ਗਿਆਨੀ ਗੁਰਬਚਨ ਸਿੰਘ ਨੂੰ ਚੜ੍ਹਿਆਂ ਗੁੱਸਾ: ਸੁਣਾਈਆਂ ਮੋਦੀ ਸਰਕਾਰ ਨੂੰ ਖਰੀਆਂ-ਖਰੀਆਂ

ਅੰਮ੍ਰਿਤਸਰ: ਦਿੱਲੀ ਸਥਿਤ ਦਿਆਲ ਸਿੰਘ ਕਾਲਜ ਦਾ ਨਾਮ ਬਦਲੇ ਜਾਣ ਦੇ ਮਾਮਲੇ ‘ਤੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਇਸ ਨੂੰ ਇੱਕ ਸੋਚੀ-ਸਮਝੀ ਚਾਲ ਦੱਸਿਆ ਹੈ। ਜਥੇਦਾਰ ਨੇ ਕਿਹਾ ਕਿ ਦਿੱਲੀ ਵਿੱਚ ਦਿਆਲ ਸਿੰਘ ਕਾਲਜ ਦਾ ਨਾਮ ਬਦਲ ਕੇ ਕਾਲਜ ਕਮੇਟੀ ਵੱਲੋਂ ਦੇਸ਼ ਦੀ ਆਜ਼ਾਦੀ ਲਈ ਸਿੱਖਾਂ ਵੱਲੋਂ ਦਿੱਤੀਆਂ ਕੁਰਬਾਨੀਆਂ ਨੂੰ ਮਿਟਾਉਣ ਦੀ ਕੋਝੀ ਚਾਲ ਚੱਲੀ ਗਈ ਹੈ।

ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿੱਚ ਜਿੰਨੇ ਕਾਲਜਾਂ ਜਾਂ ਵਿਦਿਆਲਿਆਂ ਦੇ ਨਾਂ ਸਿੱਖਾਂ ਦੇ ਨਾਮ ‘ਤੇ ਰੱਖੇ ਗਏ ਸਨ, ਉਹ ਉਸੇ ਤਰ੍ਹਾਂ ਹੀ ਚੱਲ ਰਹੇ ਹਨ ਪਰ ਸਾਡੇ ਦੇਸ਼ ਵਿੱਚ ਸਿੱਖਾਂ ਨੂੰ ਦੋ ਨੰਬਰ ਦੇ ਸ਼ਹਿਰੀ ਸਮਝ ਕੇ ਕਈ ਵਿਤਕਰੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਵਿਤਕਰੇ ਬਰਦਾਸ਼ਤ ਕਰਨੇ ਸਿੱਖਾਂ ਲਈ ਬਹੁਤ ਔਖੇ ਹਨ। ਜੇਕਰ ਪ੍ਰਬੰਧਕਾਂ ਨੇ ਕੋਈ ਨਵੀਂ ਯੂਨੀਵਰਸਿਟੀ ਜਾਂ ਕਾਲਜ ਬਣਾਉਣਾ ਹੈ ਤਾਂ ਵੱਖਰੀ ਜ਼ਮੀਨ ਲੈ ਕੇ ਬਣਾਉਣ ਤੇ ਆਪਣੀ ਮਰਜ਼ੀ ਨਾਲ ਜੋ ਵੀ ਨਾਮ ਰੱਖਣਾ ਹੈ, ਉਹ ਰੱਖ ਲੈਣ।

ਉਨ੍ਹਾਂ ਕਿਹਾ ਕਿ ਸਰਕਾਰ ਘੱਟ-ਗਿਣਤੀਆਂ ਵਿਰੋਧੀ ਨੀਤੀਆਂ ਤਹਿਤ ਕਾਲਜਾਂ, ਸੜਕਾਂ ਤੇ ਹੋਰ ਥਾਵਾਂ ਦੇ ਨਾਵਾਂ ਦਾ ਫਿਰਕੂਕਰਨ ਕਰਨ ਤੋਂ ਗੁਰੇਜ਼ ਕਰੇ। ਇਸ ਤਰ੍ਹਾਂ ਦੀਆਂ ਹਰਕਤਾਂ ਤੋਂ ਕਾਲਜ ਦੀ ਕਮੇਟੀ ਬਾਜ ਆਵੇ ਨਹੀਂ ਤਾਂ ਸਿੱਖ ਕਦੇ ਵੀ ਇਸ ਨੂੰ ਬਰਦਾਸ਼ਤ ਨਹੀਂ ਕਰਨਗੇ। ਦਿਆਲ ਸਿੰਘ ਕਾਲਜ ਦੇ ਨਾਮ ਦਾ ਖ਼ਾਤਮਾ ਕਰਕੇ ਨਵਾਂ ਨਾਮ ਰੱਖਣਾ ਇੱਕ ਇਮਾਰਤ ਦੀ ਇਤਿਹਾਸਕਤਾ ਦਾ ਖਾਤਮਾ ਹੈ।

ਉਨ੍ਹਾਂ ਕਿਹਾ ਕਿ ਸਿੱਖਾਂ ਤੋਂ ਵੱਡਾ ਦੇਸ਼-ਭਗਤ ਹੋਰ ਕੌਣ ਹੋ ਸਕਦਾ ਹੈ, ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਇਸ ਕਾਲਜ ਦਾ ਨਾਮ ਤੁਰੰਤ ਦਿਆਲ ਸਿੰਘ ਕਾਲਜ ਹੀ ਕੀਤਾ ਜਾਵੇ ਤਾਂ ਜੋ ਕਿਸੇ ਵੀ ਕਿਸਮ ਦੀ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ। ਕਿਉਂਕਿ ਪਹਿਲਾਂ ਹੀ ਫਿਰਕੂ ਤਾਕਤਾਂ ਦੇਸ਼ ਦੀ ਏਕਤਾ ਨੂੰ ਲਾਂਬੂ ਲਾਉਣ ਲਈ ਤਤਪਰ ਹਨ।

Be the first to comment

Leave a Reply