ਅਰੁਣਿਮਾ ਸਿਨਹਾ ਨੂੰ ਮੰਦਰ ਅੰਦਰ ਜਾਣੋਂ ਰੋਕਿਆ ਕਿਉਂਕਿ ਉਸ ਨੇ ਸਾੜ੍ਹੀ ਨਹੀਂ ਪਾਈ ਸੀ : ਮੰਦਰ ਪ੍ਰਸ਼ਾਸਨ

ਉਜੈਨ,: ਉਜੈਨ ਦੇ ਪ੍ਰਸਿੱਧ ਮਹਾਕਾਲ ਮੰਦਰ ਦੇ ਪ੍ਰਸ਼ਾਸਨ ਨੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਦੋ ਦਿਨ ਪਹਿਲਾਂ ਮੰਦਰ ਵਿਚ ਦਰਸ਼ਨ ਕਰਨ ਆਈ ਮਾਊਂਟ ਐਵਰੈਸਟ ‘ਤੇ ਤਿਰੰਗਾ ਲਹਿਰਾਉਣ ਵਾਲੀ ਦੁਨੀਆਂ ਦੀ ਪਹਿਲੀ ਅੰਗਹੀਣ ਅਰੁਣਿਮਾ ਸਿਨਹਾ ਨੂੰ ਭਸਮਆਰਤੀ ਦੌਰਾਨ ਮੰਦਰ ਦੇ ਗਰਭਗ੍ਰਹਿ ਵਿਚ ਜਾਣ ਤੋਂ ਇਸ ਲਈ ਰੋਕ ਦਿਤਾ ਗਿਆ ਕਿਉਂਕਿ ਉਸ ਨੇ ਸਾੜ੍ਹੀ ਨਹੀਂ ਪਾਈ ਹੋਈ ਸੀ। ਇਥੇ ਨਿਯਮ ਬਣਾਇਆ ਹੋਇਆ ਹੈ ਜਿਸ ਤਹਿਤ ਔਰਤਾਂ ਨੂੰ ਸਾੜ੍ਹੀ ਪਾ ਕੇ ਅਤੇ ਮਰਦਾਂ ਨੂੰ ਧੋਤੀ ਲਾ ਕੇ ਅੰਦਰ ਜਾਣਾ ਪੈਂਦਾ ਹੈ, ਤਦ ਹੀ ਗਰਭਗ੍ਰਹਿ ਵਿਚ ਦਾਖ਼ਲੇ ਦੀ ਪ੍ਰਵਾਨਗੀ ਮਿਲਦੀ ਹੈ।

ਕੌਮੀ ਪੱਧਰ ਦੀ ਸਾਬਕਾ ਵਾਲੀਬਾਲ ਖਿਡਾਰਨ ਅਰੁਣਿਮਾ ਨੇ ਕਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੂੰ ਟਵਿਟਰ ‘ਤੇ ਲਿਖਿਆ ਸੀ, ‘ਮੈਨੂੰ ਐਵਰੈਸਟ ‘ਤੇ ਚੜ੍ਹਨ ਵਿਚ ਏਨੀ ਦਿੱਕਤ ਨਹੀਂ ਹੋਈ ਜਿੰਨੀ ਮਹਾਕਾਲ ਮੰਦਰ ਦੇ ਦਰਸ਼ਨ ਕਰਨ ਵਿਚ ਹੋਈ।’ ਉਸ ਨੇ ਇਹ ਵੀ ਕਿਹਾ ਸੀ ਕਿ ਇਸ ਮੰਦਰ ਦੇ ਕਰਮਚਾਰੀਆਂ ਅਤੇ ਮੰਦਰ ਪ੍ਰਸ਼ਾਸਨ ਨੇ ਉਸ ਦੀ ਅੰਗਹੀਣਤਾ ਦਾ ਮਜ਼ਾਕ ਉਡਾਇਆ। ਮੰਦਰ ਦੇ ਅਵਧੇਸ਼ ਸ਼ਰਮਾ ਨੇ ਦਸਿਆ, ‘ਅਰੁਣਿਮਾ ਐਤਵਾਰ ਨੂੰ ਸਵੇਰੇ ਸਾਢੇ ਚਾਰ ਵਜੇ ਮੰਦਰ ਵਿਚ ਆਈ। ਉਸ ਨੂੰ ਨੰਦੀ ਗ੍ਰਹਿ ਤਕ ਜਾਣ ਦਿਤਾ ਗਿਆ।’ ਸ਼ਰਮਾ ਨੇ ਦਸਿਆ ਕਿ ਗਰਭਗ੍ਰਹਿ ਵਿਚ ਜਾਣ ਲਈ ਭਸਮਆਰਤੀ ਸਮੇਂ ਡਰੈੱਸ ਕੋਡ ਲਾਗੂ ਹੈ। ਬਾਕੀ ਸਮੇਂ ਹਰ ਤਰ੍ਹਾਂ ਦੇ ਕਪੜੇ ਪਾ ਕੇ ਅੰਦਰ ਜਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਵਿਸ਼ੇਸ਼ ਸਮੇਂ ਦੌਰਾਨ ਅੰਦਰ ਜਾਣ ਲਈ ਭਗਤਾਂ ਨੂੰ ਪਹਿਲਾਂ ਹੀ ਬੁਕਿੰਗ ਕਰਵਾਉਣੀ ਪੈਂਦੀ ਹੈ ਪਰ ਅਰੁਣਿਮਾ ਨੇ ਪਹਿਲਾਂ ਕੋਈ ਜਾਣਕਾਰੀ ਨਹੀਂ ਦਿਤੀ ਸੀ।

Be the first to comment

Leave a Reply