ਉੱਘੇ ਕਵੀਸ਼ਰ ਜੋਗਾ ਸਿੰਘ ਜੋਗੀ ਨਹੀਂ ਰਹੇ

ਬਾਬਾ ਬਕਾਲਾ ਸਾਹਿਬ, (ਸ਼ੇਲਿੰਦਰਜੀਤ ਸਿੰਘ ਰਾਜਨ)¸ਕਵੀਸ਼ਰੀ ਜਗਤ ਦੇ ਬਾਬਾ ਬੋਹੜ ਵਜੋਂ ਜਾਣੇ ਜਾਂਦੇ ਸ਼੍ਰੋਮਣੀ ਕਵੀਸ਼ਰ ਭਾਈ ਜੋਗਾ ਸਿੰਘ ਜੋਗੀ, ਜੋ ਕਿ ਬੀਤੇ ਦੋ ਹਫ਼ਤਿਆਂ ਤੋਂ ਦਿਲ ਦਾ ਦੌਰਾ ਪੈਣ ਕਾਰਨ ਹਸਪਤਾਲ ਦਾਖ਼ਲ ਸਨ, ਦਾ ਅੱਜ ਸਵੇਰੇ 6.45 ਵਜੇ ਦਿਹਾਂਤ ਹੋ ਗਿਆ। ਉਹ 85 ਵਰ੍ਹਿਆਂ ਦੇ ਸਨ। 150 ਦੇ ਕਰੀਬ ਧਾਰਮਿਕ ਪ੍ਰਸੰਗਾਂ ਦੀਆਂ ਆਡੀਓ-ਵੀਡੀਓ ਕੈਸੇਟਾਂ ਅਤੇ ਦੋ ਦਰਜਨ ਤੋਂ ਵੱਧ ਕਵੀਸ਼ਰੀ ਦੀਆਂ ਪੁਸਤਕਾਂ ਪੰਜਾਬੀ ਮਾਂ-ਬੋਲੀ ਦੀ ਝੋਲੀ ਪਾਉਣ ਵਾਲੇ ਕਵੀਸ਼ਰੀ ਦੇ ਬਾਦਸ਼ਾਹ ਜੋਗਾ ਸਿੰਘ ਜੋਗੀ ਨੂੰ ਭਾਸ਼ਾ ਵਿਭਾਗ ਵਲੋਂ ਸ਼੍ਰੋਮਣੀ ਕਵੀਸ਼ਰ ਦਾ ਐਵਾਰਡ ਮਿਲ ਚੁੱਕਾ ਹੈ। ਸੈਂਕੜੇ ਵੱਖ-ਵੱਖ ਸਮਾਜ ਸੇਵੀ, ਧਾਰਮਿਕ ਅਤੇ ਸਾਹਿਤਕ ਜਥੇਬੰਦੀਆਂ ਵਲੋਂ ਸਨਮਾਨੇ ਜਾ ਚੁੱਕੇ ਕਵੀਸ਼ਰ ਜੋਗੀ ਦਾ ਜਨਮ 1932 ‘ਚ ਪਿਤਾ ਜਵੰਦ ਸਿੰਘ ਦੇ ਗ੍ਰਹਿ, ਮਾਤਾ ਦਲੀਪ ਕੌਰ ਦੀ ਕੁੱਖੋਂ ਪਿੰਡ ਤੁਗਲਾਵਾਲ (ਗੁਰਦਾਸਪੁਰ) ਵਿਖੇ ਹੋਇਆ। ਬਾਪੂ ਬਲੀ ਸਿੰਘ ਗੰਡੀਵਾਲ ਦੇ ਸ਼ਾਗਿਰਦਾਂ ਦੀ ਦੁਨੀਆ ‘ਚੋਂ ਨਾਮਵਰ ਕਵੀਸ਼ਰ ਜੋਗੀ ਵੱਖ-ਵੱਖ ਸਮੇਂ ‘ਤੇ ਪੰਜਾਬੀ ਸੂਬੇ ਦੇ ਮੋਰਚੇ ਅਤੇ ਧਰਮ ਯੁੱਧ ਮੋਰਚਿਆਂ ‘ਚ ਜੇਲ੍ਹ ਯਾਤਰਾ ਵੀ ਕਰ ਚੁੱਕੇ ਹਨ ਅਤੇ ਦੇਸ਼-ਵਿਦੇਸ਼ ‘ਚ ਲਗਪਗ ਹਰ ਪੰਥਕ ਸਟੇਜ ‘ਤੇ ਉਨ੍ਹਾਂ ਦੀ ਪੂਰੀ ਚੜ੍ਹਾਈ ਸੀ।

Be the first to comment

Leave a Reply