ਕਹਾਣੀਆਂ ਘੜਨ ਦੀ ਚੈਂਪੀਅਨ ਹੈ ਪੰਜਾਬ ਪੁਲਿਸ…?

ਜਸਪਾਲ ਸਿੰਘ ਹੇਰਾਂ

ਸਿੱਖ ਧਰਮ, ਸਿੱਖ ਕੌਮ, ਕਿਸੇ ਬੇਦੋਸ਼ੇ ਦੇ ਕਤਲ ਦੀ ਹਮੇਸ਼ਾਂ ਵਿਰੋਧੀ ਰਹੀ ਹੈ ਅਤੇ ਰਹੇਗੀ। ਸਿੱਖ ਧਰਮ ਹਰ ਮਜ਼ਲੂਮ ਦੀ ਰਾਖ਼ੀ ਲਈ ਪੈਦਾ ਹੋਇਆ ਹੈ। ਇਹ ਧਰਮ ਇਸ ਧਰਤੀ ਤੋਂ ਜ਼ੋਰ-ਜਬਰ, ਜ਼ੁਲਮ-ਤਸ਼ੱਦਦ, ਵਿਤਕਰੇਬਾਜ਼ੀ, ਬੇਇਨਸਾਫ਼ੀ, ਧੱਕੇਸ਼ਾਹੀ ਦੇ ਖ਼ਾਤਮੇ ਲਈ ਦ੍ਰਿੜਤਾ ਨਾਲ ਲੜਦਾ ਆਇਆ ਹੈ ਅਤੇ ਲੜਦਾ ਰਹੇਗਾ। ਸਰਬੱਤ ਦਾ ਭਲਾ ਇਸ ਧਰਮ ਦਾ ਮੁੱਢਲਾ ਬੁਨਿਆਦੀ ਨਾਅਰਾ ਹੈ। ਪੰ੍ਰਤੂ ਜ਼ੋਰ-ਜਬਰ ਦੇ ਖ਼ਾਤਮੇ ਲਈ ਜਦੋਂ ਹੋਰ ਸਾਰੇ ਹਥਿਆਰ ਖੁੰਡੇ ਸਾਬਤ ਹੋ ਜਾਣ ਤਾਂ ਫ਼ਿਰ ਤਲਵਾਰ ਦੀ ਵਰਤੋਂ ਕਰਨੀ ਵੀ ਇਸ ਧਰਮ ਦੇ ਸਿਧਾਂਤਾਂ ‘ਚ ਹੈ। ਜਿਵੇਂ ਅਸੀਂ ਉੱਪਰ ਲਿਖਿਆ ਹੈ ਕਿ ਸਿੱਖ ਧਰਮ ਕਿਸੇ ਬੇਦੋਸ਼ੇ ਦੇ ਕਤਲ ਦੀ ਆਗਿਆ ਨਹੀਂ ਦਿੰਦਾ। ਉਸਨੂੰ ਗ਼ੁਨਾਹ ਗਰਦਾਨਿਆ ਜਾਂਦਾ ਹੈ। ਪੰਜਾਬ ‘ਚ ਪਿਛਲੇ 2 ਸਾਲ ‘ਚ 8ਕੁ ਆਗੂਆਂ ਦੇ ਜਿਨਾਂ ‘ਚ ਕੁਝ ਹਿੰਦੂ ਜਥੇਬੰਦੀਆਂ ਦੇ ਆਗੂ ਵੀ ਸ਼ਾਮਲ ਹਨ, ਦੇ ਅੰਨੇ ਕਤਲ ਹੋਏ। ਕੁਦਰਤੀ ਸਰਕਾਰ ਤੇ ਪੁਲਿਸ ਦੀ ਕਿਰਕਿਰੀ ਹੋਣੀ ਹੀ ਸੀ, ਉਹ ਹੋ ਰਹੀ ਸੀ। ਸੂਬੇ ‘ਚ ਸਰਕਾਰ ਬਦਲੀ ਤੇ ਬਦਲੀ ਹੋਈ ਸਰਕਾਰ ‘ਚ ਜਦੋਂ ਇਨਾਂ ਕਤਲਾਂ ਦਾ ਸਿਲਸਿਲਾ ਨਾਂਹ ਰੁਕਿਆ ਤਾਂ ਸੂਬੇ ਦਾ ਮੁੱਖ ਮੰਤਰੀ ਬਿਨਾਂ ਕਿਸੇ ਠੋਸ ਅਧਾਰ ‘ਤੇ ਸਬੂਤ ਦੇ ਇਸ ਮਾਮਲੇ ‘ਚ ਆ ਕੁੱਦਿਆ ਤੇ ਸਾਰਾ ਦੋਸ਼ ਕਨੇਡਾ ‘ਚ ਸਿੱਖਾਂ ਦਾ ਨਾਮ ਰੌਸ਼ਨ ਕਰ ਰਹੇ ਸਿੱਖ ਆਗੂਆਂ ਸਿਰ ਮੜ ਦਿੱਤਾ। ਹੁਣ ਮੁੱਖ ਮੰਤਰੀ ਦੀ ਸਾਖ਼ ਦਾ ਸੁਆਲ ਸੀ। ਆਨਨ-ਫਾਨਨ ‘ਚ ਪੰਜਾਬ ਪੁਲਿਸ ਜਿਹੜੀ ਅਜਿਹੇ ਮਨਘੜਤ ਕਿੱਸਿਆਂ ਦੀ ਚੈਂਪੀਅਨ ਹੈ, ਉਸਨੇ ਜਿਹੜੇ ਕਾਤਲ ਪਿਛਲੇ 2 ਸਾਲ ਤੋਂ ਪਕੜ ‘ਚ ਨਹੀਂ ਆ ਰਹੇ ਸਨ, ਉਹ ਝੱਟ ਫੜ ਲਏ। ਕਹਾਣੀਆਂ ਘੜ ਲਈਆਂ ਗਈਆਂ।

ਕੈਪਟਨ ਸਾਬ ਨੇ ਸਾਰਾ ਦੋਸ਼ ਪਾਕਿਸਤਾਨ ਦੀ ਬਦਨਾਮ ਖ਼ੁਫ਼ੀਆ ਏਜੰਸੀ ਆਈ. ਐਸ. ਆਈ. ਸਿਰ ਮੜ ਦਿੱਤਾ, ਪੰ੍ਰਤੂ ਮੋਹਰੇ ਵਿਦੇਸ਼ਾਂ ‘ਚ ਰਹਿੰਦੇ ਸਿੱਖਾਂ ਨੂੰ ਹੀ ਬਣਾਇਆ ਗਿਆ। ਕਾਤਲ ਨੂੰ ਫੜਨਾ ਪੁਲਿਸ ਦੀ ਮੁੱਢਲੀ ਜੁੰਮੇਵਾਰੀ ਹੈ। ਪੰ੍ਰਤੂ ਸੂਬੇ ‘ਚ ਦਹਿਸ਼ਤ ਪੈਦਾ ਕਰਨੀ ਦੋ ਫ਼ਿਰਕਿਆਂ ‘ਚ ਕੁੜੱਤਣ ਪੈਦਾ ਕਰਨੀ, ਦੇਸ਼ ਧ੍ਰੋਹ ਵੀ ਹੈ, ਗ਼ੁਨਾਹ ਵੀ ਹੈ। ਪਰ ਰਾਣੀ ਨੂੰ ਅੱਗਾ ਢੱਕਣ ਲਈ ਕੌਣ ਆਖੇ? ਪੰਜਾਬ ਪੁਲਿਸ ਦੇ ਮੁੱਖੀ ਨੇ ਇਸ ਤੋਂ ਕਈ ਕਦਮ ਅੱਗੇ ਜਾਂਦਿਆਂ ਇਸ ਘਟਨਾ-ਚੱਕਰ ‘ਚ ਸ਼੍ਰੀ ਦਰਬਾਰ ਸਾਹਿਬ ਦੀ ਆਸਥਾ ਨੂੰ ਲੈ ਆਂਦਾ ਹੈ। ਉਸਨੇ ਪੁਲਿਸ ਦੀ ਕਾਰਵਾਈ ‘ਤੇ ਗੁਰੂ ਸਾਹਿਬ ਦੀ ਮੋਹਰ ਲਵਾਉਣ ਦੀ ਸ਼ੈਤਾਨ ਕੋਸ਼ਿਸ਼ ਕੀਤੀ ਹੈ। ਉਸ ਵੱਲੋਂ ਇਹ ਆਖਿਆ ਕਿ ਮੈਂ ਦਰਬਾਰ ਸਾਹਿਬ ‘ਚ ਅਰਦਾਸ ਕੀਤੀ ਕਿ ਦੋਸ਼ੀ ਜਲਦ ਕਾਬੂ ਆ ਜਾਣ ਤਾਂ ਕੁਝ ਘੰਟਿਆਂ ‘ਚ ਹੀ ਮੈਨੂੰ ਕਥਿਤ ਦੋਸ਼ੀਆਂ ਦੇ ਗ੍ਰਿਫ਼ਤਾਰ ਹੋਣ ਦੀ ਖ਼ਬਰ ਆ ਗਈ, ਆਪਣੇ ਆਪ ‘ਚ ਮਹੱਤਵਪੂਰਨ ਹੈ। ਅਸੀਂ ਪੰਜਾਬ ‘ਚ ਅਮਨ-ਚੈਨ ਦੀ ਸਦੀਵੀਂ ਬਹਾਲੀ ਦੇ ਕੱਟੜ ਮੁਦੱਈ ਹਾਂ। ਅਮਨ-ਚੈਨ ਲਈ ਸਿੱਖਾਂ ਨੂੰ ਬਹੁਤ ਵੱਡਾ ਮੁੱਲ ਤਾਰਨਾ ਪਿਆ ਹੈ। ਪੰ੍ਰਤੂ ਸਿਆਸੀ ਖੇਡ ਖੇਡਣ ਵਾਲੀਆਂ ਧਿਰਾਂ, ਦੇਸ਼ ਦੀਆਂ ਖ਼ੁਫ਼ੀਆ ਏਜੰਸੀਆਂ ‘ਤੇ ਦੇਸ਼ ਦੀ ਹਿੰਦੂਤਵੀ ਸਰਕਾਰ ਨੂੰ ਪੰਜਾਬ ਦਾ ਅਮਨ-ਚੈਨ ਹਮੇਸ਼ਾਂ ਚੁੱਭਦਾ ਰਹਿੰਦਾ ਹੈ। ਕਿਸੇ ਸਮੇਂ ਦਾਅਵਾ ਕੀਤਾ ਜਾਂਦਾ ਸੀ ਕਿ ਇਨਾਂ ਕਤਲਾਂ ‘ਚ ਵਰਤੇ ਗਏ ਹਥਿਆਰ ‘ਤੇ ਕਤਲ ਕਰਨ ਵਾਲਿਆਂ ਦਾ ਢੰਗ ਤਰੀਕਾ ਇੱਕੋ ਜਿਹਾ ਹੈ। ਹੁਣ ਇੱਕ ਪਾਸੇ ਅੰਮ੍ਰਿਤਸਰ ਸਾਹਿਬ ‘ਚ ਹੋਏ ਹਿੰਦੂ ਆਗੂ ਵਿਪਨ ਸ਼ਰਮਾ ਦੇ ਕਾਤਲਾਂ ਨੂੰ ਗੈਂਗਸਟਰਾਂ ਨਾਲ ਜੋੜਿਆ ਗਿਆ ਹੈ। ਜਿਸ ਕਾਤਲ ਦੀ ਤਸਵੀਰ ਦੁਨੀਆਂ ਨੇ ਰੱਜ ਕੇ ਵੇਖੀ ਹੈ। ਉਹ ਕਾਤਲ, ਪੁਲਿਸ ਨੂੰ ਲੱਭਾ ਨਹੀਂ। ਪ੍ਰੰਤੂ ਯੂ.ਕੇ ਵਾਲੇ ਅਤੇ ਜੇਲਾਂ ‘ਚ ਬੰਦ ਸਿੱਖ ਮੁੰਡਿਆਂ ਦਾ ਪੂਰਾ ਖੁਰਾ-ਖੋਜ ਤੇ ਆਈ.ਐਸ.ਆਈ. ਨਾਲ ਸਬੰਧ ਵੀ ਪਤਾ ਲੱਗ ਗਏ ਹਨ।

