ਭਾਰਤ-ਪਾਕਿਸਤਾਨ ਵੰਡ ਸਮੇਂ ਸਿੱਖਾਂ ਦੇ ਕਈ ਇਤਿਹਾਸਕ ਗੁਰਦੁਆਰਾ ਸਾਹਿਬ ਦੇਸ਼ ਦੀ ਵੰਡ ਨਾਲ ਹੀ ਵੰਡੇ ਗਏ ਸਨ ਜਿਨ੍ਹਾਂ ਨੂੰ ਲੈ ਕੇ ਸਿੱਖਾਂ ਦੇ ਦਿਲ ‘ਚ ਇਕ ਆਸ ਹਮੇਸ਼ਾ ਬਣੀ ਰਹਿੰਦੀ ਹੈ ਕਿ ਸਾਨੂੰ ਸਾਡੇ ਗੁਰਦੁਆਰਿਆਂ ਦੇ ਦਰਸ਼ਨ ਬਿਨਾਂ ਕਿਸੇ ਰੋਕਾਂ ਤੋਂ ਕਰਨ ਦੀ ਖੁੱਲ੍ਹ ਮਿਲਣੀ ਚਾਹੀਦੀ ਹੈ। ਜਿਸ ਨੂੰ ਦੇਖਦਿਆਂ ਪਾਕਿਸਤਾਨ ਤੇ ਭਾਰਤ ਸਰਕਾਰ ਨੇ ਇਹ ਉਪਰਾਲਾ ਕਰਦਿਆਂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਲਾਂਘਾ ਖੋਲ੍ਹਣ ਦਾ ਪ੍ਰਰੋਗਰਾਮ ਬਣਾਇਆ।

ਸਿੱਖਾਂ ਦੀਆਂ ਅਰਦਾਸਾਂ ਹੋਈਆਂ ਪੂਰੀਆਂ : ਐੱਮਪੀ ਜਸਰਾਜ

ਕੈਲਗਰੀ ਫੌਰੈਸਟ ਲੌਨ ਤੋਂ ਐੱਮਪੀ ਜਸਰਾਜ ਸਿੰਘ ਹੱਲਣ ਨੇ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਣ ਦੀ ਵਧਾਈ ਸਮੂਹ ਸੰਗਤ ਨੂੰ ਦਿੰਦਿਆਂ ਕਿਹਾ ਕਿ ਪਹਿਲੀ ਪਾਤਸ਼ਾਹੀ ਦੇ 550ਵੇਂ ਪ੍ਰਕਾਸ਼ ਪੁਰਬ ‘ਤੇ ਸਿੱਖ ਸੰਗਤ ਨੂੰ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ, ਇਮਰਾਨ ਖ਼ਾਨ ਤੇ ਨਵਜੋਤ ਸਿੰਘ ਸਿੱਧੂ ਦੀ ਦੋਸਤੀ ਨੇ ਬਹੁਤ ਵੱਡਾ ਤੋਹਫ਼ਾ ਦਿੱਤਾ ਹੈ, ਜਿਸ ਲਈ ਪੂਰਾ ਸਿੱਖ ਜਗਤ ਇਸ ਦਿਨ ਨੂੰ ਹਮੇਸ਼ਾ ਯਾਦ ਰੱਖੇਗਾ। ਲਾਂਘਾ ਖੁੱਲ੍ਹਣ ਦੇ ਨਾਲ ਜਿੱਥੇ ਸਿੱਖਾਂ ਨੂੰ ਗੁਰਦੁਆਰਿਆਂ ਦੇ ਦਰਸ਼ਨ ਕਰਨ ਦਾ ਮੌਕਾ ਮਿਲੇਗਾ ਉਥੇ ਹੀ ਦੋਵੇਂ ਦੇਸ਼ਾਂ ਦੇ ਲੋਕਾਂ ‘ਚ ਭਾਈਚਾਰਕ ਸਾਂਝ ਵੀ ਵਧੇਗੀ।

