ਗੁਰੂ ਰਾਮਦਾਸ ਸਰਾਂ ਨੂੰ ਢਾਹ ਦੇਣ ਦੀ ਤਿਆਰੀ?

ਅੰਮ੍ਰਿਤਸਰ,: ਪਿਛਲੇ ਕੁੱਝ ਵਰ੍ਹਿਆਂ ਤੋਂ ਕਾਰ ਸੇਵਾ ਵਾਲੇ ਬਾਬਿਆਂ ਨੇ ਕਈ ਇਤਿਹਾਸਕ ਗੁਰਦਵਾਰੇ ਤੇ ਹੋਰ ਯਾਦਗਾਰਾਂ ਢਾਹ ਕੇ, ਨਵੀਂ ਉਸਾਰੀ ਦੇ ਨਾਂ ‘ਤੇ ਅਪਣੇ ਡੇਰੇ ਵੱਡੇ ਤੇ ਸ਼ਾਨਦਾਰ ਕਰ ਲਏ ਹਨ। ਦਿਲਚਸਪ ਗੱਲ ਇਹ ਹੈ ਕਿ ਇਤਿਹਾਸਕ ਗੁਰਦਵਾਰੇ ਤੇ ਹੋਰ ਯਾਦਗਾਰਾਂ ਢਾਹੁਣ ਲਈ ਕਦੇ ਵੀ ਸਿੱਖ ਪੰਥ ਦੀ ਇਜਾਜ਼ਤ ਨਹੀਂ ਲਈ ਗਈ ਕਿਉਂਕਿ ਸਿੱਖ ਕੌਮ ਨੂੰ ਕੇਵਲ ‘ਵੋਟਰਾਂ ਦੇ ਸਮੂਹ’ ਤੋਂ ਵੱਧ ਕੁੱਝ ਨਹੀਂ ਸਮਝਿਆ ਜਾਂਦਾ ਤੇ ‘ਬਾਬਾ ਠੇਕੇਦਾਰਾਂ’ ਵਲੋਂ ਪੇਸ਼ ਕੀਤੇ ਜਾਂਦੇ ਕਰੋੜਾਂ ਦੇ ਗੱਫੇ ਹੀ, ਮਨਮਰਜ਼ੀ ਕਰਨ ਲਈ ਕਾਫ਼ੀ ਸਮਝੇ ਜਾਂਦੇ ਹਨ।

ਇਸ ਸਬੰਧ ਵਿਚ ਹੁਣ ਵਾਰੀ ਆ ਗਈ ਹੈ, ਅੰਮ੍ਰਿਤਸਰ ਦੀ ਇਤਿਹਾਸਕ ਗੁਰੂ ਰਾਮਦਾਸ ਸਰਾਂ ਦੀ। ਇਮਾਰਤ ਬੜੀ ਮਜ਼ਬੂਤ ਹੈ ਤੇ ਇਸ ਨੂੰ ਢਾਹ ਦੇਣ ਦਾ ਕੋਈ ਕਾਰਨ ਨਹੀਂ ਦਸਿਆ ਗਿਆ। ਚੁੱਪ ਚਪੀਤੇ, ‘ਕਾਰ ਸੇਵਾ’ ਵਾਲਿਆਂ ਨਾਲ ਅੰਦਰਖਾਤੇ ਸਮਝੌਤਾ ਕਰ ਕੇ, ਬੁੱਕਲ ਵਿਚ ਰੋੜੀ ਭੰਨਣ ਦੀਆਂ ਤਿਆਰੀਆਂ ਲਗਭਗ ਮੁਕੰਮਲ ਹੋ ਗਈਆਂ ਹਨ। ਇਸ ਸਰਾਂ ਵਿਚ ਠਹਿਰਨ ਲਈ ਯਾਤਰੀਆਂ ਨੂੰ ਕੁੱਝ ਨਹੀਂ ਦੇਣਾ ਪੈਂਦਾ ਜਦਕਿ ਸ਼੍ਰੋਮਣੀ ਕਮੇਟੀ ਦੀਆਂ ਬਾਕੀ ਸਰਾਵਾਂ ਵਿਚ ਠਹਿਰਨ ਲਈ ਪੈਸੇ ਦੇਣੇ ਪੈਂਦੇ ਹਨ।

ਸ਼ਹਿਰ ਦੇ ਪਤਵੰਤਿਆਂ ਨੇ ਅਪਣਾ ਨਾਂ ਪ੍ਰਗਟ ਨਾ ਕਰਨ ਦੀ ਸ਼ਰਤ ‘ਤੇ ਦਸਿਆ ਕਿ ਉਹ ਤਾਂ 1984 ਮਗਰੋਂ ਕਿਸੇ ਵੀ ਸਮੇਂ ਇਸ ਦੇ ਢਾਹੇ ਜਾਣ ਦੀ ਉਡੀਕ ਕਰ ਰਹੇ ਸਨ ਕਿਉਂਕਿ ਕੇਂਦਰ ਨੇ ਸ਼ਰਤ ਰੱਖੀ ਸੀ ਕਿ ਬਲੂ ਸਟਾਰ ਦੀਆਂ ਸਾਰੀਆਂ ਨਿਸ਼ਾਨੀਆਂ ਮਿਟਾ ਕੇ, ਨਵੀਂ ਉਸਾਰੀ ਕਰ ਦਿਤੀ ਜਾਏਗੀ ਜਦਕਿ ਸਿੱਖਾਂ ਦੀ ਮੰਗ ਇਹ ਸੀ ਕਿ ਸਰਾਂ ਸਮੇਤ, ਕੁੱਝ ਇਮਾਰਤਾਂ ਨੂੰ ਜਲਿਆਂਵਾਲੇ ਬਾਗ਼ ਵਾਂਗ ਹਮੇਸ਼ਾ ਲਈ, ਪੁਰਾਣੇ ਅਸਲ ਰੂਪ ਵਿਚ ਸੰਭਾਲ ਕੇ ਰਖਿਆ ਜਾਏ ਜਾਂ ਮਿਊਜ਼ੀਅਮ ਰੂਪ ਦੇ ਦਿਤਾ ਜਾਵੇ। ਪਤਵੰਤਿਆਂ ਦਾ ਕਹਿਣਾ ਸੀ ਕਿ ਸਿੱਖਾਂ ਨੂੰ ਇਸ ਬਾਰੇ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ।

Be the first to comment

Leave a Reply