ਇੰਦਰਪ੍ਰੀਤ ਸਿੰਘ ਚੱਢਾ ਨੇ ਖ਼ੁਦ ਨੂੰ ਗੋਲੀ ਮਾਰ ਕੇ ਕੀਤੀ ਜੀਵਨ ਲੀਲਾ ਸਮਾਪਤ

ਪਿਤਾ ਦੀ ਅਨੈਤਿਕ ਵੀਡੀਓ ਮਾਮਲੇ ਵਿੱਚ ਪੀੜਤ ਨੂੰ ਧਮਕੀਆਂ ਦੇ ਦੋਸ਼ੀ ਦੱਸੇ ਜਾਂਦੇ ਸਨ

ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ) ਪ੍ਰਬੰਧ ਹੇਠਲੀ ਇੱਕ ਸਕੂਲ ਦੀ ਪ੍ਰਿੰਸੀਪਲ ਨਾਲ ਅਨੈਤਿਕ ਹਰਕਤਾਂ ਕਾਰਣ ਚਰਚਾ ਵਿੱਚ ਆਏ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਚਰਨਜੀਤ ਸਿੰਘ ਚੱਢਾ ਦੇ ਪੁੱਤਰ ਇੰਦਰਪ੍ਰੀਤ ਸਿੰਘ ਚੱਢਾ ਨੇ ਅੱਜ ਖੁੱਦ ਨੂੰ ਗੋਲੀ ਮਾਰ ਕੇ ਜੀਵਨ ਲੀਲਾ ਸਮਾਪਤ ਕਰ ਲਈ ।ਇੰਦਰਪ੍ਰੀਤ ਸਿੰਘ ਚੱਢਾ ਉਪਰ ਦੋਸ਼ ਸਨ ਕਿ ਉਨਾਂ ਨੇ ਪੀੜਤ ਪ੍ਰਿੰਸੀਪਲ ਨੂੰ ਧਮਕੀਆਂ ਦਿੱਤੀਆਂ ਸਨ ਜਿਸਦੇ ਚਲਦਿਆਂ ਉਹ ਪੁਲਿਸ ਜਾਂਚ ਦਾ ਸਾਹਮਣਾ ਕਰ ਰਹੇ ਸਨ।ਪ੍ਰਾਪਤ ਜਾਣਕਾਰੀ ਅਨੁਸਾਰ ਇੰਦਰਪ੍ਰੀਤ ਸਿੰਘ ਚੱਢਾ ਨੇ ਬਾਅਦ ਦੁਪਿਹਰ ਆਪਣੀ ਗਰੀਨ ਐਵੇਨਿਊ ਸਥਿਤ ਕੋਠੀ ਵਿਖੇ ਸਿਰ ਵਿੱਚ ਗੋਲੀ ਮਾਰੀ ਸੀ ।

ਪ੍ਰੀਵਾਰ ਨੇ ਉਨਾਂ ਨੂੰ ਤੁਰੰਤ ਅਜਨਾਲਾ ਰੋਡ ਸਥਿਤ ਆਈ ਵੀ ਹਸਪਤਾਲ ਪੁਜਦਾ ਕੀਤਾ ਜਿਥੇ ਡਾਕਟਰਾਂ ਨੇ ਉਨਾਂ ਨੂੰ ‘ਮ੍ਰਿਤਕ ਲਿਆਂਦਾ’ਐਲਾਨ ਕਰ ਦਿੱਤਾ। ਜਿਕਰਯੋਗ ਹੈ ਕਿ ਇੰਦਰਪਰੀਤ ਸਿੰਘ ਚੱਢਾ ਚੀਫ ਖਾਲਸਾ ਦੀਵਾਨ ਦੇ ਮੀਤ ਪਰਧਾਨ ਵੀ ਸਨ ਜਿਨਾਂ ਦਾ ਨਾਮ ਵਿਵਾਦਤ ਵੀਡੀਓ ਮਾਮਲੇ ਨਾਲ ਜੁੜਨ ਕਾਰਣ ,ਦੀਵਾਨ ਦੇ ਕਾਰਜਕਾਰੀ ਪ੍ਰਧਾਨ ਦੀ ਅਗਵਾਈ ਹੇਠਲੀ ਇੱਕ ਕਮੇਟੀ ਨੇ ਦੀਵਾਨ ਦੇ ਅਹੁਦੇ ਤੇ ਮੁਢਲੀ ਮੈਂਬਰਸ਼ਿਪ ਤੋਂ ਫਾਰਗ ਕਰ ਦਿੱਤਾ ਸੀ ।ਇੰਦਰਪ੍ਰੀਤ ਸਿੰਘ ਚੱਢਾ ਨੇ ਗ੍ਰਿਫਤਾਰੀ ਤੋਂ ਬਚਣ ਲਈ ਅਦਾਲਤ ਦਾ ਸਹਾਰਾ ਲਿਆ ਸੀ ਤੇ ਉਹ ਜਮਾਨਤ ਤੇ ਸਨ।ਬੀਤੇ ਦਿਨੀ ਉਨਾਂ ਵਲੋਂ ਪੁਲਿਸ ਜਾਂਚ ਵਿੱਚ ਸ਼ਾਮਿਲ ਹੋਣ ਦੀ ਕਨਸੋਅ ਮਿਲੀ ਸੀ ਤੇ ਇਹ ਵੀ ਦੱਸਿਆ ਜਾ ਰਿਹਾ ਸੀ ਕਿ ਉਹ ਮੁੜ ਵੀ ਪੁਲਿਸ ਵਲੋਂ ਬੁਲਾਏ ਜਾ ਸਕਦੇ ਹਨ। ਉਧਰ ਪੁਲਿਸ ਨੇ ਚੱਢਾ ਮੌਤ ਮਾਮਲੇ ਵਿੱਚ ਅਧਿਕਾਰਤ ਤੌਰ ਤੇ ਕੁਝ ਵੀ ਕਹਿਣ ਤੋਂ ਗੁਰੇਜ ਕੀਤਾ ਹੈ।

Be the first to comment

Leave a Reply