ਲਾਂਘੇ ਲਈ ਹਰ ਵਿਅਕਤੀ ਦਾ ਸਹਿਯੋਗ ਸ਼ਲਾਘਾਯੋਗ : ਐੱਮਐੱਲਏ ਤੂਰ

ਕੈਲਗਰੀ ਫਾਲਕਨਰਿਜ਼ ਤੋਂ ਵਿਧਾਇਕ (ਐੱਮਐੱਲਏ) ਦਵਿੰਦਰ ਤੂਰ ਨੇ ਸਮੂਹ ਸਿੱਖ ਸੰਗਤ ਨੂੰ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਣ ਦੀ ਵਧਾਈ ਦਿੰਦਿਆਂ ਕਿਹਾ ਕਿ ਲੰਬੇ ਸਮੇਂ ਤੋਂ ਸਿੱਖ ਸੰਗਤ ਦੀ ਮੰਗ ਸੀ ਕਿ ਕਰਤਾਰਪੁਰ ਸਾਹਿਬ ਸਮੇਤ ਹੋਰਨਾਂ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਲਾਂਘੇ ਖੋਲ੍ਹੇ ਜਾਣ, ਜਿਸ ਲਈ ਸਿੱਖ ਸੰਗਤ ਵੀ ਲੰਬੇ ਸਮੇਂ ਤੋਂ ਅਰਦਾਸਾਂ ਕਰਦੀ ਆ ਰਹੀ ਸੀ ਤੇ ਇਸ ਵਾਰ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੇ ਵੀ ਇਸ ਮੰਗ ਨੂੰ ਗੰਭੀਰਤਾ ਨਾਲ ਲੈਂਦਿਆਂ ਪੂਰਾ ਕੀਤਾ।

ਧਾਰਮਿਕ ਅਸਥਾਨਾਂ ਲਈ ਸਰਹੱਦਾਂ ਨਹੀਂ ਹੋਣੀਆਂ ਚਾਹੀਦੀਆਂ : ਮੰਤਰੀ ਸਾਹਨੀ

ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੀ ਸਮੂਹ ਸਿੱਖ ਸੰਗਤ ਨੂੰ ਵਧਾਈ ਦਿੰਦਿਆਂ ਕੈਲਗਰੀ ਨੌਰਥ ਈਸਟ ਤੋਂ ਵਿਧਾਇਕ ਤੇ ਕੈਬਨਿਟ ਮੰਤਰੀ ਰਾਜਨ ਸਾਹਨੀ ਨੇ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਣ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਮੇਰਾ ਤਾਂ ਮੰਨਣਾ ਇਹ ਹੈ ਕਿ ਧਾਰਮਿਕ ਅਸਥਾਨ ਚਾਹੇ ਉਹ ਕਿਸੇ ਵੀ ਧਰਮ ਨਾਲ ਸਬੰਧਤ ਹੋਣ ਅਤੇ ਕਿਸੇ ਵੀ ਥਾਂ ਹੋਣ, ਉਨ੍ਹਾਂ ਦੇ ਦਰਸ਼ਨ ਕਰਨ ਲਈ ਦੇਸ਼ਾਂ ਦੀਆਂ ਸਰਕਾਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਰੋਕ ਨਹੀਂ ਲਗਾਉਣੀ ਚਾਹੀਦੀ, ਕਿਉਂਕਿ ਇਹ ਤੁਹਾਡੀ ਸ਼ਰਧਾ ਦਾ ਮਾਮਲਾ ਹੈ।

ਦੇਸ਼ ਵੰਡ ਦੇ ਜ਼ਖ਼ਮਾਂ ਨੂੰ ਭਰੇਗਾ ਕਰਤਾਰਪੁਰ ਲਾਂਘਾ : ਪ੍ਰਧਾਨ ਗਿੱਲ

ਕੈਲਗਰੀ ਦੇ ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਦੇ ਪ੍ਰਧਾਨ ਅਮਨਪ੍ਰੀਤ ਸਿੰਘ ਗਿੱਲ ਨੇ ਸਮੂਹ ਸਿੱਖ ਸੰਗਤ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਿਆਂ ਕਿਹਾ ਕਿ ਇਹ ਪ੍ਰਕਾਸ਼ ਪੁਰਬ ਬਹੁਤ ਹੀ ਖ਼ਾਸ ਹੈ ਕਿਉਂਕਿ ਇਸ ਦਿਨ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ ਜਾ ਰਿਹਾ ਹੈ। ਦੇਸ਼ ਦੀ ਵੰਡ ਸਮੇਂ ਜਿੱਥੇ ਦੋਵੇਂ ਪਾਸੇ ਲੋਕਾਂ ਨੂੰ ਆਰਥਿਕ ਤੇ ਜਾਨੀ ਨੁਕਸਾਨ ਦੇ ਘਾਟੇ ਝੱਲਣੇ ਪਏ ਸੀ, ਉਥੇ ਹੀ ਸਾਡੇ ਤੋਂ ਕਈ ਧਾਰਮਿਕ ਅਸਥਾਨ ਵੀ ਵਿਛੜ ਗਏ ਸਨ ਜਿਨ੍ਹਾਂ ‘ਚੋਂ ਇਕ ਕਰਤਾਰਪੁਰ ਸਾਹਿਬ ਵੀ ਸੀ। ਲਾਂਘਾ ਖੁੱਲ੍ਹਣ ਨਾਲ ਉਨ੍ਹਾਂ ਲੋਕਾਂ ਦੇ ਹਿਰਦਿਆਂ ‘ਚ ਵੀ ਠੰਢ ਪਵੇਗੀ।