ਪੁਲਿਸ ਆਪਣੀ ਕਿਰਕਿਰੀ ਲਈ ਕਹਾਣੀ ਘੜਦੀ ਆਈ ਹੈ, ਘੜਦੀ ਰਹੇਗੀ। ਪ੍ਰੰਤੂ ਸੂਬੇ ਦੇ ਮੁੱਖ ਮੰਤਰੀ ਦਾ ਪੁਲਿਸ ਵਾਲਿਆਂ ਵਾਂਗੂੰ ਵਿਵਹਾਰ ਕਰਨਾ, ਪੁਲਿਸ ਦੀ ਧਿਰ ਬਣਨਾ ਸਮਝ ਤੋਂ ਬਾਹਰ ਹੈ। ਸਾਨੂੰ ਚਿੰਤਾ ਉਨਾਂ ਨੌਜਵਾਨ ਸਿੱਖ ਮੰਡਿਆਂ ਦੀ ਹੈ, ਜਿਹੜੇ ਜਜ਼ਬਾਤਾਂ ਦੇ ਵਹਾਅ ‘ਚ ਸ਼ੋਸ਼ਲ ਮੀਡੀਏ ‘ਤੇ ਆਪਣੇ ਵਿਰਸੇ ਦੀ ਗੱਲ ਕਰਦੇ ਹਨ। ਕੌਮ ‘ਤੇ ਹੋ ਰਹੇ ਹਮਲਿਆਂ ਵਿਰੁੱਧ ਬੋਲਦੇ ਹਨ। ਸਰਕਾਰਾਂ ਇਨਾਂ ਨੌਜਵਾਨਾਂ ਦੇ ਜਜ਼ਬਾਤਾਂ ਤੋਂ ਭੈਅ-ਭੀਤ ਹਨ ਅਤੇ ਆਨੇ-ਬਹਾਨੇ ਇਨਾਂ ਦੇ ਸਫ਼ਾਏ ਲਈ ਯਤਨਸ਼ੀਲ ਹਨ। ‘ਪਕੋਕਾ’ ਵੀ ਇਸ ਸੋਚ ਦਾ ਹਿੱਸਾ ਹੈ। ਕਤਲਾਂ ਦੀ ਸੂਈ ਖਾੜਕੂ ਧਿਰਾਂ ਵੱਲ ਮੋੜਨੀ ਵੀ ਇਸੇ ਸੋਚ ਸਦਕਾ ਹੈ। ਅਸੀਂ ਆਪਣੇ ‘ਹੋਕੇ’ ਰਾਂਹੀ ਕੌਮ ਨੂੰ ਖ਼ਬਰਦਾਰ ਕਰਨਾ ਚਾਹੁੰਦੇ ਹਾਂ ਕਿ ਆਪੋ ‘ਚ ਲੜਨਾ-ਭਿੜਨਾ ਛੱਡ ਕੇ ਕੌਮ ਦੁਸ਼ਮਣ ਤਾਕਤਾਂ ਵਿਰੁੱਧ ਇੱਕਜੁੱਟ ਹੋਈਏ ਅਤੇ ਸਾਡੀ ਜੁਆਨੀ ‘ਤੇ ਜਿਹੜਾ ਵਹਿਸ਼ੀਆਨਾ ਹਮਲਾ ਹੋਣ ਵਾਲਾ ਹੈ, ਉਸਦੀ ਰੋਕਥਾਮ ਲਈ ਬਾਨੂੰਣ ਬੰਨੀਏ।

Be the first to comment

Leave a Reply