ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ‘ਧਰਮ ਦੀ ਚਾਦਰ’ ਹਨ ਨਾ ਕਿ ‘ਹਿੰਦ ਦੀ ਚਾਦਰ’ : ਦਲ ਖਾਲਸਾ

ਅੰਮ੍ਰਿਤਸਰ: ਦਲ ਖਾਲਸਾ ਨੇ ਦੁਨੀਆਂ ਭਰ ਵਿੱਚ ਵੱਸਦੇ ਸਿੱਖ ਭਾਈਚਾਰੇ ਅਤੇ ਭਾਰਤੀ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ‘ਮਨੁੱਖੀ ਅਧਿਕਾਰ ਅਤੇ ਧਾਰਮਿਕ ਅਜ਼ਾਦੀ ‘ ਦਿਹਾੜੇ ਦੇ ਰੂਪ ਵਿੱਚ ਮਨਾਉਣ।

ਜਥੇਬੰਦੀ ਦੇ ਆਗੂਆਂ ਕੰਵਰਪਾਲ ਸਿੰਘ, ਪਰਮਜੀਤ ਸਿੰਘ ਟਾਂਡਾ ਅਤੇ ਰਣਬੀਰ ਸਿੰਘ ਨੇ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ ਨੌਵੇਂ ਗੁਰੂ ਸਾਹਿਬ ‘ਧਰਮ ਦੀ ਚਾਦਰ’ ਹਨ ਨਾ ਕਿ ‘ਹਿੰਦ ਦੀ ਚਾਦਰ’ ਜਿਵੇਂ ਕਿ ਉਹਨਾਂ ਬਾਰੇ ਗਲਤ ਧਾਰਨਾ ਪ੍ਰਚਲਿਤ ਕੀਤੀ ਗਈ ਹੈ। ਆਗੂਆਂ ਨੇ ਕਿਹਾ ਕਿ ਨੌਵੇਂ ਪਾਤਸ਼ਾਹ ਮਜ਼ਲੂਮ ਦੇ ਰੱਖਿਅਕ ਹਨ, ਕਿਉਂਕਿ ਉਹਨਾਂ ਨੇ ਮਜ਼ਲੂਮ ਦੇ ਧਰਮ ਦੀ ਰਾਖੀ ਲਈ ਸ਼ਹਾਦਤ ਦਿੱਤੀ ਸੀ।ਜ਼ਿਕਰਯੋਗ ਹੈ ਕਿ ਮੂਲ ਨਾਨਕਸ਼ਾਹੀ ਕੈਲੰਡਰ (2003) ਅਨੁਸਾਰ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਵਸ 24 ਨਵੰਬਰ ਦਾ ਨਿਸਚਿਤ ਹੋਇਆ ਹੈ ਪਰ ਸ਼੍ਰੋਮਣੀ ਕਮੇਟੀ ਬਿਕਰਮੀ ਕੈਲੰਡਰ ਅਨੁਸਾਰ ਇਸ ਸਾਲ 23 ਨੂੰ ਮਨਾ ਰਹੀ ਹੈ।ਉਹਨਾਂ ਕਿਹਾ ਕਿ ਨੌਵੇਂ ਪਾਤਸ਼ਾਹ ਨੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਸ਼ਹਾਦਤ ਦਿੱਤੀ। ਉਹਨਾਂ ਕਿਹਾ ਕਿ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਦੀ ਮਿਸਾਲ ਦੁਨੀਆਂ ਦੇ ਇਤਿਹਾਸ ਵਿੱਚ ਨਹੀਂ ਮਿਲਦੀ, ਕਿਉਂਕਿ ਉਹਨਾਂ ਕਿਸੇ ਦੂਸਰੇ ਧਰਮ ਅਤੇ ਵਿਸ਼ਵਾਸਾਂ ਦੀ ਰਾਖੀ ਖਾਤਰ ਆਪਣੀ ਸ਼ਹਾਦਤ ਦਿੱਤੀ। ਉਹਨਾਂ ਕਿਹਾ ਕਿ ਫਰਾਂਸ ਦੇ ਫਿਲਾਸਫਰ ਸ਼੍ਰੀ ਵਾਲਟੇਅਰ ਨੇ ਲਿਖਿਆ ਸੀ ਕਿ “ਮੈਂ ਤੁਹਾਡੇ ਨਾਲ ਸਹਿਮਤ ਨਹੀਂ ਜੋ ਤੁਸੀਂ ਕਹਿ ਰਹੇ ਹੋ, ਪਰ ਮੈਂ ਆਪਣੀ ਜਾਨ ਦੇ ਕੇ ਵੀ ਤੁਹਾਡੇ ਬੋਲਣ ਦੇ ਅਧਿਕਾਰ ਦੀ ਰਾਖੀ ਕਰਾਂਗਾ”।ਨੌਜਵਾਨ ਆਗੂ ਪਰਮਜੀਤ ਸਿੰਘ ਟਾਂਡਾ ਨੇ ਕਿਹਾ ਕਿ ਨੌਵੇਂ ਪਾਤਸ਼ਾਹ ਨੇ ਫਰਾਂਸ ਦੇ ਫਿਲਾਸਫਰ ਦੇ ਇਹ ਸ਼ਬਦ ਲਿਖਣ ਤੋਂ ਇਕ ਸਦੀ ਪਹਿਲਾਂ ਹੀ ਆਪਣੀ ਸ਼ਹਾਦਤ ਦੇ ਕੇ ਇਕ ਵਿਲੱਖਣ ਮਿਸਾਲ ਕਾਇਮ ਕਰ ਦਿੱਤੀ ਸੀ।ਉਹਨਾਂ ਕੇਂਦਰ ਸਰਕਾਰ ਪਾਸੋਂ ਮੰਗ ਕੀਤੀ ਕਿ ਸਿੱਖ ਗੁਰੁ ਸਾਹਿਬਾਨਾਂ ਦੀ ਸ਼ਖਸੀਅਤ ਬਾਰੇ ਐਨ.ਸੀ.ਆਰ.ਟੀ ਦੀ ਕਿਤਾਬਾਂ ਵਿੱਚ ਗੁਮਰਾਹਕੁੰਨ ਜਾਣਕਾਰੀ ਦਿੱਤੀ ਗਈ ਹੈ, ਜਿਸਨੂੰ ਫੌਰੀ ਦੁਰਸਤ ਕੀਤਾ ਜਾਵੇ।

Be the first to comment

Leave a Reply