ਪੈਦਾ ਹੋਈ ਅਜਿਹੀ ਨਿਰਾਸ਼ਾ ਅਤੇ ਨੌਜਵਾਨਾਂ ਵਿਚ ਫੈਲੀ ਬੇਕਾਰੀ ਹੀ ਵੱਡਾ ਕਾਰਨ ਹੈ। ।-ਬਰਜਿੰਦਰ ਸਿੰਘ ਹਮਦਰਦ

Be the first to comment

Leave a Reply